ਸਟੀਲ ਦੀਆਂ ਵਧਦੀਆਂ ਕੀਮਤਾਂ ਨਾਲ ਦਰੁਸਤ ਹੋਈ ਕੰਪਨੀਆਂ ਦੀ ਬੈਲੇਂਸ ਸ਼ੀਟ

Saturday, May 29, 2021 - 09:58 AM (IST)

ਸਟੀਲ ਦੀਆਂ ਵਧਦੀਆਂ ਕੀਮਤਾਂ ਨਾਲ ਦਰੁਸਤ ਹੋਈ ਕੰਪਨੀਆਂ ਦੀ ਬੈਲੇਂਸ ਸ਼ੀਟ

ਜਲੰਧਰ (ਬਿਜ਼ਨੈੱਸ ਡੈਸਕ) – ਦੁਨੀਆ ਭਰ ’ਚ ਵਧ ਰਹੀਆਂ ਸਟੀਲ ਦੀਆਂ ਕੀਮਤਾਂ ਦਰਮਿਆਨ ਦੇਸ਼ ਦੀਆਂ ਸਟੀਲ ਨਿਰਮਾਤਾ ਕੰਪਨੀਆਂ ਆਉਣ ਵਾਲੇ ਪੰਜ ਸਾਲਾਂ ’ਚ ਆਪਣੀ ਨਿਰਮਾਣ ਸਮਰੱਥਾ ’ਚ 29 ਮਿਲੀਅਨ ਟਨ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਇਨ੍ਹਾਂ ’ਚੋਂ ਵਿਸਤਾਰ ਦਾ ਜ਼ਿਆਦਾਤਰ ਕੰਮ ਵਿੱਤੀ ਸਾਲ 2024 ਤੱਕ ਪੂਰਾ ਕਰ ਲਿਆ ਜਾਏਗਾ।

ਜੇ. ਐੱਸ. ਡਬਲਯੂ. ਸਟੀਲ ਮਹਾਰਾਸ਼ਟਰ ਦੇ ਡੋਲਵੀ ਅਤੇ ਕਰਨਾਟਕ ਦੇ ਵਿਜੇ ਨਗਰ ਤੋਂ ਇਲਾਵਾ ਓਡਿਸ਼ਾ ਦੇ ਝਰਸੁਗੁੜਾ ’ਚ ਭੂਸ਼ਣ ਪਵਾਰ ਐਂਡ ਸਟੀਲ ਪ੍ਰਾਜੈਕਟ ’ਚ 14.8 ਮਿਲੀਅਨ ਟਨ ਸਮਰੱਥਾ ਵਿਸਤਾਰ ਦਾ ਪ੍ਰਾਜੈਕਟ ਤਿਆਰ ਕੀਤਾ ਹੈ।

ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਵੀ ਓਡਿਸ਼ਾ ਦੇ ਹੀ ਅੰਗੁਲ ’ਚ 6 ਮਿਲੀਅਨ ਟਨ ਦਾ ਸਮਰੱਥਾ ਵਿਸਤਾਰ ਕਰੇਗੀ। ਇਨ੍ਹਾਂ ਤੋਂ ਇਲਾਵਾ ਐੱਨ. ਐੱਮ. ਡੀ. ਸੀ. ਦਾ ਨਾਗਰਣਾਰ ਦਾ ਤਿੰਨ ਮਿਲੀਅਨ ਟਨ ਦੀ ਸਮਰੱਥਾ ਵਿਸਤਾਰ ਵਾਲਾ ਗ੍ਰੀਨ ਫੀਲਡ ਸਟੀਲ ਪਲਾਂਟ ਵੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਕੁਲ ਮਿਲਾ ਕੇ ਸਟੀਲ ਕੰਪਨੀਆਂ ਕਰੀਬ 29 ਮਿਲੀਅਨ ਟਨ ਸਮਰੱਥਾ ਦਾ ਵਿਸਤਾਰ ਕਰਨਗੀਆਂ।

