ਭਾਰਤ ਵਲੋਂ ਨਿਰਯਾਤ 'ਤੇ ਰੋਕ ਲਾਉਣ ਕਾਰਣ ਬੰਗਲਾਦੇਸ਼ 'ਚ 50% ਮਹਿੰਗੇ ਹੋਏ ਗੰਢੇ
Wednesday, Sep 16, 2020 - 12:59 PM (IST)
ਨਵੀਂ ਦਿੱਲੀ : ਦੇਸ਼ ਵਿਚ ਪਿਆਜ ਦੀਆਂ ਵੱਧਦੀਆਂ ਕੀਮਤਾਂ ਦੇ ਮੱਦੇਨਜ਼ਰ ਸਰਕਾਰ ਨੇ ਇਸ ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ ਹੈ। ਰੋਕ ਲਗਾਉਣ ਨਾਲ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਪਿਆਜ ਦੀਆਂ ਕੀਮਤਾਂ 50 ਫ਼ੀਸਦੀ ਤੋਂ ਜ਼ਿਆਦਾ ਉਛਲ ਗਈਆਂ। ਭਾਰਤ, ਬੰਗਲਾਦੇਸ਼ ਦਾ ਸਭ ਤੋਂ ਵੱਡਾ ਪਿਆਜ ਨਿਰਯਾਤਕ ਹੈ। ਅਪ੍ਰੈਲ-ਜੁਲਾਈ ਦੀ ਮਿਆਦ ਦੌਰਾਨ ਬੰਗਲਾਦੇਸ਼ ਨੂੰ ਪਿਆਜ ਦਾ ਨਿਰਯਾਤ 158 ਫ਼ੀਸਦੀ ਉਛਲ ਗਿਆ ਸੀ। ਸਰਕਾਰ ਦੇ ਅਨੁਮਾਨ ਮੁਤਾਬਕ 2019-20 ਦੌਰਾਨ ਰਬੀ ਸੀਜ਼ਨ ਦੀ ਪਿਆਜ਼ ਦਾ ਉਤਪਾਦਨ 2.06 ਕਰੋੜ ਟਨ ਰਿਹਾ। 2017-18 ਦੇ ਇਸ ਸੀਜ਼ਨ ਵਿਚ ਇਹ 1.62 ਕਰੋੜ ਟਨ ਅਤੇ 2018-19 ਵਿਚ 1.58 ਕਰੋੜ ਟਨ ਸੀ।
ਇਕ ਅਧਿਕਾਰੀ ਨੇ ਕਿਹਾ ਕਿ ਦੇਸ਼ ਵਿਚ ਪਿਆਜ ਦੀਆਂ ਕੀਮਤਾਂ ਵੱਧ ਗਈਆਂ ਹਨ ਅਤੇ ਘਰੇਲੂ ਬਾਜ਼ਾਰ ਵਿਚ ਇਸ ਦੀ ਕਮੀ ਹੈ। ਇਹ ਕਮੀ ਮੌਸਮੀ ਹੈ ਪਰ ਕੋਵਿਡ-19 ਮਹਾਮਾਰੀ ਦੌਰਾਨ ਪਿਛਲੇ ਕੁੱਝ ਮਹੀਨਿਆਂ ਵਿਚ ਪਿਆਜ ਦਾ ਜੰਮ ਕੇ ਨਿਰਯਾਤ ਹੋਇਆ ਹੈ। ਭਾਰਤ ਨੇ ਅਪ੍ਰੈਲ-ਜੂਨ ਦੌਰਾਨ 19.8 ਕਰੋੜ ਡਾਲਰ ਦੇ ਪਿਆਜ ਦਾ ਨਿਰਯਾਤ ਕੀਤਾ, ਜਦੋਂ ਕਿ ਪਿਛਲੇ ਪੂਰੇ ਸਾਲ 44 ਕਰੋੜ ਡਾਲਰ ਦੇ ਪਿਆਜ ਦਾ ਨਿਰਯਾਤ ਹੋਇਆ ਸੀ। ਭਾਰਤ ਤੋਂ ਬੰਗਲਾਦੇਸ਼, ਮਲੇਸ਼ੀਆ, ਯੂ.ਏ.ਈ. ਅਤੇ ਸ਼੍ਰੀਲੰਕਾ ਨੂੰ ਪਿਆਜ ਦਾ ਸਭ ਤੋਂ ਜ਼ਿਆਦਾ ਨਿਰਯਾਤ ਹੁੰਦਾ ਹੈ।
