BCL ਟੈੱਕ ਦੀ ਰੌਸ਼ਨੀ ਨਾਡਰ ਭਾਰਤ ਦੀ ਸਭ ਤੋਂ ਅਮੀਰ ਔਰਤ
Thursday, Jul 28, 2022 - 10:45 AM (IST)
 
            
            ਨਵੀਂ ਦਿੱਲੀ–ਐੱਚ. ਸੀ. ਐੱਲ. ਤਕਨਾਲੋਜਿਜ਼ ਦੀ ਚੇਅਰਪਰਸਨ ਰੌਸ਼ਨੀ ਨਾਡਰ ਮਲਹੋਤਰਾ 84,330 ਕਰੋੜ ਰੁਪਏ ਦੀ ਜਾਇਦਾਦ ਨਾਲ ਭਾਰਤ ਦੀ ਸਭ ਤੋਂ ਅਮੀਰ ਔਰਤ ਹੈ। 31 ਦਸੰਬਰ 2021 ਨੂੰ ਔਰਤਾਂ ਦੀ ਨੈੱਟ ਵਰਥ ਦੇ ਆਧਾਰ ’ਤੇ ਤਿਆਰ ਕੀਤੀ ਗਈ ‘ਕੋਟਕ ਪ੍ਰਾਈਵੇਟ ਬੈਂਕਿੰਗ ਹੁਰੂਨ-ਲੀਡਿੰਗ ਵੈਲਥ ਵੂਮੈਨ ਲਿਸਟ’ ਦੇ ਤੀਜੇ ਐਡੀਸ਼ਨ ਮੁਤਾਬਕ ਉਨ੍ਹਾਂ ਨੂੰ ਲਗਾਤਾਰ ਦੂਜੇ ਸਾਲ ਇਸ ਪੋਜੀਸ਼ਨ ’ਤੇ ਕਬਜ਼ਾ ਬਰਕਰਾਰ ਰੱਖਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨਾਇਕਾ ਦੀ ਫਾਲਗੁਨੀ ਨਾਇਰ ਬਾਇਓਕਾਨ ਦੀ ਕਿਰਨ ਮਜੂਮਦਾਰ-ਸ਼ਾ ਨੂੰ ਪਿੱਛੇ ਛੱਡਦੇ ਹੋਏ 57,520 ਕਰੋੜ ਰੁਪਏ ਦੀ ਜਾਇਦਾਦ ਨਾਲ ਭਾਰਤ ਦੀ ਸਭ ਤੋਂ ਅਮੀਰ ਸੈਲਫ-ਮੇਡ ਔਰਤ ਬਣ ਗਈ ਹੈ।
ਇਕ ਰਿਪੋਰਟ ਮੁਤਾਬਕ ਭਾਰਤ ਦੀਆਂ ਸਭ ਤੋਂ ਅਮੀਰ ਔਰਤਾਂ ਦੇ 2021 ਦੇ ਐਡੀਸ਼ਨ ’ਚ ਵਿਸ਼ੇਸ਼ ਤੌਰ ’ਤੇ ਉਨ੍ਹਾਂ ਔਰਤਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਖੁਦ ਨੂੰ ਕਾਰਪੋਰੇਟ ਜਗਤ ਦੇ ਉੱਚ ਅਹੁਦਿਆਂ ਦੇ ਸਥਾਪਿਤ ਕੀਤਾ ਹੈ। 25 ਨਵੇਂ ਚਿਹਰਿਆਂ ਨੇ ਇਸ ਸੂਚੀ ’ਚ ਥਾਂ ਬਣਾਈ ਹੈ, ਜਿਸ ਨੇ 2020 ’ਚ 100 ਕਰੋੜ ਰੁਪਏ ਦੇ ਮੁਕਾਬਲੇ 2021 ’ਚ ਕਟ-ਆਫ ਦੇ ਤੌਰ ’ਤੇ 300 ਕਰੋੜ ਰੁਪਏ ਲਏ ਹਨ।
