ਬੈਂਕਾਂ ਵੱਲੋਂ 25 ਕਰੋੜ ਰੁ: ਤੱਕ ਦੇ ਲੋਨ ਦੇ ਮਾਮਲਿਆਂ ''ਚ ਪੁਨਰਗਠਨ ਦੀ ਪ੍ਰਕਿਰਿਆ ਸ਼ੁਰੂ
Sunday, May 30, 2021 - 06:03 PM (IST)
ਨਵੀਂ ਦਿੱਲੀ- ਬੈਂਕਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਤੋਂ ਪ੍ਰਭਾਵਿਤ ਛੋਟੇ ਉੱਦਮਾਂ ਦੀ ਸਹਾਇਤਾ ਲਈ 25 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਦੇ ਪੁਨਰਗਠਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਭਾਰਤੀ ਰਿਜ਼ਰਵ ਬੈਂਕ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਐਲਾਨੇ ਗਏ ਕੋਵਿਡ ਰਾਹਤ ਉਪਾਵਾਂ ਦੇ ਮੁਤਾਬਕ ਹੈ।
ਕਈ ਬੈਂਕਾਂ ਨੂੰ ਇਸ ਪ੍ਰਕਿਰਿਆ ਲਈ ਨਿਰਦੇਸ਼ਕ ਮੰਡਲ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਉਹ ਇਸ ਸਬੰਧ ਵਿਚ ਆਪਣੇ ਪਾਤਰ ਕਰਜ਼ਦਾਰਾਂ ਨਾਲ ਸੰਪਰਕ ਕਰ ਹਨ।
ਉਦਾਹਰਣ ਦੇ ਤੌਰ 'ਤੇ ਬੈਂਕ ਆਫ਼ ਇੰਡੀਆ ਨੇ ਪਾਤਰ ਕਰਜ਼ਦਾਰਾਂ ਨੂੰ ਸੁਨੇਹੇ ਵਿਚ ਕਿਹਾ ਹੈ, ''ਇਸ ਮੁਸ਼ਕਲ ਸਮੇਂ ਵਿਚ ਅਸੀਂ 5 ਮਈ ਨੂੰ ਜਾਰੀ ਆਰ. ਬੀ. ਆਈ. ਵੱਲੋਂ ਸਮਾਧਾਨ ਰੂਪ ਰੇਖਾ 2.0 ਅਨੁਸਾਰ ਤੁਹਾਡੀ ਮਦਦ ਲਈ ਰਾਹਤ ਦੀ ਪੇਸ਼ਕਸ਼ ਕਰ ਰਹੇ ਹਾਂ। ਜੇਕਰ ਤੁਸੀਂ ਕੋਵਿਡ ਦੀ ਦੂਜੀ ਲਹਿਰ ਕਾਰਨ ਵਿੱਤੀ ਦਬਾਅ ਵਿਚ ਹੋ ਤਾਂ ਤੁਸੀਂ ਆਪਣੇ ਖਾਤੇ ਦੇ ਪੁਨਰਗਠਨ ਦਾ ਬਦਲ ਚੁਣ ਸਕਦੇ ਹੋ।'' ਇਸ ਵਿਚਕਾਰ ਇਕ ਹੋਰ ਬੈਂਕ ਪੰਜਾਬ ਐਂਡ ਸਿੰਧ ਬੈਂਕ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਕਰਜ਼ ਪੁਨਰਗਠਨ ਯੋਜਨਾ ਨੂੰ ਉਸ ਦੇ ਨਿਰਦੇਸ਼ਕ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ। ਗੌਰਤਲਬ ਹੈ ਕਿ ਕੋਵਿਡ ਦੀ ਦੂਜੀ ਲਹਿਰ ਕਾਰਨ ਛੋਟੇ ਕਾਰੋਬਾਰਾਂ, ਲੋਕਾਂ ਤੇ ਐੱਮ. ਐੱਸ. ਐੱਮ. ਈ. 'ਤੇ ਜ਼ਿਆਦਾ ਅਸਰ ਪਿਆ ਹੈ। ਇਸ ਕਾਰਨ ਆਰ. ਬੀ. ਆਈ. ਨੇ 25 ਕਰੋੜ ਰੁਪਏ ਤੱਕ ਦੇ ਯੋਗ ਕਰਜ਼ਦਾਰਾਂ ਲਈ ਪੁਨਰਗਠਨ ਯੋਜਨਾ ਸ਼ੁਰੂ ਕੀਤੀ ਹੈ।