ਲਾਕਡਾਊਨ ਦੀ ਮਿਆਦ ਵਧਣ ਨਾਲ ਅਰਥਵਿਵਸਥਾ ਨੂੰ 234.4 ਅਰਬ ਡਾਲਰ ਦਾ ਨੁਕਸਾਨ : ਬਾਰਕਲੇਜ
Tuesday, Apr 14, 2020 - 08:21 PM (IST)
ਮੁੰਬਈ (ਭਾਸ਼ਾ)-ਬ੍ਰਿਟਿਸ਼ ਬ੍ਰੋਕਰੇਜ ਫਰਮ ਬਾਰਕਲੇਜ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਦੇਸ਼ਵਿਆਪੀ ਲਾਕਡਾਊਨ ਨੂੰ 3 ਮਈ ਤਕ ਵਧਾਉਣ ਨਾਲ 234.4 ਅਰਬ ਅਮਰੀਕੀ ਡਾਲਰ ਦਾ ਅਾਰਥਿਕ ਨੁਕਸਾਨ ਹੋਵੇਗਾ ਅਤੇ ਇਸ ਕਾਰਣ ਕੈਲੰਡਰ ਸਾਲ 2020 ’ਚ ਜੀ. ਡੀ. ਪੀ. ਬਿਨਾਂ ਕਿਸੇ ਉਤਾਰ-ਚੜ੍ਹਾਅ ਦੇ ਸਥਿਰ ਰਹਿ ਸਕਦੀ ਹੈ। ਬਾਰਕਲੇਜ ਨੇ ਇਕ ਟਿੱਪਣੀ ’ਚ ਕਿਹਾ ਕਿ ਅਾਰਥਿਕ ਵਾਧਾ ਕੈਲੰਡਰ ਸਾਲ 2020 ਲਈ ਜ਼ੀਰੋ ਹੋਵੇਗਾ ਅਤੇ ਵਿੱਤੀ ਸਾਲ ਦੇ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ 2020-21 ’ਚ ਇਸ ’ਚ 0.8 ਫੀਸਦੀ ਦਾ ਵਾਧਾ ਹੀ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਹਫਤਿਆਂ ਲਈ ਲਾਕਡਾਊਨ ਨੂੰ ਵਧਾਉਣ ਦਾ ਐਲਾਨ ਕੀਤਾ, ਜੋ ਹੁਣ 3 ਮਈ ਤਕ ਲਾਗੂ ਹੋਵੇਗਾ। ਉਨ੍ਹਾਂ ਕੋਰੋਨਾ ਵਾਇਰਸ ਤੋਂ ਬਚੇ ਰਹਿਣ ਵਾਲੇ ਖੇਤਰਾਂ ਨੂੰ 20 ਅਪ੍ਰੈਲ ਤੋਂ ਕੁਝ ਰਾਹਤ ਦੇਣ ਦਾ ਸੰਕੇਤ ਦਿੱਤਾ ਪਰ ਕਿਹਾ ਕਿ ਇਹ ਛੋਟ ਸਖਤ ਨਿਗਰਾਨੀ ’ਤੇ ਆਧਾਰਿਤ ਹੋਵੇਗੀ।