ਅਪ੍ਰੈਲ-ਅਕਤੂਬਰ ’ਚ ਬਾਸਮਤੀ, ਗੈਰ-ਬਾਸਮਤੀ ਚੌਲਾਂ ਦਾ ਐਕਸਪੋਰਟ 7.37 ਫੀਸਦੀ ਵਧ ਕੇ 127 ਲੱਖ ਟਨ ’ਤੇ
Thursday, Dec 29, 2022 - 11:08 AM (IST)
ਨਵੀਂ ਦਿੱਲੀ–ਐਕਸਪੋਰਟ ਦੀ ਖੇਪ ’ਤੇ ਰੋਕ ਦੇ ਬਾਵਜੂਦ ਭਾਰਤ ਦੇ ਖੁਸ਼ਬੂਦਾਰ ਬਾਸਮਤੀ ਅਤੇ ਗੈਰ-ਬਾਸਮਤੀ ਚੌਲਾਂ ਦਾ ਐਕਸਪੋਰਟ ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨੇ (ਅਪ੍ਰੈਲ-ਅਕਤੂਬਰ) ਵਿਚ 7.37 ਫੀਸਦੀ ਵਧ ਕੇ 126.97 ਲੱਖ ਟਨ ਹੋ ਗਿਆ। ਉਦਯੋਗ ਜਗਤ ਦੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ ਐਕਸਪੋਰਟ 118.25 ਲੱਖ ਟਨ ਰਿਹਾ ਸੀ।
ਆਲ ਇੰਡੀਆ ਐਕਸਪੋਰਟਰਸ ਐਸੋਸੀਏਸ਼ਨ ਦੇ ਸਾਬਕਾ ਮੁਖੀ ਵਿਜੇ ਸੇਤੀਆ ਨੇ ਕਿਹਾ ਕਿ ਚੌਲਾਂ ਦੀਆਂ ਕੁੱਝ ਕਿਸਮਾਂ ਦੇ ਐਕਸਪੋਰਟ ’ਤੇ ਰੋਕ ਦੇ ਬਾਵਜੂਦ ਕੁੱਲ ਐਕਸਪੋਰਟ ਦਾ ਪੱਧਰ ਹੁਣ ਤੱਕ ਮਜ਼ਬੂਤ ਬਣਿਆ ਹੋਇਆ ਹੈ। ਕੁੱਲ ਐਕਸਪੋਰਟ ’ਚ ਬਾਸਮਤੀ ਚੌਲਾਂ ਦਾ ਐਕਸਪੋਰਟ 2022-23 ਦੀ ਅਪ੍ਰੈਲ-ਅਕਤੂਬਰ ਮਿਆਦ ਦੌਰਾਨ ਵਧ ਕੇ 24.97 ਲੱਖ ਟਨ ਹੋ ਗਿਆ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 21.59 ਲੱਖ ਟਨ ਸੀ। ਸੇਤੀਆ ਨੇ ਕਿਹਾ ਕਿ ਸਮੀਖਿਆ ਅਧੀਨ ਮਿਆਦ ਦੌਰਾਨ ਗੈਰ-ਬਾਸਮਤੀ ਚੌਲਾਂ ਦਾ ਐਕਸਪੋਰਟ ਪਹਿਲਾਂ ਦੇ 96.66 ਲੱਖ ਟਨ ਤੋਂ ਵਧ ਕੇ ਇਸ ਵਾਰ 102 ਲੱਖ ਟਨ ਹੋ ਗਿਆ। ਬਾਸਮਤੀ ਚੌਲਾਂ ਨੂੰ ਮੁੱਖ ਤੌਰ ’ਤੇ ਅਮਰੀਕਾ, ਯੂਰਪ ਅਤੇ ਸਾਊਦੀ ਅਰਬ ਦੇ ਰਵਾਇਤੀ ਬਾਜ਼ਾਰਾਂ ’ਚ ਭੇਜਿਆ ਗਿਆ ਜਦ ਕਿ ਗੈਰ-ਬਾਸਮਤੀ ਚੌਲਾਂ ਦਾ ਐਕਸਪੋਰਟ ਵੱਡੇ ਪੈਮਾਨੇ ’ਤੇ ਅਫਰੀਕੀ ਦੇਸ਼ਾਂ ਨੂੰ ਕੀਤਾ ਜਾਂਦਾ ਹੈ।
ਸਤੰਬਰ ’ਚ ਚੌਲਾਂ ਦੀ ਘਰੇਲੂ ਉਪਲਬਧਤਾ ਨੂੰ ਵਧਾਉਣ ਅਤੇ ਕੀਮਤਾਂ ’ਚ ਵਾਧੇ ਨੂੰ ਰੋਕਣ ਲਈ ਸਰਕਾਰ ਨੇ ਟੁੱਟੇ ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ ਸੀ ਅਤੇ ਗੈਰ-ਬਾਸਮੀਤ ਚੌਲਾਂ ਦਾ ਐਕਸਪੋਰਟ ਪ੍ਰਭਾਵਿਤ ਨਹੀਂ ਹੋਇਆ ਹੈ। ਐਕਸਪੋਰਟ ਦਾ ਪੱਧਰ ਮਜ਼ਬੂਤ ਰਿਹਾ। ਸਰਕਾਰ ਨੇ ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਲਗਾ ਦਿੱਤੀ ਤਾਂ ਕਿ ਉਤਪਾਦਨ ’ਚ ਸੰਭਾਵਿਤ ਗਿਰਾਵਟ ਕਾਰਨ ਕੀਮਤਾਂ ’ਚ ਵਾਧੇ ’ਤੇ ਰੋਕ ਲਗਾਈ ਜਾ ਸਕੇ। ਖੇਤੀਬਾੜੀ ਮੰਤਰਾਲਾ ਦੇ ਪਹਿਲੇ ਅਨੁਮਾਨ ਮੁਤਾਬਕ ਫਸਲ ਸਾਲ 2022-23 (ਜੁਲਾਈ-ਜੂਨ) ਦੇ ਸਾਉਣੀ ਸੀਜ਼ਨ ’ਚ ਝੋਨੇ ਦਾ ਉਤਪਾਦਨ ਘਟ ਕੇ 10 ਕਰੋੜ 49.9 ਲੱਖ ਟਨ ਰਹਿ ਗਿਆ ਜੋ ਪਿਛਲੇ ਸਾਉਣੀ ਸੀਜ਼ਨ ’ਚ 11 ਕਰੋੜ 17.6 ਲੱਖ ਟਨ ਦਾ ਹੋਇਆ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।