''ਬੈਂਕਾਂ ਦਾ ਮਜ਼ਬੂਤ ਪ੍ਰਦਰਸ਼ਨ, NPA ਕਈ ਦਹਾਕਿਆਂ ਦੇ ਹੇਠਲੇ ਪੱਧਰ ’ਤੇ''

Tuesday, Dec 30, 2025 - 11:27 AM (IST)

''ਬੈਂਕਾਂ ਦਾ ਮਜ਼ਬੂਤ ਪ੍ਰਦਰਸ਼ਨ, NPA ਕਈ ਦਹਾਕਿਆਂ ਦੇ ਹੇਠਲੇ ਪੱਧਰ ’ਤੇ''

ਮੁੰਬਈ (ਭਾਸ਼ਾ) - ਭਾਰਤੀ ਬੈਂਕਿੰਗ ਖੇਤਰ ਨੇ ਮਾਲੀ ਸਾਲ 2024-25 ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਰਿਪੋਰਟ ਅਨੁਸਾਰ, ਮਾਰਚ 2025 ਦੇ ਅੰਤ ਤੱਕ ਵਪਾਰਕ ਬੈਂਕਾਂ ਦਾ ਕੁੱਲ ਗੈਰ-ਕਾਰਗੁਜ਼ਾਰੀ ਵਾਲੀਆਂ ਜਾਇਦਾਦਾਂ (ਜੀ. ਐੱਨ. ਪੀ. ਏ.) ਦਾ ਅਨੁਪਾਤ ਘਟ ਕੇ 2.2 ਫ਼ੀਸਦੀ ਰਹਿ ਗਿਆ, ਜੋ ਕਈ ਦਹਾਕਿਆਂ ਦਾ ਹੇਠਲਾ ਪੱਧਰ ਹੈ। ਇਸ ਨਾਲ ਬੈਂਕਿੰਗ ਪ੍ਰਣਾਲੀ ਦੀ ਮਜ਼ਬੂਤ ਸਥਿਤੀ ਦਾ ਸੰਕੇਤ ਮਿਲਦਾ ਹੈ।

ਇਹ ਵੀ ਪੜ੍ਹੋ :     1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ

ਆਰ. ਬੀ. ਆਈ. ਦੀ ‘ਭਾਰਤ ’ਚ ਬੈਂਕਿੰਗ ਦੇ ਰੁਝਾਨ ਅਤੇ ਤਰੱਕੀ 2024-25’ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੂਰੇ ਸਾਲ ਬੈਂਕਿੰਗ ਸੈਕਟਰ ਮਜ਼ਬੂਤ ਬਣਿਆ ਰਿਹਾ। ਬਿਹਤਰ ਜਾਇਦਾਦ ਗੁਣਵੱਤਾ, ਮਜ਼ਬੂਤ ਬੈਲੇਂਸ ਸ਼ੀਟ ਅਤੇ ਲਗਾਤਾਰ ਮੁਨਾਫੇ ਨੇ ਇਸ ਮਜ਼ਬੂਤੀ ਨੂੰ ਸਹਾਰਾ ਦਿੱਤਾ। ਕਰਜ਼ਾ ਅਤੇ ਜਮ੍ਹਾ ਵਿਚਾਲੇ ਦਹਾਈ ਅੰਕਾਂ ਦਾ ਵਾਧਾ ਬਣਿਆ ਰਿਹਾ, ਹਾਲਾਂਕਿ ਇਸ ਦੀ ਰਫ਼ਤਾਰ ’ਚ ਕੁਝ ਨਰਮੀ ਵੇਖੀ ਗਈ।

