ਪੱਛਮੀ ਏਸ਼ੀਆ ਸੰਕਟ ਦਾ ਅਸਰ, ਐਵੀਏਸ਼ਨ-ਟੂਰਿਜ਼ਮ ਇੰਡਸਟਰੀ ਨੂੰ 18,000 ਕਰੋੜ ਰੁਪਏ ਦਾ ਝਟਕਾ

Friday, Apr 17, 2026 - 02:35 AM (IST)

ਪੱਛਮੀ ਏਸ਼ੀਆ ਸੰਕਟ ਦਾ ਅਸਰ, ਐਵੀਏਸ਼ਨ-ਟੂਰਿਜ਼ਮ ਇੰਡਸਟਰੀ ਨੂੰ 18,000 ਕਰੋੜ ਰੁਪਏ ਦਾ ਝਟਕਾ

ਨਵੀਂ ਦਿੱਲੀ - ਪੱਛਮੀ ਏਸ਼ੀਆ ’ਚ ਜਾਰੀ ਤਣਾਅ ਦਾ ਅਸਰ ਹੁਣ ਭਾਰਤ ਦੇ ਐਵੀਏਸ਼ਨ, ਸੈਰ-ਸਪਾਟਾ ਅਤੇ ਹਾਸਪਿਟੈਲਿਟੀ ਸੈਕਟਰ ’ਤੇ ਸਾਫ ਦਿਸਣ ਲੱਗਾ ਹੈ। ਪੀ. ਐੱਚ. ਡੀ. ਸੀ. ਸੀ. ਆਈ. ਦੀ ਤਾਜ਼ਾ ਰਿਪੋਰਟ ਮੁਤਾਬਕ ਇਨਬਾਊਂਡ ਟੂਰਿਸਟ ਟ੍ਰੈਫਿਕ ’ਚ 15-20 ਫੀਸਦੀ ਦੀ ਗਿਰਾਵਟ ਆਈ ਹੈ, ਜਦੋਂਕਿ ਪੂਰੇ ਉਦਯੋਗ ਨੂੰ ਕਰੀਬ 18,000 ਕਰੋੜ ਰੁਪਏ ਦਾ ਝਟਕਾ ਲੱਗਾ ਹੈ ਭਾਵ ਨੁਕਸਾਨ ਹੋਇਆ ਹੈ।

ਰਿਪੋਰਟ ਅਨੁਸਾਰ ਐਵੀਏਸ਼ਨ ਇੰਡਸਟਰੀ ਇਸ ਸੰਕਟ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਏਅਰਸਪੇਸ ਪਾਬੰਦੀਆਂ, ਫਲਾਈਟ ਕੈਂਸਲੇਸ਼ਨ ਅਤੇ ਰੀਰੂਟਿੰਗ ਦੌਰਾਨ ਉਡਾਣਾਂ ਦਾ ਸਮਾਂ 2-4 ਘੰਟੇ ਤੱਕ ਵਧ ਗਿਆ ਹੈ। ਇਸ ਨਾਲ ਈਂਧਨ ਦੀ ਖਪਤ ਅਤੇ ਆਪ੍ਰੇਟਿੰਗ ਲਾਗਤ ’ਚ ਭਾਰੀ ਵਾਧਾ ਹੋਇਆ ਹੈ। ਪਹਿਲਾਂ ਹੀ ਈਂਧਨ ਏਅਰਲਾਈਨਜ਼ ਦੀ ਲਾਗਤ ਦਾ 35-40 ਫੀਸਦੀ ਹੁੰਦਾ ਹੈ, ਅਜਿਹੇ ’ਚ ਮੁਨਾਫੇ ’ਤੇ ਸਿੱਧਾ ਦਬਾਅ ਪਿਆ ਹੈ।

ਗਲੋਬਲ ਬੇਯਕੀਨੀ ਦੌਰਾਨ ਵਿਦੇਸ਼ੀ ਸੈਲਾਨੀ ਭਾਰਤ ਆਉਣ ਤੋਂ ਬਚ ਰਹੇ ਹਨ, ਜਿਸ ਨਾਲ ਇਨਬਾਊਂਡ ਟੂਰਿਜ਼ਮ ’ਚ 15-20 ਫੀਸਦੀ ਦੀ ਕਮੀ ਆਈ ਹੈ। ਉੱਥੇ ਹੀ ਭਾਰਤੀ ਯਾਤਰੀ ਹੁਣ ਲੰਮੀ ਦੂਰੀ ਦੀ ਬਜਾਏ ਥਾਈਲੈਂਡ, ਸਿੰਗਾਪੁਰ ਅਤੇ ਵਿਅਤਨਾਮ ਵਰਗੇ ਨਜ਼ਦੀਕੀ ਦੇਸ਼ਾਂ ਨੂੰ ਤਰਜੀਹ ਦੇ ਰਹੇ ਹਨ।

