ਬਾਸਮਤੀ ਬਰਾਮਦ ਨੂੰ ਲੱਗਾ ਝਟਕਾ, ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਨੁਕਸਾਨ!

08/10/2018 4:44:00 PM

ਨਵੀਂ ਦਿੱਲੀ— ਈਰਾਨ ਦੇ ਬਾਸਮਤੀ ਖਰੀਦਦਾਰਾਂ ਨੇ ਭਾਰਤ ਦੇ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ, ਜਿਸ ਦਾ ਨੁਕਸਾਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਝੱਲਣਾ ਪੈ ਸਕਦਾ ਹੈ। ਦਰਅਸਲ, ਭਾਰਤ ਦੇ ਕੁਝ ਨਿੱਜੀ ਬਾਸਮਤੀ ਬ੍ਰਾਂਡਜ਼ ਨੇ ਈਰਾਨ ਨੂੰ ਜੋ ਬਾਸਮਤੀ ਚੋਲ ਬਰਾਮਦ ਕੀਤੇ ਸਨ ਉਸ ਦੀ ਪੇਮੈਂਟ ਹੁਣ ਤਕ ਨਹੀਂ ਮਿਲੀ ਹੈ। ਇਹ ਪੇਮੈਂਟ ਤਕਰੀਬਨ 500 ਕਰੋੜ ਰੁਪਏ ਦੀ ਹੈ, ਜੋ ਈਰਾਨ ਵੱਲ ਫਸ ਗਈ ਹੈ। ਇਸ ਵਜ੍ਹਾ ਨਾਲ ਬਾਸਮਤੀ ਚੋਲ ਬਰਾਮਦ (ਐਕਸਪੋਰਟ) ਕਰਨ ਵਾਲੀਆਂ ਕੰਪਨੀਆਂ ਦੇ ਹੱਥ ਖੜ੍ਹੇ ਹੋ ਗਏ ਹਨ ਅਤੇ ਚਾਲੂ ਮਾਲੀ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ ਭਾਰਤ ਦੇ ਬਾਸਮਤੀ ਚੋਲ ਬਰਾਮਦ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਾਲ ਅਪ੍ਰੈਲ-ਜੂਨ ਤਿਮਾਹੀ 'ਚ ਭਾਰਤ ਦਾ ਬਾਸਮਤੀ ਚੋਲ ਐਕਸਪੋਰਟ 7.2 ਫੀਸਦੀ ਘਟ ਕੇ 11.7 ਲੱਖ ਟਨ ਰਿਹਾ, ਜਦੋਂ ਕਿ ਪਿਛਲੇ ਸਾਲ ਇਸ ਦੌਰਾਨ ਇਹ 12.6 ਲੱਖ ਟਨ ਸੀ। ਈਰਾਨ ਭਾਰਤ ਦੇ ਬ੍ਰਾਂਡਿਡ ਅਤੇ ਗੈਰ-ਬ੍ਰਾਂਡਿਡ ਬਾਸਮਤੀ ਚੋਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜੂਨ ਤਿਮਾਹੀ 'ਚ ਭਾਰਤ ਦੇ ਕੁੱਲ ਬਾਸਮਤੀ ਐਕਸਪੋਰਟ 'ਚ ਈਰਾਨ ਦਾ ਯੋਗਦਾਨ 36 ਫੀਸਦੀ ਸੀ।

ਬਰਾਮਦ ਘਟਣ ਦਾ ਮਤਲਬ ਹੈ ਕਿ ਭਾਰਤ ਆਪਣਾ ਪਹਿਲਾ ਸਟਾਕ ਹੀ ਨਹੀਂ ਕੱਢ ਸਕੇਗਾ ਅਤੇ ਉਧਰ ਨਵੀਂ ਫਸਲ ਆਉਣ ਨਾਲ ਦੇਸ਼ 'ਚ ਸਪਲਾਈ ਹੋਰ ਵਧ ਜਾਵੇਗੀ, ਨਤੀਜੇ ਵਜੋਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੇਗੀ। ਪੰਜਾਬ 'ਚ ਬਾਸਮਤੀ ਦੀ ਸਭ ਤੋਂ ਵਧ ਪੈਦਾਵਾਰ ਮਾਝਾ 'ਚ ਹੁੰਦੀ ਹੈ, ਜਦੋਂ ਕਿ ਕੁਝ ਹੱਦ ਤਕ ਬਾਕੀ ਹਿੱਸਿਆਂ 'ਚ ਵੀ ਇਸ ਦੀ ਬਿਜਾਈ ਕੀਤੀ ਜਾਂਦੀ ਹੈ। ਬਾਸਮਤੀ ਦੇ ਰੇਟ ਘਟਣ ਦਾ ਅਸਰ ਗੈਰ ਬਾਸਮਤੀ ਚੋਲਾਂ 'ਤੇ ਵੀ ਦੇਖਣ ਨੂੰ ਮਿਲ ਸਕਦਾ ਹੈ, ਜਿਸ ਕਾਰਨ ਕਿਸਾਨਾਂ ਦੇ ਹੱਥ ਨਿਰਾਸ਼ਾ ਲੱਗ ਸਕਦੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਝੋਨੇ ਦੇ ਐੱਮ. ਐੱਸ. ਪੀ. 'ਚ 200 ਰੁਪਏ ਤਕ ਦਾ ਵਾਧਾ ਕੀਤਾ ਹੈ। ਜੇਕਰ ਬਾਸਮਤੀ ਦੇ ਰੇਟ ਡਿੱਗਣ ਦਾ ਅਸਰ ਸਰਕਾਰ ਵੱਲੋਂ ਐਲਾਨ ਦੂਜੀ ਕਿਸਮ ਦੇ ਝੋਨੇ 'ਤੇ ਪੈਂਦਾ ਹੈ ਤਾਂ ਬਾਜ਼ਾਰ 'ਚ ਇਨ੍ਹਾਂ ਦੇ ਰੇਟ ਐੱਮ. ਐੱਸ. ਪੀ. ਦੇ ਹੇਠਾਂ ਰਹਿ ਸਕਦੇ ਹਨ। 2018-19 ਦੇ ਸੀਜ਼ਨ ਲਈ ਸਰਕਾਰ ਨੇ ਝੋਨੇ ਦਾ ਖਰੀਦ ਮੁੱਲ 1,550 ਰੁਪਏ ਤੋਂ ਵਧਾ ਕੇ 1,750 ਰੁਪਏ ਕੀਤਾ ਹੈ, ਜਦੋਂ ਕਿ ਗਰੇਡ 'ਏ' ਝੋਨੇ ਦਾ ਐੱਮ.ਐੱਸ.ਪੀ. 1,770 ਹੈ।


Related News