ਹੋਮ ਲੋਨ ਦੀ EMI ਹੋਵੇਗੀ ਮਹਿੰਗੀ, ਇਸ ਬੈਂਕ ਦੇ ਗਾਹਕਾਂ ਨੂੰ ਵੱਡਾ ਝਟਕਾ

Thursday, May 07, 2026 - 09:49 PM (IST)

ਹੋਮ ਲੋਨ ਦੀ EMI ਹੋਵੇਗੀ ਮਹਿੰਗੀ, ਇਸ ਬੈਂਕ ਦੇ ਗਾਹਕਾਂ ਨੂੰ ਵੱਡਾ ਝਟਕਾ

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ, HDFC ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਆਪਣੀਆਂ ਉਧਾਰ ਦੇਣ ਵਾਲੀਆਂ ਦਰਾਂ ਵਿੱਚ ਅਹਿਮ ਬਦਲਾਅ ਕੀਤਾ ਹੈ। ਬੈਂਕ ਨੇ ਆਪਣੇ 'ਮਾਰਜਿਨਲ ਕਾਸਟ ਆਫ ਫੰਡਸ ਬੇਸਡ ਲੈਂਡਿੰਗ ਰੇਟ' (MCLR) ਵਿੱਚ ਵਾਧਾ ਕਰ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਗਾਹਕਾਂ ਦੀ ਹਰ ਮਹੀਨੇ ਜਾਣ ਵਾਲੀ EMI 'ਤੇ ਪਵੇਗਾ।

ਬੈਂਕ ਨੇ ਤਿੰਨ ਸਾਲ ਦੀ ਮਿਆਦ ਵਾਲੇ MCLR ਵਿੱਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਹੁਣ ਤਿੰਨ ਸਾਲ ਦਾ MCLR 8.55% ਤੋਂ ਵਧ ਕੇ 8.60% 'ਤੇ ਪਹੁੰਚ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡਾ ਹੋਮ ਲੋਨ ਜਾਂ ਕੋਈ ਹੋਰ ਲੰਬੀ ਮਿਆਦ ਦਾ ਕਰਜ਼ਾ ਇਸ ਬੈਂਚਮਾਰਕ ਨਾਲ ਜੁੜਿਆ ਹੋਇਆ ਹੈ, ਤਾਂ ਤੁਹਾਡੀ ਕਿਸ਼ਤ ਦਾ ਬੋਝ ਵਧਣਾ ਤੈਅ ਹੈ। ਇਹ ਨਵੀਆਂ ਦਰਾਂ ਅੱਜ (7 ਮਈ, 2026) ਤੋਂ ਲਾਗੂ ਹੋ ਗਈਆਂ ਹਨ।

ਇੱਕ ਪਾਸੇ ਜਿੱਥੇ ਲੰਬੀ ਮਿਆਦ ਦੇ ਕਰਜ਼ੇ ਮਹਿੰਗੇ ਹੋਏ ਹਨ, ਉੱਥੇ ਹੀ ਬੈਂਕ ਨੇ ਸ਼ਾਰਟ-ਟਰਮ ਲੋਨ ਲੈਣ ਵਾਲਿਆਂ ਨੂੰ ਰਾਹਤ ਵੀ ਦਿੱਤੀ ਹੈ। ਬੈਂਕ ਨੇ ਓਵਰਨਾਈਟ ਤੋਂ ਲੈ ਕੇ ਛੇ ਮਹੀਨਿਆਂ ਤੱਕ ਦੇ MCLR ਵਿੱਚ 0.05 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਫੈਸਲੇ ਨਾਲ ਉਨ੍ਹਾਂ ਕੰਪਨੀਆਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ ਜੋ ਆਪਣੇ ਕਾਰੋਬਾਰ ਦੇ ਵਿਸਤਾਰ ਜਾਂ ਵਰਕਿੰਗ ਕੈਪੀਟਲ ਲਈ ਛੋਟੀ ਮਿਆਦ ਦੇ ਕਰਜ਼ੇ ਲੈਂਦੇ ਹਨ। ਇਸ ਬਦਲਾਅ ਤੋਂ ਬਾਅਦ ਇੱਕ ਮਹੀਨੇ ਦਾ ਰੇਟ 8.10% ਤੋਂ ਘਟ ਕੇ 8.05% ਹੋ ਗਿਆ ਹੈ।

ਬੈਂਕ ਨੇ ਇੱਕ ਅਤੇ ਦੋ ਸਾਲ ਦੀ ਮਿਆਦ ਵਾਲੇ MCLR ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇੱਕ ਸਾਲ ਦਾ ਰੇਟ 8.35% ਅਤੇ ਦੋ ਸਾਲ ਦਾ ਰੇਟ 8.45% 'ਤੇ ਹੀ ਸਥਿਰ ਬਣਿਆ ਹੋਇਆ ਹੈ। ਕੁੱਲ ਮਿਲਾ ਕੇ, ਬੈਂਕ ਦੀਆਂ MCLR ਦਰਾਂ ਹੁਣ 8.05% ਤੋਂ ਸ਼ੁਰੂ ਹੋ ਕੇ 8.60% ਦੇ ਵਿਚਕਾਰ ਹਨ।

ਕੀ ਹੁੰਦਾ ਹੈ MCLR?
MCLR ਉਹ ਘੱਟੋ-ਘੱਟ ਵਿਆਜ ਦਰ ਹੁੰਦੀ ਹੈ, ਜਿਸ ਤੋਂ ਘੱਟ ਦਰ 'ਤੇ ਕੋਈ ਵੀ ਬੈਂਕ ਆਪਣੇ ਗਾਹਕਾਂ ਨੂੰ ਕਰਜ਼ਾ ਨਹੀਂ ਦੇ ਸਕਦਾ। ਭਾਰਤੀ ਰਿਜ਼ਰਵ ਬੈਂਕ (RBI) ਨੇ ਸਾਲ 2016 ਵਿੱਚ ਇਸ ਨੂੰ ਲਾਗੂ ਕੀਤਾ ਸੀ ਤਾਂ ਜੋ ਗਾਹਕਾਂ ਨੂੰ ਵਿਆਜ ਦਰਾਂ ਵਿੱਚ ਹੋਣ ਵਾਲੇ ਬਦਲਾਅ ਦਾ ਪਾਰਦਰਸ਼ੀ ਤਰੀਕੇ ਨਾਲ ਫਾਇਦਾ ਮਿਲ ਸਕੇ।
 


author

Inder Prajapati

Content Editor

Related News