ਟਾਟਾ ਸਟੀਲ ਨੇ ਹਾਲ ਹੀ ’ਚ ਕਿਹਾ ਕਿ ਉਸ ਨੇ ਕਲਿੰਗਾ ਨਗਰ ਪਲਾਂਟ ਦੀ ਸਮਰੱਥਾ ’ਚ 5 ਮਿਲੀਅਨ ਟਨ ਦੇ ਵਿਸਤਾਰ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਹ ਕੰਮ 2024 ਤੱਕ ਪੂਰਾ ਕਰ ਲਿਆ ਜਾਵੇਗਾ।

ਸਮਰੱਥਾ ਵਿਸਤਾਰ ’ਤੇ 15 ਹਜ਼ਾਰ ਕਰੋੜ ਰੁਪਏ ਖਰਚ ਕਰੇਗੀ ਜੇ. ਐੱਸ. ਡਬਲਯੂ. ਸਟੀਲ

ਜੇ. ਐੱਸ. ਡਬਲਯੂ. ਸਟੀਲ ਦੇ ਚੀਫ ਫਾਇਨਾਂਸ਼ੀਅਲ ਆਫਸਰ ਸ਼ੇਸ਼ਗਿਰੀ ਰਾਓ ਨੇ ਕਿਹਾ ਕਿ ਕੰਪਨੀ ਦੇ ਵਿਜੇ ਨਗਰ ਪਲਾਂਟ ਦੀ ਸਮਰੱਥਾ ਫਿਲਹਾਲ 12 ਟਨ ਹੈ ਅਤੇ ਪਲਾਂਟ ਦੇ ਚਾਰ ਹੌਟ ਮੈਟਲ ਯੂਨਿਟਸ ਦੀ ਸਮਰੱਥਾ ਦੇ ਵਿਸਤਾਰ ਦਾ ਕੰਮ ਚੱਲ ਰਿਹਾ ਹੈ ਅਤੇ ਇਹ ਕੰਮ ਇਸ ਸਾਲ ਪੂਰਾ ਹੋ ਜਾਏਗਾ ਅਤੇ ਇਸ ਨਾਲ ਇਕ ਮਿਲੀਅਨ ਟਨ ਸਮਰੱਥਾ ਦਾ ਵਿਸਤਾਰ ਹੋਵੇਗਾ। ਕੰਪਨੀ ਦੇ ਬੋਰਡ ਨੇ ਵਿਜੇ ਨਗਰ ਪਲਾਂਟ ਦੀ ਸਮਰੱਥਾ ’ਚ 5 ਮਿਲੀਅਨ ਟਨ ਦੇ ਵਿਸਤਾਰ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਹ ਕੰਮ 2024 ਤੱਕ ਪੂਰਾ ਕਰ ਲਿਆ ਜਾਏਗਾ। ਇਸ ਕੰਮ ’ਚ ਕਰੀਬ 15 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਤੋਂ ਇਲਾਵਾ ਡੋਵਲੀ ਪਲਾਂਟ ’ਚ ਰੋਕੇ ਗਏ ਬਲਾਸਟ ਫਰਨੇਂਸ ਦੀ ਸਮਰੱਥਾ ਦੇ ਕੰਮ ਨੂੰ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ 1.5 ਮਿਲੀਅਨ ਟਨ ਦਾ ਸਮਰੱਥਾ ਵਿਸਤਾਰ ਹੋਵੇਗਾ। ਵਿਜੇ ਨਗਰ ਪਲਾਂਟ ਦੀ ਸਮਰੱਥਾ ਦਾ ਵਿਸਤਾਰ ਪੂਰਾ ਹੋਣ ਤੋਂ ਬਾਅਦ ਇਸ ਦੀ ਕੁਲ ਸਮਰੱਥਾ 2024 ਤੱਕ ਵਧ ਕੇ 19.5 ਮਿਲੀਅਨ ਟਨ ਹੋ ਜਾਏਗੀ ਜਦ ਕਿ ਡੋਵਲੀ ਪਲਾਂਟ ਦੀ ਸਮਰੱਥਾ ਵਿਸਤਾਰ ਦਾ ਕੰਮ ਸਤੰਬਰ ਮਹੀਨੇ ਤੱਕ ਪੂਰਾ ਹੋ ਜਾਏਗਾ। ਇਸ ਤੋਂ ਇਲਾਵਾ 2.7 ਮਿਲੀਅਨ ਟਨ ਦੀ ਸਮਰੱਥਾ ਵਾਲੇ ਭੂਸ਼ਣ ਪਾਵਰ ਐਂਡ ਸਟੀਲ ਪਲਾਂਟ ਦੀ ਸਮਰੱਥਾ ਵੀ ਵਧਾ ਕੇ 5 ਮਿਲੀਅਨ ਟਨ ਕੀਤੀ ਜਾ ਰਹੀ ਹੈ। ਆਉਣ ਵਾਲੇ ਸਾਲਾਂ ’ਚ ਦੇਸ਼ ਦੀ ਅਰਥਵਿਵਸਥਾ ’ਚ ਤੇਜ਼ੀ ਆਵੇਗੀ ਅਤੇ ਇਸ ਦੌਰਾਨ ਦੇਸ਼ ’ਚ ਸਟੀਲ ਦੀ ਮੰਗ ਵੀ ਵਧੇਗੀ। ਲਿਹਾਜਾ ਇਸ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਵਲੋਂ ਸਮਰੱਥਾ ਵਿਸਤਾਰ ਦੇ ਕੰਮ ਕੀਤੇ ਜਾ ਰਹੇ ਹਨ।

ਜਿੰਦਲ ਸਟੀਲ ਦੀ ਸਮਰੱਥਾ 6 ਮਿਲੀਅਨ ਟਨ ਵਧੇਗੀ

ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵੀ. ਆਰ. ਸ਼ਰਮਾ ਦਾ ਕਹਿਣਾ ਹੈ ਕਿ ਕੰਪਨੀ ਅੰਗੁਲ ਦੇ ਆਪਣੇ ਪਲਾਂਟ ਦੀ ਸਮਰੱਥਾ ਨੂੰ 6 ਤੋਂ ਵਧਾ ਕੇ 12 ਮਿਲੀਅਨ ਟਨ ਕਰਨ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਕੰਪਨੀ ਦੀ ਭਾਰਤ ’ਚ ਕੁਲ ਸਮਰੱਥਾ ਵਧ ਕੇ 16 ਮਿਲੀਅਨ ਟਨ ਹੋ ਜਾਏਗੀ। ਇਸ ਕੰਮ ਚ 18 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਵੇਗਾ। ਕੰਪਨੀ ਦੀ ਸਮਰੱਥਾ ’ਚ 2024 ਤੱਕ ਤਿੰਨ ਮਿਲੀਅਨ ਟਨ ਦਾ ਵਿਸਤਾਰ ਕਰ ਲਿਆ ਜਾਏਗਾ ਜਦ ਕਿ ਬਾਕੀ ਤਿੰਨ ਮਿਲੀਅਨ ਟਨ ਸਮਰੱਥਾ 2026 ਤੱਕ ਜੋੜੀ ਜਾਏਗੀ ਅਤੇ ਇਸ ਤੋਂ ਬਾਅਦ ਕੰਪਨੀ ਦੀ ਸਮਰੱਥਾ ਵਧ ਕੇ 300 ਮਿਲੀਅਨ ਟਨ ਹੋ ਜਾਏਗੀ।

