ਚੀਨੀ ਸਰਕਾਰ ਦੀਆਂ ਨਜ਼ਰਾਂ ਤੋਂ ਬਚ ਕੇ ਜਾਣੋ ਕਿਥੇ ਰਹਿ ਰਹੇ ਹਨ ਅਲੀਬਾਬਾ ਦੇ ਜੈਕ ਮਾ
Friday, Dec 02, 2022 - 06:42 PM (IST)

ਨਵੀਂ ਦਿੱਲੀ - ਚੀਨ ਦੀ ਮਸ਼ਹੂਰ ਈ-ਕਾਮਰਸ ਕੰਪਨੀ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਅੱਜਕੱਲ੍ਹ ਜਾਪਾਨ ਦੇ ਟੋਕਿਓ ਵਿਚ ਰਹਿ ਰਹੇ ਹਨ। ਅਮਰੀਕੀ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਆਪਣੀ ਰਿਪੋਰਟ 'ਚ ਇਹ ਦਾਅਵਾ ਕੀਤਾ ਹੈ। ਜੈਕ ਮਾ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਉਹ ਚੀਨ ਤੋਂ ਆਪਣਾ ਨਿੱਜੀ ਸ਼ੈੱਫ ਅਤੇ ਸੁਰੱਖਿਆ ਮੁਲਾਜ਼ਮ ਵੀ ਨਾਲ ਲੈ ਕੇ ਆਇਆ ਹੈ।
ਚੀਨ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਤੋਂ ਬਾਅਦ ਜੈਕ ਮਾ ਜਿਨਪਿੰਗ ਸਰਕਾਰ ਦੀਆਂ ਅੱਖਾਂ ਵਿਚ ਰੜਕਣ ਲੱਗ ਗਏ ਸਨ। ਉਸ ਤੋਂ ਬਾਅਦ ਚੀਨੀ ਸਰਕਾਰ ਦੇ ਰਵੱਈਏ ਜੈਕ ਮਾ ਨੇ ਦੇਸ਼ ਛੱਡ ਦਿੱਤਾ ਕਿਉਂਕਿ ਉਸਨੂੰ ਇਹ ਡਰ ਸੀ ਕਿ ਚੀਨੀ ਸਰਕਾਰ ਉਸ ਦੀ ਹੱਤਿਆ ਤੱਕ ਕਰ ਸਕਦੀ ਹੈ। ਚੀਨ ਦੀ ਸਰਕਾਰ ਨੇ ਜੈਕ ਮਾ ਦੀ ਕੰਪਨੀ 'ਐਂਟ ਗਰੁੱਪ' ਦਾ ਦੁਨੀਆ ਦਾ ਸਭ ਤੋਂ ਵੱਡਾ ਆਈਪੀਓ ਵੀ ਰੋਕ ਦਿੱਤਾ ਗਿਆ ਅਤੇ ਅਰਬਾਂ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਇਸ ਸਾਰੀ ਘਟਨਾ ਤੋਂ ਬਾਅਦ ਜੈਕ ਮਾ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਚੀਨ ਦੇਸ਼ ਨੂੰ ਛੱਡ ਦਿੱਤਾ। ਹੁਣ ਉਹ ਜਨਤਕ ਤੌਰ 'ਤੇ ਦਿਖਾਈ ਨਹੀਂ ਦਿੰਦੇ ਹਨ।
ਇਹ ਵੀ ਪੜ੍ਹੋ : ਕੱਚੇ ਤੇਲ ’ਤੇ ਵਿੰਡਫਾਲ ਟੈਕਸ ਹੋਇਆ ਅੱਧਾ, ਡੀਜ਼ਲ ਦੇ ਐਕਸਪੋਰਟ ’ਤੇ ਟੈਕਸ ਵੀ ਘਟਿਆ
