ਚੰਗੀ ਖ਼ਬਰ : ਕੋਰੋਨਾ ਦੀ ਇਸ ਸਵਦੇਸ਼ੀ ਵੈਕਸੀਨ ਦਾ ਜਾਨਵਰਾਂ 'ਤੇ ਸਫ਼ਲ ਪ੍ਰੀਖਣ
Saturday, Sep 12, 2020 - 04:29 PM (IST)
ਨਵੀਂ ਦਿੱਲੀ— ਕੋਰੋਨਾ ਵੈਕਸੀਨ ਨੂੰ ਲੈ ਕੇ ਚੰਗੀ ਖ਼ਬਰ ਹੈ। ਭਾਰਤੀ ਮੈਡੀਕਲ ਰਿਚਰਸ ਕੌਂਸਲ (ਆਈ. ਸੀ. ਐੱਮ. ਆਰ.) ਨਾਲ ਮਿਲ ਕੇ ਕੋਰੋਨਾ ਦੀ ਸਵਦੇਸ਼ੀ ਵੈਕਸੀਨ ''ਕੋਵੈਕਸਿਨ' ਬਣਾ ਰਹੀ ਭਾਰਤ ਬਾਇਓਟੈਕ ਨੇ ਵੈਕਸਿਨ ਦੇ ਜਾਨਵਰਾਂ 'ਤੇ ਪ੍ਰੀਖਣ ਸਫ਼ਲ ਹੋਣ ਦੀ ਜਾਣਕਾਰੀ ਦਿੱਤੀ ਹੈ।
ਕੰਪਨੀ ਵੱਲੋਂ ਟਵੀਟ 'ਚ ਕਿਹਾ ਗਿਆ ਹੈ ਕਿ, ''ਭਾਰਤ ਬਾਇਓਟੈਕ 'ਕੋਵੈਕਸਿਨ' ਦੇ ਜਾਨਵਰਾਂ 'ਤੇ ਕੀਤੇ ਟ੍ਰਾਇਲ ਦੇ ਨਤੀਜਿਆਂ ਦੀ ਮਾਣ ਨਾਲ ਘੋਸ਼ਣਾ ਕਰਦਾ ਹੈ। ਇਹ ਨਤੀਜੇ ਲਾਈਵ ਵਾਇਰਲ ਮਾਡਲ 'ਚ ਸੁਰੱਖਿਆ ਦੇ ਨੀਤੀਜਿਆਂ ਨੂੰ ਪ੍ਰਦਰਸ਼ਿਤ ਕਰਦੇ ਹਨ।''
ਭਾਰਤ ਬਾਇਓਟੈਕ ਨੇ ਕਿਹਾ ਕਿ 'ਕੋਵੈਕਸਿਨ' ਨੇ ਜਾਨਵਰਾਂ 'ਚ ਵਾਇਰਸ ਪ੍ਰਤੀ ਐਂਟੀਬਾਡੀ ਵਿਕਸਤ ਕੀਤੀ, ਯਾਨੀ ਲੈਬ ਤੋਂ ਇਲਾਵਾ ਜੀਵਤ ਸਰੀਰ 'ਚ ਇਹ ਵੈਕਸੀਨ ਕਾਰਗਰ ਰਹੀ, ਇਹ ਸਾਬਤ ਹੋ ਗਿਆ ਹੈ। ਇਸ ਵੈਕਸਿਨ ਦਾ ਭਾਰਤ 'ਚ ਵੱਖ-ਵੱਖ ਥਾਵਾਂ 'ਤੇ ਫੇਜ-1 ਕਲੀਨੀਕਲ ਟ੍ਰਾਇਲ ਹੋ ਚੁੱਕਾ ਹੈ। ਸੀ. ਡੀ. ਐੱਸ. ਸੀ. ਓ. ਨੇ ਇਸ ਮਹੀਨੇ ਭਾਰਤ ਬਾਇਓਟੈਕ ਨੂੰ ਫੇਜ-2 ਟ੍ਰਾਇਲ ਦੀ ਮਨਜ਼ੂਰੀ ਦਿੱਤੀ ਹੈ। ਭਾਰਤ 'ਚ ਬਣੀ ਕੋਰੋਨਾ ਵੈਕਸੀਨ 'ਕੋਵੈਕਸਿਨ' ਦਾ ਫੇਜ-1 ਟ੍ਰਾਇਲ 15 ਜੁਲਾਈ ਤੋਂ ਸ਼ੁਰੂ ਹੋਇਆ ਸੀ। ਕੋਵੈਕਸਿਨ ਦਾ ਸਾਰਾ ਵੇਰਵਾ ਆਈ. ਸੀ. ਐੱਮ. ਆਰ. ਨੂੰ ਭੇਜਿਆ ਜਾਵੇਗਾ, ਜਿੱਥੇ ਇਸ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਘੱਟੋ-ਘੱਟ 7 ਕੰਪਨੀਆਂ ਭਾਰਤ ਬਾਇਓਟੈਕ, ਜਾਇਡਸ ਕੈਡਿਲਾ, ਸੀਰਮ ਇੰਸਟੀਚਿਊਟ, ਮਾਈਨਵੈਕਸ ਪੈਨਸੀਆ ਬਾਇਓਟੈਕ, ਇੰਡੀਅਨ ਇਮਿਊਨੋਲੋਜੀਕਲਸ ਅਤੇ ਬਾਇਓਲੋਜੀਕਲ ਈ ਕੋਰੋਨਾ ਵਾਇਰਸ ਦੀਆਂ ਵੱਖ-ਵੱਖ ਵੈਕਸੀਨ 'ਤੇ ਕੰਮ ਕਰ ਰਹੀਆਂ ਹਨ।