ਨੀਲਾਮ ਹੋਣਗੀਆਂ ਨੀਰਵ ਮੋਦੀ ਦੀਆਂ ਲਗਜ਼ਰੀ ਕਾਰਾਂ, ਘੜੀਆਂ ਤੇ ਪੇਂਟਿੰਗ

02/20/2020 4:25:21 PM

ਨਵੀਂ ਦਿੱਲੀ — ਦੇਸ਼ 'ਚੋਂ ਫਰਾਰ ਚਲ ਰਹੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ ਲਗਜ਼ਰੀ ਕਾਰਾਂ, ਘੜੀਆਂ ਅਤੇ ਹੋਰ ਦੂਜਾ ਕੀਮਤੀ ਸਮਾਨ ਨੀਲਾਮ ਕੀਤਾ ਜਾਵੇਗਾ। ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ ਆਨ ਲਾਈਨ ਨੀਲਾਮੀ ਦਾ ਜ਼ਿੰਮਾ ਮੁੰਬਈ ਦੀ ਸੈਫਰਨ ਆਰਟਸ ਨੂੰ ਸੌਂਪਿਆ ਹੈ।
ਸੈਫਰਨ ਆਰਟਸ ਪਹਿਲੀ ਆਨ ਲਾਈਨ ਨੀਲਾਮੀ ਅਗਲੇ ਮਹੀਨੇ 27 ਫਰਵਰੀ ਨੂੰ ਆਯੋਜਿਤ ਕਰੇਗੀ ਜਦੋਂਕਿ ਦੂਜੀ ਨੀਲਾਮੀ 3 ਅਤੇ 4 ਮਾਰਚ ਨੂੰ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਈ.ਡੀ. ਨੇ ਕਿਸੇ ਪ੍ਰੋਫੈਸ਼ਨਲ ਨੀਲਾਮੀ ਹਾਊਸ ਨੂੰ ਜ਼ਬਤ ਕੀਤੀ ਗਈ ਜਾਇਦਾਦ ਨੂੰ ਨੀਲਾਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। 
ਇਸ ਤੋਂ ਪਹਿਲਾਂ ਪਿਛਲੇ ਸਾਲ ਮਾਰਚ ਵਿਚ ਸੈਫਰਨ ਆਰਟਸ ਨੇ ਆਮਦਨ ਟੈਕਸ ਵਿਭਾਗ ਲਈ ਨੀਰਵ ਮੋਦੀ ਦੀਆਂ ਪੇਂਟਿੰਗਸ ਨੀਲਾਮ ਕਰਕੇ 54.84 ਕਰੋੜ ਰੁਪਏ ਇਕੱਠੇ ਕੀਤੇ ਸਨ। ਦੋਵਾਂ ਨੀਲਾਮੀਆਂ 'ਚ ਦੇਸ਼ ਦੇ ਬਿਹਤਰੀਨ ਕਲਾਕਾਰਾਂ ਦੀਆਂ 15 ਪੇਂਟਿੰਗਸ ਸ਼ਾਮਲ ਹੋਣਗੀਆਂ। ਇਨ੍ਹਾਂ 'ਚ 1935 ਵਿਚ ਅੰਮ੍ਰਿਤਾ ਸ਼ੇਰਗਿੱਲ ਦਾ ਬਣਾਇਆ ਇਕ ਮਾਸਟਰ ਪੀਸ ਹੈ ਜਿਸ ਨੂੰ ਪਹਿਲਾਂ ਕਦੇ ਨੀਲਾਮ ਨਹੀਂ ਕੀਤਾ ਗਿਆ।
ਇਸ ਤੋਂ ਇਲਾਵਾ ਮਸ਼ਹੂਰ ਪੇਂਟਰ ਐਮ.ਐਫ. ਹੂਸੈਨ ਦੀ 'ਮਹਾਭਾਰਤ' ਸੀਰੀਜ਼ ਵਿਚੋਂ ਇਕ ਆਇਲ ਇਨ ਕੈਨਵਸ ਵੀ ਨੀਲਾਮ ਹੋਵੇਗੀ। ਦੋਵਾਂ ਦੀ ਕੀਮਤ 12 ਕਰੋੜ ਤੋਂ 18 ਕਰੋੜ ਵਿਚਕਾਰ ਲਗਾਈ ਗਈ ਹੈ। ਇਸ ਤੋਂ ਇਲਾਵਾ ਜ਼ਬਤ ਕੀਤੀਆਂ ਗਈਆਂ ਲਗਜ਼ਰੀ ਘੜੀਆਂ, ਹੈਂਡਬੈਗ ਅਤੇ ਕਾਰਾਂ ਵੀ ਨੀਲਾਮ ਕੀਤੀਆਂ ਜਾਣਗੀਆਂ।
ਸੈਫਰਨ ਆਰਟਸ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਦਿਨੇਸ਼ ਵਜਰਾਨੀ ਨੇ ਦੱਸਿਆ, 'ਅਸੀਂ ਈ.ਡੀ. ਦੇ ਨਾਲ ਹਰ ਇਕ ਆਈਟਮ ਦੀ ਕੀਮਤ ਤੈਅ ਕਰ ਰਹੇ ਹਾਂ ਅਤੇ ਦੋਵਾਂ ਨੀਲਾਮੀਆਂ ਲਈ ਇਕ ਕੈਟਲਾਗ ਤਿਆਰ ਕਰ ਰਹੇ ਹਾਂ ਜਿਸ ਵਿਚ ਅੰਮ੍ਰਿਤਾ ਪ੍ਰੀਤਮ, ਸ਼ੇਰ ਗਿੱਲ, ਐਮ.ਐਫ. ਹੁਸੈਨ ਅਤੇ ਵੀ.ਐਸ. ਗਾਇਤੋਂਡੇ ਵਰਗੇ ਕਲਾਕਾਰਾਂ ਦੀਆਂ ਪੇਂਟਿੰਗਸ ਸ਼ਾਮਲ ਹਨ।
ਨੀਰਵ ਮੋਦੀ ਦੀ ਪੋਰਸ਼ ਪਨਾਮਰਾ ਅਤੇ ਰਾਇਲ ਰਾਇਸ ਗੋਸਟ ਕਾਰਾਂ ਵੀ ਨੀਲਾਮ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਪੰਜਾਬ ਨੈਸ਼ਨਲ ਧੋਖਾਧੜੀ ਦਾ ਮੁੱਖ ਦੋਸ਼ੀ ਹੈ। ਲੰਡਨ ਦੀ ਜੇਲ ਵਿਚ ਬੰਦ ਨੀਰਵ ਮੋਦੀ ਦੇ ਸਿਰ 'ਤੇ ਭਾਰਤ ਹਵਾਲਗੀ ਦੀ ਤਲਵਾਰ ਲਟਕ ਰਹੀ ਹੈ। ਸੀ.ਬੀ.ਆਈ. ਅਤੇ ਈ.ਡੀ. ਵਰਗੀਆਂ ਏਜੰਸੀਆਂ ਉਸਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।


Related News