ਪਿਆਜ ਦੀਆਂ ਕੀਮਤਾਂ ਵਿਚ ਭਾਰੀ ਵਾਧਾ
ਹੁਣ ਤੋਂ ਸਿਰਫ਼ ਇਕ ਪੰਦਰਵਾੜੇ ਪਹਿਲਾਂ ਰੀਟੇਲ ਵਿਚ 15 ਤੋਂ 20 ਰੁਪਏ ਪ੍ਰਤੀ ਕਿੱਲੋ ਵਿਕਣ ਵਾਲਾ ਪਿਆਜ ਹੁਣ 45 ਤੋਂ 50 ਰੁਪਏ ਕਿੱਲੋ ਵਿੱਕ ਰਿਹਾ ਹੈ। ਆਲਮ ਇਹ ਹੈ ਕਿ ਸੜੇ ਹੋਏ ਪਿਆਜ ਵੀ 25 ਰੁਪਏ ਕਿੱਲੋ ਵੇਚੇ ਜਾ ਰਹੇ ਹਨ। ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ, ਦਿੱਲੀ ਦੀ ਆਜ਼ਾਦਪੁਰ ਮੰਡੀ ਵਿਚ ਅੱਜ ਪਿਆਜ ਦਾ ਹੋਲਸੇਲ ਰੇਟ 26 ਤੋਂ 37 ਰੁਪਏ ਕਿੱਲੋ ਰਿਹਾ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਦੀਆਂ ਕੀਮਤਾਂ ਵਿਚ ਤੇਜੀ ਦੇ ਪਿੱਛੇ ਪਿਆਜ ਦੀ ਫ਼ਸਲ ਦਾ ਖ਼ਰਾਬ ਹੋਣਾ ਹੈ। ਦਰਅਸਲ ਕਰਨਾਟਕ ਵਿਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪਿਆਜ ਦੀ ਖੜੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ।
ਪਿਛਲੇ ਸਾਲ ਵੀ ਲਗਾਈ ਸੀ ਰੋਕ
ਜ਼ਿਕਰਯੋਗ ਹੈ ਕਿ ਸਤੰਬਰ 2019 ਵਿਚ ਸਰਕਾਰ ਨੇ ਪਿਆਜ ਦੇ ਨਿਰਯਾਤ 'ਤੇ ਰੋਕ ਲਗਾ ਦਿੱਤਾ ਸੀ ਅਤੇ ਪ੍ਰਤੀ ਟਨ ਪਿਆਜ 'ਤੇ 850 ਡਾਲਰ ਦਾ ਐਮ.ਈ.ਪੀ. ਵੀ ਲਗਾ ਦਿੱਤਾ ਸੀ। ਉਦੋਂ ਮੰਗ ਅਤੇ ਸਪਲਾਈ ਵਿਚ ਅੰਤਰ ਹੋਣ ਕਾਰਨ ਪਿਆਜ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ ਸਨ। ਮਹਾਰਾਸ਼ਟਰ ਸਮੇਤ ਪ੍ਰਮੁੱਖ ਪਿਆਜ ਉਤਪਾਦਕ ਸੂਬਿਆਂ ਵਿਚ ਬਹੁਤ ਜ਼ਿਆਦਾ ਮੀਂਹ ਅਤੇ ਹੜ੍ਹ ਕਾਰਨ ਪਿਆਜ ਦੀ ਕਮੀ ਸੀ। ਐਮ.ਈ.ਪੀ. ਦਰ ਦੇ ਹੇਠਾਂ ਕਿਸੇ ਵਸਤੂ ਦੇ ਨਿਰਯਾਤ ਦੀ ਆਗਿਆ ਨਹੀਂ ਹੁੰਦੀ ਹੈ।