ਪੂੰਜੀ ਅਤੇ ਨਕਦੀ ਬਫਰ ਸੁਰੱਖਿਅਤ ਪੱਧਰ ’ਤੇ

ਰਿਪੋਰਟ ਮੁਤਾਬਕ, ਸਾਰੇ ਬੈਂਕ ਸਮੂਹਾਂ ਕੋਲ ਪੂੰਜੀ ਅਤੇ ਨਕਦੀ ਬਫਰ ਰੈਗੂਲੇਟਰੀ ਜ਼ਰੂਰਤਾਂ ਤੋਂ ਕਾਫ਼ੀ ਉੱਤੇ ਬਣੇ ਰਹੇ। ਆਰ. ਬੀ. ਆਈ. ਨੇ ਕਿਹਾ ਕਿ ਬੈਂਕਿੰਗ ਖੇਤਰ ਦੀ ਮਜ਼ਬੂਤ ਬੁਨਿਆਦ ਜੋਖਮਾਂ ਦੇ ਖਿਲਾਫ ਇਕ ਸੁਰੱਖਿਆ ਕਵਚ ਦਾ ਕੰਮ ਕਰ ਰਹੀ ਹੈ, ਜਿਸ ਨਾਲ ਅਰਥਵਿਵਸਥਾ ’ਚ ਲਗਾਤਾਰ ਕਰਜ਼ਾ ਪਰਵਾਹ ਲਈ ਅਨੁਕੂਲ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ :     ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ

ਲਾਭ ’ਚ ਵਾਧਾ ਪਰ ਰਫਤਾਰ ਹੌਲੀ

ਮਾਲੀ ਸਾਲ 2024-25 ’ਚ ਵਪਾਰਕ ਬੈਂਕਾਂ ਦਾ ਸ਼ੁੱਧ ਲਾਭ ਵਧਿਆ, ਹਾਲਾਂਕਿ ਇਸ ਦੀ ਰਫ਼ਤਾਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹੀ। ਸਾਰੇ ਅਨੁਸੂਚਿਤ ਵਪਾਰਕ ਬੈਂਕਾਂ ਦਾ ਕੁੱਲ ਸ਼ੁੱਧ ਲਾਭ 14.8 ਫ਼ੀਸਦੀ ਵਧ ਕੇ 4.01 ਲੱਖ ਕਰੋਡ਼ ਰੁਪਏ ਹੋ ਗਿਆ। ਇਸ ਤੋਂ ਪਹਿਲਾਂ 2023-24 ’ਚ ਲਾਭ ’ਚ 32.8 ਫ਼ੀਸਦੀ ਦਾ ਤੇਜ਼ ਵਾਧਾ ਦਰਜ ਕੀਤਾ ਗਿਆ ਸੀ।

ਆਰ. ਓ. ਏ. ਅਤੇ ਆਰ. ਓ. ਈ. ਮਜ਼ਬੂਤ ਬਣੇ ਰਹੇ

ਆਰ. ਬੀ. ਆਈ. ਅਨੁਸਾਰ ਬੈਂਕਿੰਗ ਖੇਤਰ ਦਾ ਮੁਨਾਫਾ ਵੀ ਮਜ਼ਬੂਤ ਰਿਹਾ। ਜਾਇਦਾਦਾਂ ’ਤੇ ਰਿਟਰਨ (ਆਰ. ਓ. ਏ.) 1.4 ਫ਼ੀਸਦੀ ਅਤੇ ਇਕੁਇਟੀ ’ਤੇ ਰਿਟਰਨ (ਆਰ. ਓ. ਈ.) 13.5 ਫ਼ੀਸਦੀ ਰਿਹਾ, ਜੋ ਬੈਂਕਿੰਗ ਸੈਕਟਰ ਦੀ ਸਿਹਤ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :    ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ

ਗਲਤ ਵਿਕਰੀ ਰੋਕਣ ਲਈ ਸਖ਼ਤ ਨਿਯਮਾਂ ਦੀ ਤਿਆਰੀ

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਆਰ. ਬੀ. ਆਈ. ਵਿੱਤੀ ਉਤਪਾਦਾਂ ਅਤੇ ਸੇਵਾਵਾਂ ਦੀ ਗਲਤ ਵਿਕਰੀ ਰੋਕਣ ਲਈ ਇਸ਼ਤਿਹਾਰ, ਮਾਰਕੀਟਿੰਗ ਅਤੇ ਵਿਕਰੀ ਨਾਲ ਜੁਡ਼ੇ ਵਿਆਪਕ ਨਿਯਮ ਜਾਰੀ ਕਰੇਗਾ। ਕੇਂਦਰੀ ਬੈਂਕ ਦਾ ਮੰਨਣਾ ਹੈ ਕਿ ਗਲਤ ਵਿਕਰੀ ਨਾਲ ਗਾਹਕਾਂ ਅਤੇ ਪੂਰੇ ਵਿੱਤੀ ਤੰਤਰ ਨੂੰ ਗੰਭੀਰ ਨੁਕਸਾਨ ਪੁੱਜਦਾ ਹੈ।

