ਬੈਂਕ ਆਫ ਚਾਈਨਾ ਇਸ ਲਈ ਬਣ ਰਿਹੈ ਭਾਰਤ ਲਈ ਚਿੰਤਾ ਦਾ ਵਿਸ਼ਾ!
Thursday, Jul 12, 2018 - 09:51 AM (IST)

ਨਵੀਂ ਦਿੱਲੀ — ਬੈਂਕ ਆਫ ਚਾਈਨਾ ਦੀ ਭਾਰਤ 'ਚ ਆਉਣ ਦੀ ਖਬਰ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਹੈਰਾਨ ਹਨ ਕਿ ਚੀਨ ਦੇ ਨਾਲ ਭਾਰਤ ਦੇ ਸਿਆਸੀ ਸਬੰਧ ਕਿਸੇ ਤੋਂ ਵੀ ਛੁਪੇ ਹੋਏ ਨਹੀਂ ਹਨ। ਇਸ ਤੋਂ ਇਲਾਵਾ ਚੀਨ ਨਾਲ ਭਾਰਤ ਦੀ ਵਪਾਰ ਵਿਚ ਮੌਜੂਦਾ ਅਸੰਤੁਲਨ ਦੀ ਸਥਿਤੀ ਕਾਰਨ ਬਹੁਤ ਸਾਰੇ ਭਾਰਤੀ ਅਰਥਸ਼ਾਸਤਰੀ ਅਤੇ ਕਾਰਪੋਰੇਟ ਲੀਡਰਜ਼ ਨੇ ਨਾਰਾਜ਼ਗੀ ਦਰਸਾਈ ਹੈ। ਚੀਨ ਤੋਂ ਭਾਰਤ ਦਾ ਨਿਰਯਾਤ ਘੱਟ ਹੈ ਅਤੇ ਆਯਾਤ ਜ਼ਿਆਦਾ । ਇਸ ਕਾਰਨ ਭਾਰਤ ਦਾ ਵਪਾਰ ਘਾਟਾ ਸਾਲ ਦਰ ਸਾਲ ਵਧ ਰਿਹਾ ਹੈ। ਅਜਿਹੀ ਸਥਿਤੀ 'ਚ ਚੀਨ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇਕ ਬੈਂਕ, ਬੈਂਕ ਆਫ਼ ਚਾਈਨਾ ਦਾ ਦੇਸ਼ 'ਚ ਆਉਣਾ ਭਾਰਤ ਲਈ ਖਤਰਾ ਬਣ ਸਕਦਾ ਹੈ ਜਿਸ ਕਾਰਨ ਹੁਣ ਇਸ ਮੁੱਦੇ 'ਤੇ ਦੇਸ਼ ਅੰਦਰ ਬਹਿਸ ਛਿੜ ਗਈ ਹੈ।
ਭਾਰਤੀ ਬੈਂਕਿੰਗ ਸੈਕਟਰ ਨੂੰ ਖਤਰਾ
ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਪੀ.ਕੇ. ਚਕ੍ਰਵਰਤੀ ਅਨੁਸਾਰ ਬੈਂਕ ਆਫ ਚਾਈਨਾ ਦੀ ਭਾਰਤ ਵਿਚ ਆਉਣ ਦੀ ਖਬਰ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਚੀਨ ਨਾਲ ਭਾਰਤ ਦੇ ਸਿਆਸੀ ਸਬੰਧਾਂ ਵਿਚ ਅਸਥਿਰਤਾ ਹੈ। ਦੁਨੀਆ ਦਾ ਇਹ ਚੌਥਾ ਸਭ ਤੋਂ ਵੱਡਾ ਬੈਂਕ ਹੈ। ਕਹਿਣ ਨੂੰ ਤਾਂ ਚੀਨ ਦੇ ਬੈਂਕਾਂ ਨੇ ਭਾਰਤ ਵਿਚ ਬੈਂਕਿੰਗ ਸੈਕਟਰ ਦੇ ਨਿਯਮਾਂ ਅਨੁਸਾਰ ਹੀ ਕੰਮ ਕਰਨਾ ਹੈ