ਹਾਸਪਿਟੈਲਿਟੀ ਸੈਕਟਰ ਘਰੇਲੂ ਮੰਗ ਸਿਰ ਟਿਕਿਆ
ਹਾਲਾਂਕਿ, ਘਰੇਲੂ ਯਾਤਰਾ ਦੀ ਮਜ਼ਬੂਤ ਮੰਗ ਨੇ ਹੋਟਲ ਇੰਡਸਟਰੀ ਨੂੰ ਸਹਾਰਾ ਦਿੱਤਾ ਹੈ ਪਰ ਵਧਦੀ ਊਰਜਾ ਲਾਗਤ, ਮਹਿੰਗੇ ਇਨਪੁੱਟ ਅਤੇ ਵਿਦੇਸ਼ੀ ਸੈਲਾਨੀਆਂ ਦੀ ਕਮੀ ਨਾਲ ਮੁਨਾਫਾ ਪ੍ਰਭਾਵਿਤ ਹੋਇਆ ਹੈ, ਖਾਸ ਕਰ ਕੇ ਪ੍ਰੀਮੀਅਮ ਅਤੇ ਬਿਜ਼ਨੈੱਸ ਹੋਟਲਾਂ ’ਚ।

ਰੈਸਟੋਰੈਂਟ ਕਾਰੋਬਾਰ ’ਤੇ ਵੀ ਦਬਾਅ
ਰਿਪੋਰਟ ਮੁਤਾਬਕ ਰੈਸਟੋਰੈਂਟ ਸੈਕਟਰ ’ਚ ਇਨਪੁੱਟ ਲਾਗਤ 10-15 ਫੀਸਦੀ ਤੱਕ ਵਧ ਗਈ ਹੈ। ਇਸ ਦੌਰਾਨ ਹਰ ਮਹੀਨੇ ਕਰੀਬ 79,000 ਕਰੋੜ ਰੁਪਏ ਦੇ ਕਾਰੋਬਾਰ ’ਚ ਗਿਰਾਵਟ ਆਈ ਹੈ ਅਤੇ ਕਰੀਬ 10 ਫੀਸਦੀ ਰੈਸਟੋਰੈਂਟ ਬੰਦ ਹੋ ਚੁੱਕੇ ਹਨ। ਵਿਦੇਸ਼ੀ ਗਾਹਕਾਂ ਦੀ ਕਮੀ ਨਾਲ ਪ੍ਰੀਮੀਅਮ ਡਾਈਨਿੰਗ ’ਤੇ ਅਸਰ ਪਿਆ ਹੈ, ਹਾਲਾਂਕਿ ਫੂਡ ਡਲਿਵਰੀ ਅਤੇ ਘਰੇਲੂ ਮੰਗ ਕੁਝ ਰਾਹਤ ਦੇ ਰਹੀ ਹੈ।

ਕੀ ਹਨ ਅੱਗੇ ਦੇ ਉਪਾਅ?
ਰਿਪੋਰਟ ’ਚ ਸੁਝਾਅ ਦਿੱਤਾ ਗਿਆ ਹੈ ਕਿ ਏਅਰ ਰੂਟਸ ’ਚ ਵਿਭਿੰਨਤਾ ਲਿਆਂਦੀ ਜਾਵੇ, ਏ. ਟੀ. ਐੱਫ. ਅਤੇ ਹਾਸਪਿਟੈਲਿਟੀ ਸੈਕਟਰ ’ਤੇ ਟੈਕਸ ਘੱਟ ਕੀਤਾ ਜਾਵੇ ਅਤੇ ਐੱਮ. ਐੱਸ. ਐੱਮ. ਈ. ਨੂੰ ਆਸਾਨ ਲੋਨ ਦਿੱਤਾ ਜਾਵੇ। ਨਾਲ ਹੀ, ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰ ਕੇ ਇਸ ਸੰਕਟ ਦੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਹੈ। ਭਾਵੇਂ ਮੌਜੂਦਾ ਹਾਲਾਤ ਚੁਣੌਤੀਪੂਰਨ ਹਨ ਪਰ ਮਜ਼ਬੂਤ ਘਰੇਲੂ ਮੰਗ ਦੇ ਦਮ ’ਤੇ ਭਾਰਤ ਦਾ ਸੈਰ-ਸਪਾਟਾ ਅਤੇ ਹਾਸਪਿਟੈਲਿਟੀ ਸੈਕਟਰ ਲੰਮੀ ਮਿਆਦ ’ਚ ਫਿਰ ਤੋਂ ਉੱਭਰ ਸਕਦਾ ਹੈ।
 


author

Inder Prajapati

Content Editor

Related News