ਆਰ. ਬੀ. ਆਈ. ਕਰਜ਼ਾ ਵਸੂਲੀ ਏਜੰਟਾਂ ਨਾਲ ਜੁਡ਼ੇ ਮੌਜੂਦਾ ਹਦਾਇਤਾਂ ਦੀ ਸਮੀਖਿਆ ਕਰ ਕੇ ਉਨ੍ਹਾਂ ਨੂੰ ਸੰਯੁਕਤ ਰੂਪ ’ਚ ਜਾਰੀ ਕਰਨ ਦੀ ਤਿਆਰੀ ’ਚ ਹੈ। ਨਾਲ ਹੀ ਡਿਜੀਟਲ ਅਤੇ ਸਾਈਬਰ ਧੋਖਾਦੇਹੀ ਨਾਲ ਨਜਿੱਠਣ ਲਈ ਮੰਤਰਾਲਿਆਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :    Silver All Time High: ਰਿਕਾਰਡ ਉੱਚਾਈ ਤੋਂ ਡਿੱਗਿਆ ਸੋਨਾ , ਨਵੇਂ ਸਿਖਰ 'ਤੇ ਪਹੁੰਚੀ ਚਾਂਦੀ

ਏ. ਆਈ. ਆਧਾਰਿਤ ਪਹਿਲ ਨਾਲ ਧੋਖਾਦੇਹੀ ’ਤੇ ਲਗਾਮ

ਰਿਜ਼ਰਵ ਬੈਂਕ ਨੇ ‘ਮਿਊਲਹੰਟਰ. ਏ. ਆਈ.’ ਨੂੰ 23 ਬੈਂਕਾਂ ’ਚ ਲਾਗੂ ਕੀਤਾ ਹੈ, ਜਿਸ ਨਾਲ ਫਰਜ਼ੀ ਖਾਤਿਆਂ ਦੀ ਪਛਾਣ ’ਚ ਮਦਦ ਮਿਲ ਰਹੀ ਹੈ। ਇਸ ਤੋਂ ਇਲਾਵਾ ਡਿਜੀਟਲ ਭੁਗਤਾਨ ਇੰਟੈਲੀਜੈਂਸ ਮੰਚ (ਡੀ. ਪੀ. ਆਈ. ਪੀ.) ਜੋਖਿਮਪੂਰਨ ਲੈਣ-ਦੇਣ ਨੂੰ ਪਛਾਣ ਕੇ ਧੋਖਾਦੇਹੀ ਰੋਕਣ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

ਧੋਖਾਦੇਹੀ ਦੇ ਮਾਮਲਿਆਂ ’ਚ ਗਿਣਤੀ ਘਟੀ, ਰਾਸ਼ੀ ਵਧੀ

ਮਾਲੀ ਸਾਲ 2024-25 ’ਚ ਰਿਪੋਰਟ ਕੀਤੇ ਗਏ ਧੋਖਾਦੇਹੀ ਮਾਮਲਿਆਂ ਦੀ ਗਿਣਤੀ ਘਟੀ ਪਰ ਇਸ ’ਚ ਸ਼ਾਮਲ ਰਾਸ਼ੀ ਵਧ ਗਈ। ਆਰ. ਬੀ. ਆਈ. ਅਨੁਸਾਰ ਇਹ 122 ਪੁਰਾਣੇ ਮਾਮਲਿਆਂ ਦੀ ਦੁਬਾਰਾ ਜਾਂਚ ਕਾਰਨ ਹੋਇਆ, ਜਿਨ੍ਹਾਂ ’ਚ 18,336 ਕਰੋਡ਼ ਰੁਪਏ ਦੀ ਧੋਖਾਦੇਹੀ ਸ਼ਾਮਲ ਸੀ। ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਕਿ ਉਸ ਦੀਆਂ ਨੀਤੀਆਂ ਅੱਗੇ ਵੀ ਗਾਹਕ ਸੁਰੱਖਿਆ, ਸਾਈਬਰ ਸੁਰੱਖਿਆ ਅਤੇ ਵਿੱਤੀ ਸਥਿਰਤਾ ’ਤੇ ਕੇਂਦ੍ਰਿਤ ਰਹਿਣਗੀਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News