ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਖ਼ਪਤਕਾਰਾਂ ਨੂੰ ਵੱਡਾ ਝਟਕਾ, 250 ਰੁਪਏ ਮਹਿੰਗਾ ਹੋਇਆ ਸਿਲੰਡਰ
Friday, Apr 01, 2022 - 05:26 PM (IST)
ਨਵੀਂ ਦਿੱਲੀ - ਨਵੇਂ ਵਿੱਤੀ ਸਾਲ ਦੇ ਪਹਿਲੇ ਮਹੀਨੇ ਅਪ੍ਰੈਲ ਦੇ ਦਿਨ ਗਾਹਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 250 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਵਿੱਚ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਦਾ LPG ਸਿਲੰਡਰ ਹੁਣ 2253 ਰੁਪਏ ਦਾ ਹੋ ਗਿਆ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। 10 ਦਿਨ ਪਹਿਲਾਂ ਇਸ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਕਮਰਸ਼ੀਅਲ ਸਿਲੰਡਰ ਮਹਿੰਗਾ ਹੋਣ ਕਾਰਨ ਹੁਣ ਬਾਹਰ ਦਾ ਖਾਣਾ ਮਹਿੰਗਾ ਹੋ ਸਕਦਾ ਹੈ।
ਦਿੱਲੀ 'ਚ 1 ਮਾਰਚ ਨੂੰ 19 ਕਿਲੋਗ੍ਰਾਮ ਦਾ ਕਮਰਸ਼ੀਅਲ ਸਿਲੰਡਰ 2012 ਰੁਪਏ 'ਚ ਰੀਫਿਲ ਕੀਤਾ ਜਾ ਰਿਹਾ ਸੀ। 22 ਮਾਰਚ ਨੂੰ ਇਸ ਦੀ ਕੀਮਤ 2003 ਰੁਪਏ 'ਤੇ ਆ ਗਈ ਸੀ। ਪਰ ਅੱਜ ਫਿਰ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਸ ਨੂੰ ਦਿੱਲੀ 'ਚ ਰੀਫਿਲ ਕਰਵਾਉਣ ਲਈ 2253 ਰੁਪਏ ਖਰਚ ਕਰਨੇ ਪੈਣਗੇ। ਉਥੇ ਹੀ ਮੁੰਬਈ 'ਚ ਹੁਣ ਇਹ 1955 ਰੁਪਏ ਦੀ ਬਜਾਏ 2205 ਰੁਪਏ 'ਚ ਮਿਲੇਗਾ। ਕੋਲਕਾਤਾ 'ਚ ਇਸ ਦੀ ਕੀਮਤ 2,087 ਰੁਪਏ ਤੋਂ ਵਧ ਕੇ 2351 ਰੁਪਏ ਹੋ ਗਈ ਹੈ, ਜਦਕਿ ਚੇਨਈ 'ਚ ਹੁਣ ਇਸ ਦੀ ਕੀਮਤ 2,138 ਰੁਪਏ ਦੀ ਬਜਾਏ 2,406 ਰੁਪਏ ਹੋਵੇਗੀ।
ਇਹ ਵੀ ਪੜ੍ਹੋ : ਹਾਈਵੇ 'ਤੇ ਸਫਰ ਕਰਨਾ ਹੋਇਆ ਮਹਿੰਗਾ, ਜਾਣੋ ਰਾਤ 12 ਵਜੇ ਤੋਂ ਕਿੰਨਾ ਵਧੇਗਾ ਟੋਲ ਰੇਟ
ਪਿਛਲੇ ਦੋ ਮਹੀਨਿਆਂ 'ਚ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 'ਚ 346 ਰੁਪਏ ਦਾ ਵਾਧਾ ਹੋਇਆ ਹੈ। 1 ਮਾਰਚ ਨੂੰ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 105 ਰੁਪਏ ਵਧੀ ਸੀ ਜਦੋਂਕਿ 22 ਮਾਰਚ ਨੂੰ 9 ਰੁਪਏ ਸਸਤਾ ਹੋ ਗਿਆ ਸੀ।
CNG-PNG ਵੀ ਹੋ ਸਕਦੀ ਹੈ ਮਹਿੰਗੀ
ਇਸ ਦੌਰਾਨ, ਗਲੋਬਲ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਚਕਾਰ ਸਰਕਾਰ ਨੇ ਘਰੇਲੂ ਤੌਰ 'ਤੇ ਪੈਦਾ ਹੋਣ ਵਾਲੀ ਕੁਦਰਤੀ ਗੈਸ ਦੀ ਕੀਮਤ ਦੁੱਗਣੀ ਤੋਂ ਵੱਧ ਕਰ ਦਿੱਤੀ ਹੈ। ਨਵੀਂ ਕੀਮਤ 1 ਅਪ੍ਰੈਲ ਤੋਂ 30 ਸਤੰਬਰ 2022 ਤੱਕ ਲਾਗੂ ਹੋਵੇਗੀ। ONGC ਅਤੇ ਆਇਲ ਇੰਡੀਆ ਦੇ ਰੈਗੂਲਰ ਫੀਲਡਾਂ ਤੋਂ ਪੈਦਾ ਹੋਣ ਵਾਲੀ ਗੈਸ ਦੀ ਕੀਮਤ ਮੌਜੂਦਾ 2.90 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ ਤੋਂ ਵਧਾ ਕੇ 6.10 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਮਹਿੰਗਾਈ ਭੱਤੇ ਦੀ ਦਰ ’ਚ ਕੀਤਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।