ਬੈਂਕਾਂ ਨੇ ਫਿਰ ਦਿੱਤੀ ਹੜਤਾਲ ਦੀ ਧਮਕੀ, 5 ਦਿਨ ATM ''ਚ ਰਹਿ ਸਕਦਾ ਹੈ ''ਸੋਕਾ''

02/08/2020 3:48:14 PM

ਨਵੀਂ ਦਿੱਲੀ— ਬੈਂਕਾਂ ਦੀ ਹੜਤਾਲ ਨਾਲ ਇਕ ਵਾਰ ਗਾਹਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 31 ਜਨਵਰੀ ਤੇ 1 ਫਰਵਰੀ ਨੂੰ ਦੋ ਦਿਨਾਂ ਬੈਂਕ ਹੜਤਾਲ ਤੋਂ ਬਾਅਦ ਹੁਣ ਫਿਰ ਸਰਕਾਰੀ ਬੈਂਕਾਂ ਦੇ ਲੱਖਾਂ ਕਰਮਚਾਰੀਆਂ ਨੇ ਅਗਲੇ ਮਹੀਨੇ ਇਕ ਹੋਰ ਬੈਂਕ ਹੜਤਾਲ ਦੀ ਧਮਕੀ ਦਿੱਤੀ ਹੈ। ਜੇਕਰ ਹੜਤਾਲ ਸਫਲ ਰਹੀ ਤਾਂ ਮਾਰਚ ਦੇ ਦੂਜੇ ਹਫਤੇ ਕਈ ਸਰਕਾਰੀ ਬੈਂਕ, ਇੱਥੋਂ ਤੱਕ ਕਿ ਏ. ਟੀ. ਐੱਮ. ਵੀ ਲਗਾਤਾਰ ਪੰਜ ਦਿਨ ਬੰਦ ਰਹਿ ਸਕਦੇ ਹਨ।
 

'ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ (ਬੀ. ਈ. ਐੱਫ. ਆਈ.)' ਤੇ 'ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ. ਆਈ. ਬੀ. ਈ. ਏ.)' ਦਾ ਕਹਿਣਾ ਹੈ ਕਿ ਇੰਡੀਅਨ ਬੈਂਕ ਐਸੋਸੀਏਸ਼ਨ (ਆਈ. ਬੀ. ਏ.) ਨਾਲ ਤਨਖਾਹਾਂ ਨੂੰ ਲੈ ਕੇ ਗੱਲਬਾਤ ਕਿਸੇ ਸਿੱਟੇ 'ਤੇ ਨਹੀਂ ਪੁੱਜ ਸਕੀ, ਜਿਸ ਕਾਰਨ ਉਨ੍ਹਾਂ ਨੇ 11 ਤੋਂ 13 ਮਾਰਚ ਤੱਕ ਫਿਰ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ 14 ਮਾਰਚ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਅਤੇ ਇਸ ਤਰ੍ਹਾਂ ਐਤਵਾਰ ਸਣੇ ਲਗਾਤਾਰ ਪੰਜ ਦਿਨ ਕੰਮ ਪ੍ਰਭਾਵਿਤ ਹੋ ਸਕਦਾ ਹੈ।

ਹਰ ਸ਼ਨੀਵਾਰ ਛੁੱਟੀ ਕਰਨ ਦੀ ਵੀ ਡਿਮਾਂਡ
ਇਹ ਇਸ ਸਾਲ ਦੀ ਹੁਣ ਤੱਕ ਦੀ ਤੀਜੀ ਬੈਂਕ ਹੜਤਾਲ ਹੋਵੇਗੀ। 8 ਜਨਵਰੀ ਨੂੰ 'ਭਾਰਤ ਬੰਦ' 'ਚ ਵੀ ਬੈਂਕ ਕਰਮਚਾਰੀ ਸ਼ਾਮਲ ਹੋਏ ਸਨ। ਉੱਥੇ ਹੀ, 11 ਮਾਰਚ ਤੋਂ ਤਿੰਨ ਦਿਨਾਂ ਹੋਣ ਵਾਲੀ ਹੜਤਾਲ ਕਾਰਨ ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਐੱਚ. ਡੀ. ਐਫ. ਸੀ. ਵਰਗੇ ਪ੍ਰਾਈਵੇਟ ਬੈਂਕ ਪ੍ਰਭਾਵਿਤ ਨਹੀਂ ਹੋਣਗੇ। ਸਰਕਾਰੀ ਬੈਂਕ ਸੰਗਠਨ ਤਨਖਾਹਾਂ 'ਚ ਵਾਧੇ ਦੀ ਮੰਗ ਤੋਂ ਇਲਾਵਾ ਹਰ ਹਫਤੇ ਸਿਰਫ ਪੰਜ ਦਿਨ ਕੰਮਕਾਜ ਦੀ ਮੰਗ ਕਰ ਰਹੇ ਹਨ, ਜਦੋਂ ਕਿ ਆਈ. ਬੀ. ਏ. ਨੇ 5 ਦਿਨਾਂ ਦੇ ਪ੍ਰਸਤਾਵ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਭਾਰਤ 'ਚ ਪਹਿਲਾਂ ਹੀ ਹੋਰਨਾਂ ਦੇਸ਼ਾਂ ਨਾਲੋਂ ਜਨਤਕ ਛੁੱਟੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਲਈ ਸਾਰੇ ਸ਼ਨੀਵਾਰ ਤੇ ਐਤਵਾਰ ਨੂੰ ਬੈਂਕਾਂ ਬੰਦ ਰੱਖਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ।


Related News