ਬੈਂਕਾਂ ਨੂੰ ਲੱਗ ਸਕਦੈ 17,962 ਕਰੋੜ ਦਾ ਝਟਕਾ
Monday, Feb 19, 2018 - 09:38 AM (IST)
ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ ਹੋਏ ਘਪਲੇ ਦੀ ਵਜ੍ਹਾ ਨਾਲ ਭਾਰਤੀ ਬੈਂਕਾਂ ਨੂੰ ਘੱਟ ਤੋਂ ਘੱਟ 2.7 ਅਰਬ ਡਾਲਰ (17,962 ਕਰੋੜ ਰੁਪਏ) ਦਾ ਝਟਕਾ ਲੱਗ ਸਕਦਾ ਹੈ। ਆਮਦਨ ਕਰ ਵਿਭਾਗ ਨੇ ਇਹ ਖਦਸ਼ਾ ਪ੍ਰਗਟਾਇਆ ਹੈ। ਮਾਰਚ 2017 ਤੱਕ ਪੀ. ਐੱਨ. ਬੀ. ਨੇ 176.32 ਅਰਬ ਰੁਪਏ ਦੀ ਲੋਨ ਗਾਰੰਟੀ ਨੀਰਵ ਮੋਦੀ ਅਤੇ ਉਨ੍ਹਾਂ ਦੇ ਮਾਮਾ ਮੇਹੁਲ ਚੋਕਸੀ ਦੇ ਫੇਵਰ 'ਚ ਦਿੱਤੀ ਸੀ।
ਸੂਤਰਾਂ ਅਨੁਸਾਰ ਆਮਦਨ ਕਰ ਵਿਭਾਗ ਨੇ ਆਪਣੇ ਨੋਟ 'ਚ ਇਹ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਘਪਲੇ ਦੌਰਾਨ ਭਾਰਤੀ ਬੈਂਕਾਂ ਨੂੰ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਬੁੱਧਵਾਰ ਨੂੰ ਪੀ. ਐੱਨ. ਬੀ. 'ਚ 11,400 ਕਰੋੜ ਰੁਪਏ ਦੇ ਘਪਲੇ ਦਾ ਖੁਲਾਸਾ ਹੋਇਆ ਸੀ, ਜਿਸ 'ਚ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਗੀਤਾਂਜਲੀ ਗਰੁੱਪ ਦੇ ਐੱਮ. ਡੀ. ਤੇ ਚੇਅਰਮੈਨ ਮੇਹੁਲ ਚੋਕਸੀ ਦੇ ਵਿਰੁੱਧ ਮਾਮਲੇ ਦਰਜ ਹੋਏ ਹਨ।
ਐੱਲ. ਆਈ. ਸੀ. ਅਤੇ ਮਿਊਚੁਅਲ ਫੰਡਸ ਦੇ ਡੁੱਬੇ 1700 ਕਰੋੜ
ਪੀ. ਐੱਨ. ਬੀ. 'ਚ ਹੋਏ ਘਪਲੇ ਦੌਰਾਨ ਐੱਲ. ਆਈ. ਸੀ. ਸਮੇਤ ਮਿਊਚੁਅਲ ਫੰਡ ਕੰਪਨੀਆਂ 'ਚ ਨਿਵੇਸ਼ ਕਰਨ ਵਾਲਿਆਂ ਦੇ ਕਰੀਬ 1700 ਕਰੋੜ ਰੁਪਏ ਡੁੱਬ ਗਏ। ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ) ਨੇ ਦਸੰਬਰ 2017 'ਚ ਹੀ. ਪੀ. ਐੱਨ. ਬੀ. 