ਆਟੋ ਸੈਕਟਰ ਨੂੰ ਨਹੀਂ ਮਿਲ ਰਹੀ ਮੰਦੀ ਤੋਂ ਰਾਹਤ, ਕਰਮਚਾਰੀਆਂ ਨੂੰ VRS ਦੇਣਗੀਆਂ ਕੰਪਨੀਆਂ

10/4/2019 3:47:14 PM

ਨਵੀਂ ਦਿੱਲੀ — ਆਟੋ ਸੈਕਟਰ ਇਸ ਸਮੇਂ ਦੋ ਦਹਾਕਿਆਂ ਦੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਿਹਾ ਹੈ। ਇਸ ਮੰਦੀ ਦਾ ਅਸਰ ਨਾ ਸਿਰਫ ਆਟੋ ਕੰਪਨੀਆਂ ਨੂੰ ਭੁਗਤਨਾ ਪੈ ਰਿਹਾ ਹੈ ਸਗੋਂ ਇਨ੍ਹਾਂ ਕੰਪਨੀਆਂ ਦੇ ਕਰਮਚਾਰੀਆਂ 'ਤੇ ਵੀ ਮੰਦੀ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ ਇਸ ਸੈਕਟਰ ਦੇ ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ। ਹੁਣ ਇਸ ਸੂਚੀ 'ਚ ਟਯੋਟਾ ਕੰਪਨੀ ਦਾ ਨਾਂ ਵੀ ਜੁੜ ਗਿਆ ਹੈ। ਟਯੋਟਾ ਨੇ ਆਪਣੇ ਕਰਮਚਾਰੀਆਂ ਦੀ ਸੰਖਿਆ 'ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਸ ਲਈ ਸਥਾਈ ਕਰਮਚਾਰੀਆਂ ਨੂੰ ਸਵੈ-ਇੱਛਾ(ਆਪਣੀ ਮਰਜ਼ੀ ਨਾਲ) ਰਿਟਾਇਰਮੈਂਟ(VRS) ਲੈਣ ਲਈ ਕਹਿ ਦਿੱਤਾ ਹੈ। 

ਇਸ ਤੋਂ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਤਿਉਹਾਰੀ ਸੀਜ਼ਨ 'ਚ ਆਟੋ ਸੈਕਟਰ 'ਚ ਵਾਹਨਾਂ ਦੀ ਵਿਕਰੀ 'ਚ ਉਛਾਲ ਆਵੇਗਾ, ਪਰ ਨਤੀਜੇ ਉਮੀਦ ਦੇ ਹਿਸਾਬ ਨਾਲ ਸਾਹਮਣੇ ਨਹੀਂ ਆ ਰਹੇ। ਖਬਰਾਂ ਮੁਤਾਬਕ ਜਾਪਾਨ ਦੀ ਟਯੋਟਾ ਮੋਟਰ ਕਾਰਪੋਰੇਸ਼ਨ ਦੀ ਭਾਰਤੀ ਸਬਸਿਡਰੀ ਕੰਪਨੀ ਟਯੋਟਾ ਕਿਰਲਾਸਕਰ ਮੋਟਰ ਚੌਥੀ ਅਜਿਹੀ ਕੰਪਨੀ ਬਣ ਗਈ ਹੈ ਜਿਸਨੇ ਆਪਣੇ ਕਰਮਚਾਰੀਆਂ ਲਈ ਸਵੈ-ਇੱਛਾ ਰਿਟਾਰਮੈਂਟ ਯੋਜਨਾ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਜਨਰਲ ਮੋਟਰ, ਹੀਰੋ ਮੋਟੋਕਾਰਪ, ਅਸ਼ੋਕ ਲੀਲੈਂਡ ਨੇ VRS ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਅਸ਼ੋਕ ਲੀਲੈਂਡ ਨੇ ਅਗਸਤ 'ਚ ਆਪਣੇ ਕਰਮਚਾਰੀਆਂ ਲਈ ਅਜਿਹੀ ਹੀ ਸਕੀਮ ਲਾਂਚ ਕੀਤੀ ਸੀ ਅਤੇ ਵਾਹਨਾਂ ਦੇ ਉਤਪਾਦਨ 'ਚ ਕਟੌਤੀ ਕੀਤੀ ਸੀ। ਦੋ ਪਹੀਆ ਬਣਾਉਣ ਵਾਲੀ ਕੰਪਨੀ ਹੀਰੋ ਮੋਟੋਕਾਰਪ ਨੇ ਘਾਟਾ ਪੂਰਾ ਕਰਨ ਲਈ ਸਤੰਬਰ 'ਚ ਆਪਣੇ ਕਰਮਚਾਰੀਆਂ ਲਈ VRS ਸਕੀਮ ਲਾਂਚ ਕੀਤੀ ਸੀ।

VRS ਸਕੀਮ ਕੰਪਨੀ-ਕਰਮਚਾਰੀਆਂ ਦੋਵਾਂ ਲਈ ਲਾਹੇਵੰਦ

VRS ਸਕੀਮ ਕੰਪਨੀ ਦੇ ਨਾਲ-ਨਾਲ ਕਰਮਚਾਰੀਆਂ ਲਈ ਵੀ ਲਾਹੇਵੰਦ ਹੁੰਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਕਰਮਚਾਰੀ ਨੂੰ ਬਾਹਰ ਕਰਨ ਦੀ ਬਜਾਏ ਇਹ ਸਕੀਮ ਜ਼ਿਆਦਾ ਸਹੀ ਰਹਿੰਦੀ ਹੈ। ਅਜਿਹੇ ਕਦਮ ਚੁੱਕਣ ਨਾਲ ਕੰਪਨੀਆਂ ਨਾ ਸਿਰਫ ਕਰਮਚਾਰੀਆਂ ਦੀ ਅਹਿਮੀਅਤ ਪ੍ਰਦਰਸ਼ਿਤ ਕਰਦੀਆਂ ਹਨ ਸਗੋਂ ਕਰਮਚਾਰੀਆਂ ਦੀ ਲਾਗਤ ਵੀ ਘੱਟ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਜੋ ਵਾਹਨ ਵਿਕਰੀ ਘੱਟ ਹੋਣ ਕਾਰਨ ਆਪਣੇ ਆਪਰੇਸ਼ਨਲ ਕਾਸਟ ਅਤੇ ਮਾਰਜਨ ਨੂੰ ਸੰਤੁਲਿਤ ਕੀਤਾ ਜਾ ਸਕੇ।