ਸਟੀਲ ਕੰਪਨੀਆਂ ’ਤੇ ਕਰਜ਼ਾ ਘਟਿਆ : ਜਯੰਤ ਰਾਏ

ਰੇਟਿੰਗ ਏਜੰਸੀ ਇਕਰਾ ਦੇ ਸੀਨੀਅਰ ਵਾਈਸ ਪ੍ਰਧਾਨ ਜਯੰਤ ਰਾਏ ਦਾ ਮੰਨਣਾ ਹੈ ਿਕ ਵਿੱਤੀ ਸਾਲ 2021 ਦੀ ਦੂਜੀ ਛਿਮਾਹੀ ਤੋਂ ਬਾਅਦ ਸਟੀਲ ਦੀਆਂ ਕੀਮਤਾਂ ’ਚ ਕਾਫੀ ਜ਼ਿਆਦਾ ਉਛਾਲ ਆਇਆ ਹੈ। ਇਸ ਉਛਾਲ ਨਾਲ ਸਟੀਲ ਨਿਰਮਾਤਾ ਕੰਪਨੀਆਂ ਨੂੰ ਕਾਫੀ ਫਾਇਦਾ ਹੋਇਆ ਹੈ ਅਤੇ ਉਨ੍ਹਾਂ ਕੋਲ ਇਸ ਸਮੇਂ ਕਾਫੀ ਪੈਸਾ ਹੈੈ। ਲਿਹਾਜਾ ਕੰਪਨੀਆਂ ਹੁਣ ਸਮਰੱਥਾ ਵਿਸਤਾਰ ਲਈ ਬਿਹਤਰ ਸਥਿਤੀ ’ਚ ਹਨ। ਸਟੀਲ ਕੀਮਤਾਂ ’ਚ ਆਈ ਤੇਜ਼ੀ ਦਾ ਫਾਇਦਾ ਚੁੱਕ ਕੇ ਕੰਪਨੀਆਂ ਹੁਣ ਆਪਣੀ ਬੈਲੇਂਸ ਸ਼ੀਟ ਨੂੰ ਵੀ ਦਰੁਸਤ ਕਰ ਰਹੀਆਂ ਹਨ। ਇਸ ਦੌਰਾਨ ਟਾਟਾ ਸਟੀਲ ਦਾ ਕਰਜ਼ਾ 75389 ਕਰੋੜ ਰੁਪਏ ਤੋਂ ਘੱਟ ਹੋ ਕੇ ਵਿੱਤੀ ਸਾਲ 2021 ’ਚ 29390 ਕਰੋੜ ਰੁਪਏ ਰਹਿ ਗਿਆ ਹੈ। ਇਸ ਤਰ੍ਹਾਂ ਜਿੰਦਲ ਸਟੀਲ ਐਂਡ ਪਾਵਰ ਦੇ ਕਰਜ਼ੇ ’ਚ 13773 ਕਰੋੜ ਰੁਪਏ ਦੀ ਕਮੀ ਆਈ ਹੈ ਜਦ ਕਿ ਸਰਕਾਰ ਦੀ ਕੰਪਨੀ ਸਟੀਲ ਅਥਾਰਿਟੀ ਆਫ ਇੰਡੀਆ ਦਾ ਕਰਜ਼ਾ ਵੀ ਇਸ ਦੌਰਾਨ 35330 ਕਰੋੜ ਰੁਪਏ ਤੋਂ ਘੱਟ ਹੋ ਕੇ 16150 ਕਰੋੜ ਰੁਪਏ ਰਹਿ ਗਿਆ ਹੈ। ਜੇ. ਐੱਸ. ਡਬਲਯੂ . ਵਲੋਂ ਸਮਰੱਥਾ ਵਿਸਤਾਰ ਲਈ 15 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣ ਤੋਂ ਬਾਅਦ ਵੀ ਕੰਪਨੀ ਦੇ ਕਰਜ਼ੇ ’ਚ 858 ਕਰੋੜ ਰੁਪਏ ਦੀ ਕਮੀ ਆਈ ਹੈ।