ਅਮੀਰ ਔਰਤਾਂ ਦੇ ਖੇਤਰਾਂ ਦਾ ਵਿਸ਼ਲੇਸ਼ਣ ਕਰਨ ’ਤੇ ਦੇਖਿਆ ਗਿਆ ਕਿ ਫਾਰਮਾਸਿਊਟੀਕਲਸ ਨਾਲ 12 ਔਰਤਾਂ ਜੁੜੀਆਂ ਹੋਈਆਂ ਹਨ। ਇਸ ਤੋਂ ਬਾਅਦ 11 ਦਾ ਸਬੰਧ ਹੈਲਥਕੇਅਰ ਅਤੇ 9 ਔਰਤਾਂ ਦਾ ਲਿੰਕ ਖਪਤਕਾਰ ਸਾਮਾਨ ਦੇ ਨਾਲ ਹੈ। ਲੋਕੇਸ਼ਨ ਦੇ ਆਧਾਰ ’ਤੇ ਗੱਲ ਕਰੀਏ ਤਾਂ 25 ਮਹਿਲਾ ਉੱਦਮੀ ਦਿੱਲੀ-ਐੱਨ. ਸੀ. ਆਰ. ’ਚ ਰਹਿੰਦੀਆਂ ਹਨ। ਦਿੱਲੀ-ਐੱਨ. ਸੀ. ਆਰ. ਨੇ ਰਿਹਾਇਸ਼ ਦੇ ਪਸੰਦੀਦਾ ਸ਼ਹਿਰ ਵਜੋਂ ਮੁੰਬਈ ਨੂੰ ਪਿੱਛੇ ਛੱਡ ਦਿੱਤਾ ਹੈ।
ਕਨਿਕਾ ਟੇਕਰੀਵਾਲ ਸਭ ਤੋਂ ਘੱਟ ਉਮਰ ਦੀ ਸੈਲਫ ਮੇਡ ਔਰਤ
ਰਿਪੋਰਟ ’ਚ ਇਸ ਗੱਲ ਦਾ ਜ਼ਿਕਰ ਮੁੱਖ ਤੌਰ ’ਤੇ ਕੀਤਾ ਗਿਆ ਹੈ 2021 ’ਚ ਔਰਤਾਂ ਦੀ ਔਸਤ ਜਾਇਦਾਦ ਵਧ ਕੇ 4,170 ਕਰੋੜ ਰੁਪਏ ਹੋ ਗਈ ਜਦ ਕਿ ਪਿਛਲੇ ਐਡੀਸ਼ਨ ’ਚ ਇਹ 2,725 ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਜੇਟਸੇਟਗੋ ਦੀ 33 ਸਾਲਾਂ ਕਨਿਕਾ ਟੇਕਰੀਵਾਲ ਲਿਸਟ ’ਚ ਸਭ ਤੋਂ ਘੱਟ ਉਮਰ ਦੀ ਸੈਲਫ ਮੇਡ ਅਮੀਰ ਔਰਤ ਹੈ। ਇਨ੍ਹਾਂ ਅਮੀਰ ਔਰਤਾਂ ਦੀ ਉਮਰ ਬਾਰੇ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸੂਚੀ ’ਚ ਔਰਤਾਂ ਦੀ ਮੌਜੂਦਾ ਔਸਤ ਉਮਰ ਪਿਛਲੀ ਸੂਚੀ ਦੀ ਤੁਲਨਾ ’ਚ 55 ਸਾਲ ਤੱਕ ਵਧ ਗਈ ਹੈ। 40 ਸਾਲ ਜਾਂ ਉਸ ਤੋਂ ਘੱਟ ਉਮਰ ਦੀਆਂ 20 ’ਚੋਂ 9 ਔਰਤਾਂ ਸੈਲਫ-ਮੇਡ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            