ਉਸਨੇ ਆਖਰੀ ਵਾਰ ਨਵੰਬਰ 2020 ਵਿੱਚ ਟਵੀਟ ਕੀਤਾ ਸੀ ਅਤੇ ਉਸਦਾ ਇੱਕ ਵੀਡੀਓ 2021 ਵਿੱਚ ਸਾਹਮਣੇ ਆਇਆ ਸੀ। ਵੀਡੀਓ ਵਿੱਚ ਜੈਕ ਕਹਿ ਰਿਹਾ ਹੈ ਕਿ ਅਸੀਂ ਮਹਾਂਮਾਰੀ ਖਤਮ ਹੋਣ ਤੋਂ ਬਾਅਦ ਦੁਬਾਰਾ ਮਿਲਾਂਗੇ।
ਜਾਪਾਨ ਦੇ ਆਧੁਨਿਕ ਕਲਾ ਨਾਲ ਜੁੜੇ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਜਾਪਾਨ ਵਿਚ ਵਾਟਰ ਕਲਰ ਪੇਂਟਿੰਗ ਕਰਦੇ ਹਨ। ਜੈਕ ਮਾ ਨੂੰ ਸਪੇਨ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਵਿੱਚ ਵੀ ਦੇਖਿਆ ਗਿਆ ਹੈ। ਇੱਕ ਸਾਲ ਪਹਿਲਾਂ ਨੀਦਰਲੈਂਡ ਤੋਂ ਉਸ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਸੀ।
ਆ ਗਏ ਸੀ ਚੀਨੀ ਸਰਕਾਰ ਦੀਆਂ ਨਜ਼ਰਾਂ ਵਿਚ
ਜੈਕ ਮਾ 24 ਅਕਤੂਬਰ 2020 ਨੂੰ ਇੱਕ ਮੀਟਿੰਗ ਦੌਰਾਨ ਨਿਸ਼ਾਨੇ 'ਤੇ ਆਇਆ ਸੀ। ਇਸ ਬੈਠਕ 'ਚ ਚੀਨੀ ਰਾਜਨੀਤੀ ਅਤੇ ਅਰਥ ਵਿਵਸਥਾ ਦੇ ਵੱਡੇ ਅਧਿਕਾਰੀ ਮੌਜੂਦ ਸਨ। ਇਸ ਵਿੱਚ ਜੈਕ ਮਾ ਨੇ ਚੀਨੀ ਬੈਂਕਾਂ ਦੀ ਆਲੋਚਨਾ ਕੀਤੀ। ਉਸ ਨੇ ਕਿਹਾ ਸੀ, 'ਚੀਨੀ ਬੈਂਕ ਫੰਡਿੰਗ ਲਈ ਕੁਝ ਗਿਰਵੀਨਾਮੇ ਦੀ ਮੰਗ ਕਰਦੇ ਹਨ। ਇਸ ਕਾਰਨ ਨਵੀਆਂ ਤਕਨੀਕਾਂ ਨੂੰ ਫੰਡ ਨਹੀਂ ਮਿਲਦੇ ਅਤੇ ਨਵੇਂ ਤਜਰਬੇ ਰੁਕ ਜਾਂਦੇ ਹਨ।
ਉਨ੍ਹਾਂ ਨੇ ਚੀਨੀ ਨਿਯਮਾਂ ਨੂੰ ਵੀ ਰਾਹ ਵਿੱਚ ਰੁਕਾਵਟ ਦੱਸਿਆ ਸੀ। ਵਾਲ ਸਟਰੀਟ ਜਰਨਲ ਮੁਤਾਬਕ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਜਦੋਂ ਜੈਕ ਮਾ ਦੇ ਸ਼ਬਦਾਂ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ ਵਿਚ ਆ ਗਏ। ਇੱਥੋਂ ਹੀ ਚੀਨ ਦੀ ਜਿਨਪਿੰਗ ਸਰਕਾਰ ਦੇ ਸਾਰੇ ਅਧਿਕਾਰੀ ਚਾਲੀ ਚੋਰਾਂ ਵਾਂਗ ਅਲੀਬਾਬਾ ਦੇ ਸੰਸਥਾਪਕ ਦੇ ਪਿੱਛੇ ਲੱਗ ਗਏ।
ਇਹ ਵੀ ਪੜ੍ਹੋ : Verka ਨੇ ਗਾਹਕਾਂ ਨੂੰ ਦਿੱਤਾ ਝਟਕਾ, ਦੁੱਧ ਮਗਰੋਂ ਹੁਣ ਪਨੀਰ ਦੀਆਂ ਕੀਮਤਾਂ 'ਚ ਵਾਧਾ