'ਚ ਆਪਣੀ ਹਿੱਸੇਦਾਰੀ ਨੂੰ 1.41 ਫੀਸਦੀ ਵਧਾ ਕੇ 13.93 ਫੀਸਦੀ ਕਰ ਲਿਆ ਸੀ। ਇਹ ਹਿੱਸੇਦਾਰੀ ਐੱਲ. ਆਈ. ਸੀ. ਨੇ ਕੁਆਲੀਫਾਇਡ ਇੰਸਟੀਚਿਊਸ਼ਨ ਪਲੇਸਮੈਂਟ ਦੇ ਰੂਪ 'ਚ ਲਈ ਸੀ। ਇਸ ਦੀ ਵੱਡੀ ਹਿੱਸੇਦਾਰੀ ਦੇ ਕਾਰਨ ਐੱਲ. ਆਈ. ਸੀ. ਨੂੰ ਪੀ. ਐੱਨ. ਬੀ. ਘਪਲੇ 'ਚ 1120 ਕਰੋੜ ਰੁਪਏ ਦਾ ਝਟਕਾ ਲੱਗਾ ਹੈ। ਪੀ. ਐੱਨ. ਬੀ. 'ਚ ਐੱਲ. ਆਈ. ਸੀ. ਸਭ ਤੋਂ ਵੱਡਾ ਨਿਵੇਸ਼ਕ ਹੈ। ਐੱਲ. ਆਈ. ਸੀ. ਤੋਂ ਇਲਾਵਾ ਨਿਫਟੀ ਪੀ. ਐੱਸ. ਯੂ. ਬੈਂਕ ਇੰਡੈਕਸ 'ਚ ਸ਼ਾਮਲ ਪੀ. ਐੱਨ. ਬੀ. 'ਚ ਦੇਸ਼ ਦੇ 12 ਸਰਕਾਰੀ ਬੈਂਕਾਂ ਨੇ ਵੀ ਨਿਵੇਸ਼ ਕਰ ਰੱਖਿਆ ਹੈ।
ਮਿਊਚੁਅਲ ਫੰਡ ਕੰਪਨੀਆਂ ਨੂੰ ਵੀ ਚੂਨਾ
ਪੀ. ਐੱਨ. ਬੀ. ਘਪਲੇ ਨਾਲ ਮਿਊਚੁਅਲ ਫੰਡ ਕੰਪਨੀਆਂ ਨੂੰ ਵੱਡਾ ਚੂਨਾ ਲੱਗਾ ਹੈ। ਦੇਸ਼ ਦੀਆਂ ਕੁੱਲ 42 ਮਿਊਚੁਅਲ ਫੰਡ ਕੰਪਨੀਆਂ ਨੇ ਕੁੱਲ ਮਿਲਾ ਕੇ ਪੀ. ਐੱਨ. ਬੀ. 8.1 ਹਿੱਸੇਦਾਰੀ ਲੈ ਰੱਖੀ ਹੈ। ਇਸ ਤਰ੍ਹਾਂ ਮਿਊਚਲ ਫੰਡ ਨਿਵੇਸ਼ਕਾਂ ਨੂੰ ਕਰੀਬ 640 ਕਰੋੜ ਦਾ ਝਟਕਾ ਲੱਗਾ ਹੈ। ਪੀ. ਐੱਨ. ਬੀ. 'ਚ ਐੱਚ. ਡੀ. ਐੱਫ. ਸੀ. ਏਸੈੱਟ ਮੈਨੇਜਮੈਂਟ ਕੰਪਨੀ ਦੀ ਹੀ 13 ਮਿਊਚੁਅਲ ਫੰਡ ਸਕੀਮਾਂ ਦਾ 4.48 ਫੀਸਦੀ ਦਾ ਐਕਸਪੋਜ਼ਰ ਹੈ। ਇਹ ਅੰਕੜੇ 31 ਜਨਵਰੀ ਤੱਕ ਦੇ ਹਨ। ਇਸ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਐੱਚ. ਡੀ. ਐੱਫ. ਸੀ. ਮਿਊਚੁਅਲ ਫੰਡ ਦੇ ਨਿਵੇਸ਼ਕਾਂ ਨੂੰ ਹੋਇਆ ਹੈ। ਇਨ੍ਹਾਂ ਦੇ ਕਰੀਬ 358 ਕਰੋੜ ਰੁਪਏ ਡੁੱਬ ਚੁੱਕੇ ਹਨ। ਬਿਰਲਾ ਸਨਲਾਈਫ ਮਿਊਚੁਅਲ ਫੰਡ ਦੀ ਸਕੀਮ ਦਾ ਪੀ. ਐੱਨ. ਬੀ. 