ਬੈਂਕ ਔਰਤਾਂ ਨੂੰ ਜ਼ਿਆਦਾ ਗਿਣਤੀ ’ਚ ਰੋਜ਼ਗਾਰ ਮੁਹੱਈਆ ਕਰਵਾਉਣ : RBI ਗਵਰਨਰ

Thursday, Sep 05, 2024 - 05:55 PM (IST)

ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਕਿਹਾ ਕਿ ਵਿੱਤੀ ਖੇਤਰ ਔਰਤਾਂ ਨੂੰ ਜ਼ਿਆਦਾ ਰੋਜ਼ਗਾਰ ਦੇ ਮੌਕੇ ਦੇ ਕੇ ਅਤੇ ਮਹਿਲਾ-ਸੰਚਾਲਿਤ ਉਦਮਾਂ ਲਈ ਖਾਸ ਯੋਜਨਾਵਾਂ ਲਿਆ ਕੇ ਮਹਿਲਾ-ਪੁਰਸ਼ ਅਸਮਾਨਤਾ ਨੂੰ ਘਟ ਕਰਨ ’ਚ ਮਦਦ ਕਰ ਸਕਦੇ ਹਨ।

ਦਾਸ ਨੇ ਇਥੇ ਇੰਡੀਅਨ ਬੈਂਕ ਐਸੋਸੀਏਸ਼ਨ ਅਤੇ ਫਿੱਕੀ ਦੇ ਇਕ ਸਾਂਝੇ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਿਕਸਿਤ ਭਾਰਤ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਹਰ ਨਾਗਰਿਕ ਦੀ ਸਮਾਜਿਕ-ਆਰਥਿਕ ਸਥਿਤੀ ਤੋਂ ਪਰੇ ਵਿੱਤੀ ਸੇਵਾਵਾਂ ਤਕ ਪਹੁੰਚ ਹੋਵੇ ਅਤੇ ਉਸ ਨੂੰ ਜ਼ਰੂਰੀ ਵਿੱਤੀ ਸਾਖਰਤਾ ਵੀ ਹਾਸਲ ਹੋਵੇ।

ਉਨ੍ਹਾਂ ਕਿਹਾ ਕਿ ਭਾਰਤ ’ਚ ਔਰਤਾਂ ਦੀ ਕਿਰਤ ਬੱਲ ’ਚ ਹਿੱਸੇਦਾਰੀ ਕੌਮਾਂਤਰੀ ਔਸਤ ਦੀ ਤੁਲਨਾ ’ਚ ਕਾਫੀ ਘਟ ਹੈ। ਇਸ ਫਾਸਲੇ ਨੂੰ ਘਟ ਕਰਨ ਲਈ ਲੜਕੀਆਂ ਦੀ ਸਿੱਖਿਆ, ਕੌਸ਼ਲ ਵਿਕਾਸ, ਕੰਮ ਵਾਲੀ ਥਾਂ ’ਤੇ ਸੁਰੱਖਿਆ ਅਤੇ ਸਮਾਜਿਕ ਰੁਕਾਵਟਾਂ ਦੂਰ ਕਰਨ ਦੀ ਦਿਸ਼ਾ ’ਚ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਸੂਖਮ, ਲਘੂ ਅਤੇ ਦਰਮਿਆਨੀਆਂ ਇਕਾਈਆਂ (ਐੱਮ. ਐੱਸ. ਐੱਮ. ਆਈ.) ਦਾ 5ਵਾਂ ਹਿੱਸਾ ਔਰਤਾਂ ਦੇ ਕੰਟਰੋਲ ’ਚ ਹੋਣ ਦੇ ਬਾਵਜੂਦ ਮਹਿਲਾ ਉਦਮੀਆਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦਾਸ ਨੇ ਕਿਹਾ,‘‘ਵਿੱਤੀ ਖੇਤਰ ਨੂੰ ਮਹਿਲਾ-ਪੁਰਸ਼ ਅਸਮਾਨਤਾ ਨੂੰ ਘਟ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ। ਮਦਦਗਾਰ ਨੀਤੀਆਂ ਲਿਆ ਕੇ, ਔਰਤਾਂ ਲਈ ਖਾਸ ਵਿੱਤੀ ਉਤਪਾਦ ਪੇਸ਼ ਕਰ ਕੇ ਅਤੇ ਵਿੱਤੀ ਟੈਕਨਾਲੋਜੀ ਨਵੀਨਤਾ ਦੇ ਸਹਾਰੇ ਵਿੱਤੀ ਪਹੁੰਚ ਨੂੰ ਆਸਾਨ ਬਣਾ ਕੇ ਅਜਿਹਾ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਵਿੱਤੀ ਸੰਸਥਾਨਾਂ ’ਚ ਜ਼ਿਆਦਾ ਔਰਤਾਂ ਨੂੰ ਰੋਜ਼ਗਾਰ ਦੇ ਕੇ ਅਤੇ ਮਹਿਲਾ-ਸੰਚਾਲਿਤ ਉਦਮਾਂ ਲਈ ਖਾਸ ਤੌਰ ’ਤੇ ਤਿਆਰ ਵਿੱਤੀ ਉਤਪਾਦ ਲਿਆ ਕੇ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਬੈਂਕਾਂ ਨੂੰ ਜ਼ਿਆਦਾ ਗਿਣਤੀ ’ਚ ‘ਬੈਂਕ ਸਖੀਆਂ’ ਨੂੰ ਆਪਣੇ ਨਾਲ ਜੋੜਨ ਦਾ ਸੁਝਾਅ ਵੀ ਦਿੱਤਾ।


Harinder Kaur

Content Editor

Related News