ਸਟੀਲ ਕੰਪਨੀਆਂ- ਸਮਰੱਥਾ ਵਿਸਤਾਰ

ਜੇ. ਐੱਸ. ਡਬਲਯੂ. -14.8 ਮਿਲੀਅਨ ਟਨ

ਜੇ. ਐੱਸ. ਪੀ. ਐੱਲ-6 ਮਿਲੀਅਨ ਟਨ

ਟਾਟਾ ਸਟੀਲ-5 ਮਿਲੀਅਨ ਟਨ

ਨਗਰਨਾਰ ਸਟੀਲ -3 ਮਿਲੀਅਨ ਟਨ

ਕਈ ਥਾਂ ਸਟੀਲ ਯੂਨਿਟਸ ਠੱਪ, 10 ਫੀਸਦੀ ਘੱਟ ਹੋ ਸਕਦੈ ਉਤਪਾਦਨ

ਕੋਰੋਨਾ ਮਹਾਮਾਰੀ ਕਾਰਨ ਸਰਕਾਰ ਵਲੋਂ ਲਿਕਵਿਡ ਗੈਸ ਦੇ ਗੈਰ-ਮੈਡੀਕਲ ਗਤੀਵਿਧੀਆਂ ’ਚ ਇਸਤੇਮਾਲ ਕਰਨ ’ਤੇ ਲਗਾਈ ਗਈ ਰੋਕ ਦਾ ਅਸਰ ਦੇਸ਼ ’ਚ ਸੈਕੰਡਰੀ ਸਟੀਲ ਦੇ ਨਿਰਮਾਣ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਦੇਸ਼ ’ਚ ਹੋਣ ਵਾਲੇ ਕੁਲ ਸਟੀਲ ਨਿਰਮਾਣ ’ਚ ਸੈਕੰਡਰੀ ਸਟੀਲ ਦੀ ਹਿੱਸੇਦਾਰੀ 50 ਫੀਸਦੀ ਹੈ ਅਤੇ ਆਕਸੀਜਨ ਦੀ ਕਮੀ ਕਾਰਨ ਇਸ ਸਾਲ ਦੇਸ਼ ’ਚ ਸਟੀਲ ਨਿਰਮਾਣ ’ਚ 8 ਤੋਂ 10 ਫੀਸਦੀ ਤੱਕ ਦੀ ਕਮੀ ਹੋ ਸਕਦੀ ਹੈ। ਜੁਆਇੰਟ ਪਲਾਂਟ ਕਮੇਟੀ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2021 ਦੇ ਪਹਿਲੇ 11 ਮਹੀਨਿਆਂ ’ਚ ਦੇਸ਼ ’ਚ 85.6 ਮਿਲੀਅਨ ਟਨ ਸਟੀਲ ਦਾ ਨਿਰਮਾਣ ਹੋਇਆ ਹੈ ਅਤੇ ਇਹ ਪਿਛਲੇ ਸਾਲ ਇਸ ਮਿਆਦ ’ਚ ਹੋਏ ਸਟੀਲ ਿਨਰਮਾਣ ਦੀ ਤੁਲਨਾ ’ਚ 10.3 ਫੀਸਦੀ ਘੱਟ ਹੈ। ਹਾਲਾਂਕਿ ਇਸ ਦੌਰਾਨ ਸਟੀਲ ਦੀ ਮੰਗ ’ਚ ਵੀ ਇਸ ਮਿਆਦ ’ਚ 9.9 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਇਹ ਘੱਟ ਹੋ ਕੇ 84.69 ਮਿਲੀਅਨ ਟਨ ਰਹਿ ਗਈ ਹੈ।