'ਚ 0.84 ਫੀਸਦੀ ਐਕਸਪੋਜ਼ਰ ਹੈ। ਇਸ ਤਰ੍ਹਾਂ ਇਨ੍ਹਾਂ ਫੰਡ ਹਾਊਸਾਂ 'ਚ ਨਿਵੇਸ਼ ਕਰਨ ਵਾਲਿਆਂ ਦੇ ਨਿਵੇਸ਼ ਦੀ ਵੈਲਿਊ ਕਰੀਬ 84 ਕਰੋੜ ਰੁਪਏ ਘੱਟ ਹੋਈ ਹੈ। ਕੋਟਕ ਮਹਿੰਦਰਾ ਮਿਊਚੁਅਲ ਫੰਡ ਦਾ ਪੀ. ਐੱਨ. ਬੀ. 'ਚ ਐਕਸਪੋਜ਼ 0.47 ਫੀਸਦੀ ਹੈ। ਅਜਿਹੇ 'ਚ ਇਸ ਫੰਡ ਹਾਊਸ 'ਚ ਨਿਵੇਸ਼ਕਾਂ ਦੀ ਵੈਲਿਊ ਵੀ ਕਰੀਬ 47 ਕਰੋੜ ਰੁਪਏ ਘੱਟ ਹੋਈ ਹੈ।
ਯੂਕੋ ਬੈਂਕ ਨੂੰ ਲੱਗਾ 2636 ਕਰੋੜ ਰੁਪਏ ਦਾ ਚੂਨਾ
ਪੀ. ਐੱਨ. ਬੀ. 'ਚ ਘਪਲੇ ਨਾਲ ਹੋਏ ਨੁਕਸਾਨ ਦੀ ਲਾਈਨ 'ਚ ਯੂਕੋ ਬੈਂਕ ਵੀ ਆ ਗਿਆ ਹੈ। ਉਸ ਨੇ ਖੁਲਾਸਾ ਕੀਤਾ ਕਿ ਇਸ ਕਾਰਨ ਉਸ ਨੂੰ ਕਰੀਬ 2636 ਕਰੋੜ ਰੁਪਏ ਦਾ ਚੂਨਾ ਲੱਗਾ ਹੈ।
ਬੈਂਕ ਨੇ ਦੱਸਿਆ ਕਿ ਪੀ. ਐੱਨ. ਬੀ. ਵੱਲੋਂ ਜਾਰੀ ਕੀਤੇ ਗਏ ਲੈਟਰ ਆਫ ਕ੍ਰੈਡਿਟ ਦੇ ਆਧਾਰ 'ਤੇ ਯੂਕੋ ਬੈਂਕ ਦੀ ਹਾਂਗਕਾਂਗ ਬ੍ਰਾਂਚ ਐਕਸਪੋਰਟ ਡਾਕਿਊਮੈਂਟ 'ਤੇ ਨੈਗੋਸ਼ੀਏਟ ਕਰ ਰਹੀ ਸੀ। ਇਨ੍ਹਾਂ ਲੈਟਰ ਆਫ ਕ੍ਰੈਡਿਟ ਦੇ ਬਿਨੇਕਾਰਾਂ 'ਚੋਂ ਕੁਝ ਕਾਰਪੋਰੇਟ ਕਲਾਇੰਟ ਪੀ. ਐੱਨ. ਬੀ. ਦੇ ਘਪਲੇ ਨਾਲ ਵੀ ਜੁੜੇ ਹਨ।
ਬੈਂਕ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਕਾਰਨ ਇਸ 'ਚ ਕੁੱਲ 411.82 ਮਿਲੀਅਨ ਡਾਲਰ (ਕਰੀਬ 2636 ਕਰੋੜ ਰੁਪਏ) ਦੀ ਟ੍ਰਾਂਜ਼ੈਕਸ਼ਨ ਹੋਈ ਹੈ ਅਤੇ ਬੈਂਕ ਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਨੂੰ ਪੀ. ਐੱਨ. ਬੀ. ਤੋਂ ਪੇਮੈਂਟ ਮਿਲ ਜਾਵੇਗੀ।