ਰੋਕ ਦਿੱਤਾ ਗਿਆ ਸੀ ਵੱਡਾ ਆਈਪੀਓ
ਪਿਛਲੇ ਸਾਲ ਨਵੰਬਰ ਦੇ ਮਹੀਨੇ ਚੀਨ ਦੇ ਸਭ ਤੋਂ ਅਮੀਰ ਕਾਰੋਬਾਰੀ ਜੈਕ ਮਾ ਚਾਈਨਾ ਸਕਿਓਰਿਟੀਜ਼ ਰੈਗੂਲੇਟਰੀ ਕਮਿਸ਼ਨ (ਸੀਐਸਆਰਸੀ) ਯਾਨੀ ਸੇਬੀ ਵਰਗੇ ਸੰਗਠਨ ਦੇ ਸੱਦੇ 'ਤੇ ਬੀਜਿੰਗ ਸਥਿਤ ਉਨ੍ਹਾਂ ਦੇ ਦਫਤਰ ਪਹੁੰਚੇ। ਕੁਝ ਦਿਨਾਂ ਬਾਅਦ ਹੀ 5 ਨਵੰਬਰ ਨੂੰ ਉਹ ਸ਼ੰਘਾਈ ਅਤੇ ਹਾਂਗਕਾਂਗ ਸਟਾਕ ਐਕਸਚੇਂਜਾਂ 'ਤੇ Ant ਗਰੁੱਪ ਦੀ ਕੰਪਨੀ ਨੂੰ ਸੂਚੀਬੱਧ ਕਰਨ ਵਾਲਾ ਸੀ।
ਪਹਿਲਾਂ ਤਾਂ ਜੈਕ ਮਾ ਨੂੰ ਦਫ਼ਤਰ ਵਿਚ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਅਤੇ ਜਦੋਂ ਅਧਿਕਾਰੀ ਉਸ ਨੂੰ ਮਿਲਣ ਆਏ ਤਾਂ ਉਸ ਨੇ ਹੈਲੋ ਵੀ ਨਹੀਂ ਕਿਹਾ। ਉਸਦੀ ਬਾਡੀ ਲੈਂਗਵੇਜ ਬਹੁਤ ਕੁਝ ਕਹਿ ਰਹੀ ਸੀ। ਫਿਰ ਅਫਸਰਾਂ ਨੇ ਜੈਕ ਨੂੰ ਕਿਹਾ, 'ਹੁਣ ਤੁਹਾਡੇ ਗਰੁੱਪ ਨੂੰ ਨਿਯਮਾਂ ਵਿਚ ਢਿੱਲ ਨਹੀਂ ਮਿਲੇਗੀ।' ਉਸ ਮੀਟਿੰਗ ਵਿੱਚ Ant ਦੇ ਆਈਪੀਓ ਬਾਰੇ ਵੀ ਚਰਚਾ ਨਹੀਂ ਹੋਈ।
ਉਦੋਂ ਤੋਂ ਆਈਪੀਓ ਬਾਰੇ ਸ਼ੰਕੇ ਡੂੰਘੇ ਹੋਣੇ ਸ਼ੁਰੂ ਹੋ ਗਏ ਸਨ ਅਤੇ 10 ਨਵੰਬਰ ਦੀ ਦੁਪਹਿਰ ਤੱਕ ਇਹ ਚਰਚਾ ਜ਼ੋਰ ਫੜ ਗਈ ਸੀ ਕਿ Ant ਗਰੁੱਪ ਦੀ ਜਨਤਕ ਪੇਸ਼ਕਸ਼ ਅਜੇ ਨਹੀਂ ਆਵੇਗੀ। ਜਿਉਂ ਜਿਉਂ ਰਾਤ ਵਧਦੀ ਗਈ ਇਹ ਗੱਲ ਵੀ ਸਪੱਸ਼ਟ ਹੁੰਦੀ ਗਈ। ਸਵੇਰੇ 8 ਵਜੇ ਦੇ ਕਰੀਬ, ਸ਼ੰਘਾਈ ਸਟਾਕ ਐਕਸਚੇਂਜ ਨੇ Ant ਦੇ ਪ੍ਰਤੀਨਿਧਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦਾ ਆਈਪੀਓ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਹਰਿਆਣਾ ’ਚ ਸਕਰੈਪ ਪਾਲਿਸੀ ਲਾਗੂ, ਨਵੇਂ ਵਾਹਨ ਦੀ ਖਰੀਦ ਤੇ ਰਜਿਸਟ੍ਰੇਸ਼ਨ ਟੈਕਸ ’ਚ ਮਿਲੇਗੀ ਛੋਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।