‘ਇਤਿਹਾਸ ‘ਚ ਸਭ ਤੋਂ ਔਖੇ ਦੌਰ ‘ਚੋਂ ਲੰਘ ਰਿਹੈ ਭਾਰਤੀ ਆਟੋ ਉਦਯੋਗ’
Saturday, Sep 05, 2020 - 01:20 AM (IST)
ਨਵੀਂ ਦਿੱਲੀ (ਭਾਸ਼ਾ)–ਮਾਰੂਤੀ ਸੁਜ਼ੂਕੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਕੇਨਿਚੀ ਆਯੁਕਾਵਾ ਨੇ ਕਿਹਾ ਕਿ ਭਾਰਤੀ ਆਟੋ ਉਦਯੋਗ ਇਤਿਹਾਸ ‘ਚ ਸਭ ਤੋਂ ਔਖੇ ਦੌਰ ‘ਚੋਂ ਲੰਘ ਰਿਹਾ ਹੈ ਅਤੇ ਉਸ ਨੂੰ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ‘ਚ ਕਮੀ ਅਤੇ ਉਤਸ਼ਾਹ ਆਧਾਰਿਤ ਸਕ੍ਰੈਪੇਜ ਨੀਤੀ ਦੇ ਰੂਪ ‘ਚ ਸਰਕਾਰੀ ਮਦਦ ਦੀ ਲੋੜ ਹੈ। ਆਯੁਕਾਵਾ ਜੋ ਆਟੋ ਉਦਯੋਗ ਦੀ ਸੰਸਥਾ ਸਿਆਮ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਅਤੇ ਪਿਛਲੇ ਵਿੱਤੀ ਸਾਲ ਤੋਂ ਜਾਰੀ ਸੁਸਤੀ ਕਾਰਣ ਇਹ ਖੇਤਰ ਕਈ ਸਾਲ ਪਿੱਛੇ ਚਲਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸੰਸਾਰਿਕ ਸਿਹਤ ਸੰਕਟ ਦੇ ਸਾਹਮਣੇ ਆਉਣ ‘ਤੇ ਭਾਰਤੀ ਆਟੋ ਉਦਯੋਗ ਨੇ ਵੈਂਟੀਲੇਟਰ, ਨਿੱਜੀ ਸੁਰੱਖਿਆ ਯੰਤਰ (ਪੀ. ਪੀ. ਈ.) ਦੇ ਨਿਰਮਾਣ ‘ਚ ਆਪਣੀ ਭੂਮਿਕਾ ਨਿਭਾਈ ਅਤੇ ਵਾਇਰਸ ਨਾਲ ਲੜਨ ਲਈ ਵਿਦੇਸ਼ਾਂ ਤੋਂ ਪਰੀਖਣ ਕਿੱਟ ਦੀ ਦਰਾਮਦ ਵੀ ਕੀਤੀ। ਆਯੁਕਾਵਾ ਨੇ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨਿਊਫੈਕਚਰਜ਼ (ਸਿਆਮ) ਦੇ 60ਵੇਂ ਸਾਲਾਨਾ ਸੰਮੇਲਨ ‘ਚ ਕਿਹਾ ਕਿ ਉਹ ਕਹਿ ਸਕਦੇ ਹਨ ਕਿ ਅਗਸਤ ‘ਚ ਅਸੀਂ ਪਿਛਲੇ ਸਾਲ ਦੀ ਤੁਲਨਾ ‘ਚ ਵਾਪਸੀ ਕੀਤੀ ਹੈ। ਹਾਲਾਂਕਿ ਪਿਛਲੇ ਸਾਲ ਦੀ ਤੁਲਨਾ ਕਰਨਾ ਸਹੀ ਨਹੀਂ ਹੋਵੇਗਾ ਕਿਉਂਕਿ ਉਸ ਦੌਰਾਨ ਉਦਯੋਗ ਨੇ 15-25 ਫੀਸਦੀ ਦਾ ਨਾਂਹਪੱਖੀ ਵਾਧਾ ਦਰਜ ਕੀਤਾ ਸੀ। ਇਸ ਨਾਂਹਪੱਖੀ ਵਾਧੇ ਨੇ ਉਦਯੋਗ ਨੂੰ ਕਈ ਸਾਲ ਪਿੱਛੇ ਕਰ ਦਿੱਤਾ ਹੈ। ਇਹ ਸੰਮੇਲਨ ਆਨਲਾਈਨ ਆਯੋਜਨ ਕੀਤਾ ਗਿਆ ਸੀ।
ਉਦਯੋਗ ਨੂੰ ਮਦਦ ਦੀ ਲੋੜ
ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ‘ਚ ਕਮੀ ਦੀ ਆਟੋ ਉਦਯੋਗ ਦੀ ਪੁਰਾਣੀ ਮੰਗ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਯੁਕਾਵਾ ਨੇ ਕਿਹਾ ਕਿ ਅਸੀਂ ਇਤਿਹਾਸ ‘ਚ ਸਭ ਤੋਂ ਔਖੇ ਸਮੇਂ ਦਾ ਸਾਹਮਣਾ ਕਰ ਰਹੇ ਹਾਂ। ਉਦਯੋਗ ਨੂੰ ਤੁਹਾਡੀ (ਸਰਕਾਰ) ਮਦਦ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜੀ. ਐੱਸ. ਟੀ. ‘ਚ ਕਟੌਤੀ ਅਤੇ ਉਤਸ਼ਾਹ ਯੋਜਨਾ ਦਾ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹਾਂ। ਸਾਡਾ ਮੰਨਣਾ ਹੈ ਕਿ ਵਧਦੇ ਕਾਰੋਬਾਰ ‘ਤੇ ਮਿਲਣ ਵਾਲਾ ਟੈਕਸ ਸਰਕਾਰ ਦੀ ਸਕ੍ਰੈਪੇਜ ਯੋਜਨਾ ਅਤੇ ਜੀ. ਐੱਸ. ਟੀ. ‘ਚ ਕਟੌਤੀ ਨਾਲ ਜ਼ਿਆਦਾ ਹੋਵੇਗਾ। ਇਸ ਮੌਕੇ ‘ਤੇ ਉਨ੍ਹਾਂ ਨੇ ਉਦਯੋਗ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਧੰਨਵਾਦ ਕਿਹਾ, ਜਿਨ੍ਹਾਂ ਨੇ ਸੰਮੇਲਨ ‘ਚ ਇਹ ਭਰੋਸਾ ਦਿੱਤਾ ਕਿ ਉਹ ਜੀ. ਐੱਸ. ਟੀ. ਕਟੌਤੀ ਦੇ ਮੁੱਦੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਸਾਹਮਣੇ ਉਠਾਉਣਗੇ।