ਪਰ ਚੀਨ ਆਪਣੀ ਅਗਰੈਸਿਵ ਵਪਾਰਕ ਨੀਤੀਆਂ ਲਈ ਜਾਣਿਆ ਜਾਂਦਾ ਹੈ। ਚੀਨ ਕੋਲ ਜਿਹੜੇ ਵੀ ਸਰੋਤ ਹਨ, ਉਨ੍ਹਾਂ ਦਾ ਉਹ ਬਹੁਤ ਹੀ ਹਮਲਾਵਰ ਢੰਗ ਨਾਲ ਇਸਤੇਮਾਲ ਕਰਦਾ ਹੈ। ਉਹ ਮਾਰਕੀਟ ਵਿਚ ਆਪਣੀ ਹਿੱਸੇਦਾਰੀ ਵਧਾਉਣ ਲਈ ਅਜਿਹੀਆਂ ਰਣਨੀਤੀਆਂ ਬਣਾਉਣ 'ਚ ਮਾਹਰ ਹੈ, ਜਿਹੜੀਆਂ ਕਿ ਦੂਜਿਆਂ ਨੂੰ ਹੈਰਾਨ ਕਰ ਸਕਦੀਆਂ ਹਨ। ਹੁਣ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਚੀਨ ਦੀ ਰਣਨੀਤੀ ਭਾਰਤੀ ਬੈਂਕਿੰਗ ਖੇਤਰ ਲਈ ਕਿਸ ਤਰ੍ਹਾਂ ਦੀ ਰਹਿੰਦੀ ਹੈ ਅਤੇ ਦੇਸ਼ ਦੇ ਸਰਕਾਰੀ ਬੈਂਕਾਂ 'ਤੇ ਇਸ ਦਾ ਕੀ ਅਸਰ ਪੈਂਦਾ ਹੈ। ਸਰੋਤ, ਤਕਨਾਲੋਜੀ ਅਤੇ ਅਗਰੈਸਿਵ ਰਣਨੀਤੀ ਦੇ ਮਾਮਲੇ 'ਚ ਸਾਡੇ ਸਰਕਾਰੀ ਬੈਂਕ ਅਜੇ ਵੀ ਬਹੁਤ ਪਿੱਛੇ ਹਨ। ਜੇਕਰ ਦੇਸ਼ ਦਾ ਮਾਰਕੀਟ ਸ਼ੇਅਰ ਡਿੱਗਦਾ ਹੈ, ਤਾਂ ਇਹ ਭਾਰਤੀ ਅਰਥਚਾਰੇ ਲਈ ਸਹੀ ਨਹੀਂ ਹੋਵੇਗਾ।
ਅਮਰੀਕਾ ਖਤਰਾ ਦੇਖ ਚੁੱਕਾ ਹੈ
ਮਾਰਕੀਟ ਮਾਹਰ ਅਤੇ ਸਾਬਕਾ ਬੈਂਕਰ ਐੱਸ.ਕੇ.ਲੋਢਾ ਅਨੁਸਾਰ ਅਮਰੀਕਾ ਨੇ ਪਹਿਲਾਂ ਚੀਨ ਦੀਆਂ ਕੰਪਨੀਆਂ ਅਤੇ ਬੈਂਕਾਂ ਨੂੰ ਅਮਰੀਕਾ ਵਿਚ ਖੁੱਲ੍ਹ ਕੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਚੀਨੀ ਵਪਾਰੀਆਂ ਅਤੇ ਉਤਪਾਦ ਨੇ ਅਮਰੀਕਾ ਵਿਚ ਆਪਣੀ ਮਜ਼ਬੂਤ ਪਕੜ ਬਣਾ ਲਈ। ਅਮਰੀਕਾ ਦੀ ਅਰਥ ਵਿਵਸਥਾ ਇਸ ਰਣਨੀਤੀ ਕਾਰਨ ਵਿਗੜ ਗਈ। ਚੀਨ ਦੇ ਕਾਰੋਬਾਰੀਆਂ ਦੀ ਖਾਸ ਗੱਲ ਇਹ ਹੈ ਕਿ ਉਹ ਵਿਦੇਸ਼ ਵਿਚ ਵਪਾਰ ਕਰਕੇ ਪੈਸੇ ਕਮਾ ਲੈਂਦੇ ਹਨ ਅਤੇ ਆਪਣੇ ਦੇਸ਼ ਵਿਚ ਜ਼ਿਆਦਾ ਨਿਵੇਸ਼ ਕਰਦੇ ਹਨ। ਵਰਲਡ ਬੈਂਕ ਦੀ ਰਿਪੋਰਟ ਅਨੁਸਾਰ, ਗੈਰ-ਨਿਵਾਸੀ ਆਪਣੇ ਦੇਸ਼ ਨੂੰ ਪੈਸੇ ਭੇਜਣ ਅਤੇ ਵਿਦੇਸ਼ੀ ਮੁਦਰਾ ਭੰਡਾਰ ਕਰਨ 'ਚ ਚੀਨੀ ਕਾਰੋਬਾਰੀ ਇਸ ਸੂਚੀ ਵਿਚ ਸਭ ਤੋਂ ਉਪਰ ਹਨ। ਅਜਿਹੀ ਸਥਿਤੀ ਵਿਚ, ਬੈਂਕਿੰਗ ਖੇਤਰ ਵਿਚ ਚੀਨ ਦਾ ਆਉਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।
ਸਰਕਾਰੀ ਨਿਯੰਤਰਣ ਵਾਲਾ ਚੀਨ ਦਾ ਚੌਥਾ ਸਭ ਤੋਂ ਵੱਡਾ ਬੈਂਕ
ਬੈਂਕ ਆਫ ਚਾਈਨਾ ਦੀ ਸ਼ੇਅਰ ਪੂੰਜੀ 158.6 ਅਰਬ ਡਾਲਰ (10.87 ਲੱਖ ਕਰੋੜ ਰੁਪਏ) ਦੇ ਨੇੜੇ ਹੈ ਅਤੇ ਇਹ ਹਾਂਗਕਾਂਗ ਅਤੇ ਸ਼ੰਘਾਈ ਸਟਾਕ ਐਕਸਚੇਂਜ ਵਿਚ ਸੂਚੀਬੱਧ ਹੈ। ਇਹ ਚੀਨ ਦਾ ਚੌਥਾ ਸਭ ਤੋਂ ਵੱਡਾ ਬੈਂਕ ਹੈ ਅਤੇ ਸਰਕਾਰ ਦੇ ਕੰਟਰੋਲ ਹੇਠ ਹੈ। ਸੰਪਤੀਆਂ ਦੇ ਮਾਮਲੇ 'ਚ ਇਹ ਚੀਨ ਦਾ ਦੂਜਾ ਸਭ ਤੋਂ ਵੱਡਾ ਬੈਂਕ ਹੈ। ਇਸ ਬੈਂਕ ਦੀਆਂ ਚੀਨ ਤੋਂ ਇਲਾਵਾ ਦੁਨੀਆ ਦੇ 27 ਮੁਲਕਾਂ 'ਚ ਸ਼ਾਖਾਵਾਂ ਹਨ। 31 ਮਾਰਚ 2016 ਨੂੰ ਖ਼ਤਮ ਹੋਏ ਵਿੱਤੀ ਵਰ੍ਹੇ ਦੌਰਾਨ ਬੈਂਕ ਦੀ ਕੁਲ ਸੰਪਤੀ 2639.77 ਅਰਬ ਰੁਪਏ (176.8 ਲੱਖ ਕਰੋੜ ਰੁਪਏ) ਸੀ।