ਕਰਨਾਟਕ ਅਤੇ ਮਹਾਰਾਸ਼ਟਰ ’ਚ ਉਤਪਾਦਨ ਪ੍ਰਭਾਵਿਤ

ਕਰਨਾਟਕ ਦੇ ਹਾਸਪਤ ’ਚ ਸਪੈਸ਼ਲ ਸਟੀਲ ਦਾ ਨਿਰਮਾਣ ਕਰਨ ਵਾਲੀ ਕੰਪਨੀ ਕਲਿਆਣੀ ਸਟੀਲ ਦੇ ਮੈਨੇਜਿੰਗ ਡਾਇਰੈਕਟਰ ਆਰ. ਕੇ. ਗੋਇਲ ਨੇ ਕਿਹਾ ਕਿ ਆਕਸੀਜਨ ਦੀ ਉਪਲਬਧਤਾ ਨਾ ਹੋਣ ਕਾਰਨ ਕੰਪਨੀ ਆਪਣਾ ਪਲਾਂਟ ਬੰਦ ਕਰ ਦਿੱਤਾ ਹੈ ਅਤੇ ਇਸ ਸਾਲ ਹਰ ਮਹੀਨੇ 20 ਹਜ਼ਾਰ ਟਨ ਸਟੀਲ ਦਾ ਨਿਰਮਾਣ ਪ੍ਰਭਾਵਿਤ ਹੋਇਆ ਹੈ ਅਤੇ ਫਿਲਹਾਲ ਅਨਿਸ਼ਚਿਤਤਾ ਦੀ ਸਥਿਤੀ ਹੈ। ਲਿਹਾਜਾ ਪਲਾਂਟ ਕਦੋਂ ਮੁੜ ਸ਼ੁਰੂ ਹੋਣਗੇ, ਇਸ ਨੂੰ ਲੈ ਕੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਹਾਲਾਂਕਿ ਬਾਜ਼ਾਰ ’ਚ ਮੰਗ ਜ਼ਿਆਦਾ ਨਾ ਹੋਣ ਕਾਰਨ ਸਪਲਾਈ ’ਚ ਕੋਈ ਵੱਡੀ ਰੁਕਾਵਟ ਨਹੀਂ ਆ ਰਹੀ। ਮਹਾਰਾਸ਼ਟਰ ਦੇ ਰਾਏਗੜ੍ਹ ’ਚ 2 ਲੱਖ ਟਨ ਦੀ ਸਮਰੱਥਾ ਵਾਲਾ ਸਟੀਲ ਪਲਾਂਟ ਚਲਾ ਰਹੀ ਮਹਿੰਦਰਾ ਸਾਈਨੋ ਸਪੈਸ਼ਲ ਸਟੀਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੰਪਨੀ ਦਾ ਪਲਾਂਟ ਪਿਛਲੇ 18-19 ਦਿਨ ਤੋਂ ਪੂਰੀ ਤਰ੍ਹਾਂ ਠੱਪ ਹੈ। ਇਸ ਤੋਂ ਪਹਿਲਾਂ ਕੰਪਨੀ ਆਪਣੇ ਕੋਲ ਸਟਾਕ ’ਚ ਮੌਜੂਦ ਹਾਊਸ ਸਪਲਾਈ ਦੀ ਆਕਸੀਜਨ ਨਾਲ ਪਲਾਂਟ ਚਲਾ ਰਹੀ ਸੀ ਪਰ ਹੁਣ ਕੰਮ ਬੰਦ ਹੋ ਚੁੱਕਾ ਹੈ। ਇਸੇ ਤਰ੍ਹਾਂ ਸਪੈਸ਼ਲ ਸਟੀਲ ਬਣਾਉਣ ਵਾਲੀ ਆਰ. ਪੀ. ਸਟੀਲ ਅਤੇ ਅਰੋੜਾ ਸਟੀਲ ਦਾ ਕੰਮ ਵੀ ਆਕਸੀਜਨ ਦੀ ਸਪਲਾਈ ਰੁਕਣ ਕਾਰਨ ਪ੍ਰਭਾਵਿਤ ਹੋਇਆ ਹੈ।

ਸਾਰੇ ਯੂਨਿਟਸ ਆਕਸੀਜਨ ਦੀ ਕਮੀ ਤੋਂ ਪ੍ਰਭਾਵਿਤ ਨਹੀਂ

ਇੰਸਟੀਚਿਊਟ ਆਫ ਸਟੀਲ ਡਿਵੈੱਲਪਮੈਂਟ ਐਂਡ ਗ੍ਰੋਥ ਦੇ ਜਨਰਲ ਸਕੱਤਰ ਪੀ. ਕੇ. ਸੇਨ ਦਾ ਮੰਨਣਾ ਹੈ ਕਿ ਸੈਕੰਡਰੀ ਸਟੀਲ ਦਾ ਨਿਰਮਾਣ ਕਰਨ ਵਾਲੇ ਸਾਰੇ ਯੂਨਿਟਸ ਆਕਸੀਜਨ ਦੀ ਕਮੀ ਤੋਂ ਪ੍ਰਭਾਵਿਤ ਨਹੀਂ ਹੋਏ ਹਨ। ਆਰਕ ਫਰਨੇਸ ਦਾ ਨਿਰਮਾਣ ਕਰਨ ਵਾਲੇ ਸਟੀਲ ਯੂਨਿਟਸ ਨੂੰ ਆਕਸੀਜਨ ਦੀ ਕਮੀ ਨਾਲ ਫਰਕ ਨਹੀਂ ਪਵੇਗਾ ਕਿਉਂਕਿ ਇਸ ਤਰ੍ਹਾਂ ਦਾ ਸਪੈਸ਼ਲ ਸਟੀਲ ਬਣਾਉਣ ਦੀ ਪ੍ਰਕਿਰਿਆ ’ਚ ਆਕਸੀਜਨ ਦਾ ਇਸਤੇਮਾਲ ਨਹੀਂ ਹੁੰਦਾ। ਅਜਿਹੇ ਯੂਨਿਟਸ ਨਿਰਮਾਣ ਗਤੀਵਿਧੀਆਂ ’ਚ ਇਸਤੇਮਾਲ ਹੋਣ ਵਾਲੇ ਟੀ. ਐੱਮ. ਟੀ. ਬਾਰ ਦਾ ਨਿਰਮਾਣ ਕਰਦੇ ਹਨ ਅਤੇ ਇਸ ਤਰ੍ਹਾਂ ਦਾ ਨਿਰਮਾਣ ਆਕਸੀਜਨ ਦੀ ਕਮੀ ਨਾਲ ਪ੍ਰਭਾਵਿਤ ਨਹੀਂ ਹੁੰਦਾ। ਸੈਕੰਡਰੀ ਸਟੀਲ ਦਾ ਸੈਕਟਰ ਅਸੰਗਠਿਤ ਹੈ ਅਤੇ ਖਿੱਲਰਿਆ ਹੋਇਆ ਹੈ। ਲਿਹਾਜਾ ਇਲੈਕਟ੍ਰਾਨਿਕ ਤਰੀਕੇ ਨਲਾ ਚਲਾਈ ਜਾਣ ਵਾਲੀ ਆਰਕ ਫਰਨੇਸ ਅਤੇ ਇੰਡੈਕਸ਼ਨ ਆਰਕ ਫਰਨੇਸ ਦਾ ਡਾਟਾ ਉਪਲਬਧ ਨਹੀਂ ਹੈ। ਇਸ ਦੇ ਬਾਵਜੂਦ ਸਟੀਲ ਦੇ ਨਿਰਮਾਣ ਨੂੰ ਝਟਕਾ ਲੱਗ ਰਿਹਾ ਹੈ।

ਗਾਹਕਾਂ ਨੂੰ ਕੀਮਤਾਂ ’ਚ ਕਮੀ ਦੀ ਉਮੀਦ

ਮੁੰਬਈ ਦੀ ਕੈਪੀਟਲ ਗੁੱਡਸ ਨਿਰਮਾਤਾ ਕੰਪਨੀ ਕੇ. ਈ. ਸੀ. ਇੰਟਰਨੈਸ਼ਨਲ ਦੇ ਸੀ. ਈ. ਓ. ਵਿਮਲ ਕੇਜਰੀਵਾਲ ਦਾ ਮੰਨਣਾ ਹੈ ਕਿ ਗਾਹਕਾਂ ਨੂੰ ਵੀ ਸਟੀਲ ਦੀ ਮੰਗ ’ਚ ਕਮੀ ਕਾਰਨ ਆਉਣ ਵਾਲੇ ਮਹੀਨਿਆਂ ’ਚ ਕੀਮਤਾਂ ’ਚ ਕਮੀ ਦੀ ਉਮੀਦ ਹੈ। ਬਾਜ਼ਾਰ ’ਚ ਸਮੁੱਚੀ ਸਪਲਾਈ ਅਤੇ ਮੰਗ ’ਚ ਕਮੀ ਹੋਣ ਦੇ ਬਾਵਜੂਦ ਸਟੀਲ ਦੀਆਂ ਕੀਮਤਾਂ ਲਗਾਤਾਰ ਉੱਚੇ ਪੱਧਰ ’ਤੇ ਬਣੀਆਂ ਹੋਈਆਂ ਹਨ, ਲਿਹਾਜਾ ਆਉਣ ਵਾਲੇ ਦਿਨਾਂ ’ਚ ਸਟੀਲ ਦੀਆਂ ਕੀਮਤਾਂ ’ਚ ਕਮੀ ਹੋ ਸਕਦੀ ਹੈ, ਜਿਸ ਨਾਲ ਸਾਡੇ ਨੁਕਸਾਨ ਦੀ ਭਰਪਾਈ ਹੋ ਸਕੇਗੀ।


author

Harinder Kaur

Content Editor

Related News