ATM 'ਚੋਂ 5,000 ਤੋਂ ਵੱਧ ਰੁ: ਕਢਾਉਣਾ ਪਏਗਾ ਮਹਿੰਗਾ, ਆ ਰਿਹੈ ਇਹ ਨਿਯਮ

10/22/2020 1:53:50 PM

ਨਵੀਂ ਦਿੱਲੀ—  ਬੈਂਕ ਖਾਤਾਧਾਰਕਾਂ ਨੂੰ ਇਕ ਵਾਰ 'ਚ ਏ. ਟੀ. ਐੱਮ. 'ਚੋਂ 5,000 ਰੁਪਏ ਤੋਂ ਵੱਧ ਰਕਮ ਕਢਾਉਣਾ ਹੁਣ ਮਹਿੰਗਾ ਪੈ ਸਕਦਾ ਹੈ। ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ 5 ਹਜ਼ਾਰ ਰੁਪਏ ਤੋਂ ਵੱਧ ਦੀ ਏ. ਟੀ. ਐੱਮ. ਨਿਕਾਸੀ 'ਤੇ 24 ਰੁਪਏ ਚਾਰਜ ਲਾਗੂ ਕੀਤਾ ਜਾ ਸਕਦਾ ਹੈ।

ਫਿਲਹਾਲ ਮੌਜੂਦਾ ਨਿਯਮਾਂ ਮੁਤਾਬਕ, ਮਹੀਨੇ 'ਚ ਪੰਜ ਵਾਰ ਏ. ਟੀ. ਐੱਮ. 'ਚੋਂ ਬਿਨਾਂ ਕਿਸੇ ਚਾਰਜ ਦੇ ਪੈਸੇ ਕਢਾਏ ਜਾ ਸਕਦੇ ਹਨ। ਜੇਕਰ ਇਕ ਮਹੀਨੇ 'ਚ ਪੰਜ ਵਾਰ ਤੋਂ ਵੱਧ ਏ. ਟੀ. ਐੱਮ. ਨਿਕਾਸੀ ਕੀਤੀ ਜਾਂਦੀ ਹੈ ਤਾਂ 6ਵੀਂ ਨਿਕਾਸੀ 'ਤੇ 20 ਰੁਪਏ ਫੀਸ ਲੱਗਦੀ ਹੈ।

ਕਿਹਾ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਇਕ ਕਮੇਟੀ ਵੱਲੋਂ ਦਿੱਤੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਏ. ਟੀ. ਐੱਮ. 'ਚੋਂ ਪੈਸੇ ਕਢਾਉਣ ਦੇ ਨਿਯਮਾਂ 'ਚ ਤਬਦੀਲੀ ਕੀਤੀ ਜਾ ਰਹੀ ਹੈ। ਹਾਲਾਂਕਿ, ਕਮੇਟੀ ਦੀ ਰਿਪੋਰਟ ਨੂੰ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ ਐਕਟ (ਆਰ. ਟੀ. ਆਈ.) ਤਹਿਤ ਮੰਗੀ ਗਈ ਜਾਣਕਾਰੀ 'ਚ ਦਿੱਤੀ ਗਈ ਹੈ।

ਰਿਪੋਰਟਾਂ ਦਾ ਕਹਿਣਾ ਹੈ ਕਿ ਸਿਫਾਰਸ਼ਾਂ ਦੇ ਆਧਾਰ 'ਤੇ ਬੈਂਕ 8 ਸਾਲਾਂ ਪਿੱਛੋਂ ਏ. ਟੀ. ਐੱਮ. ਫੀਸ 'ਚ ਤਬਦੀਲੀ ਕਰ ਸਕਦੇ ਹਨ। ਰਿਜ਼ਰਵ ਬੈਂਕ ਕਮੇਟੀ ਨੇ ਨਕਦ ਨਿਕਾਸੀ ਨੂੰ ਘੱਟ ਕਰਨ ਲਈ ਇਹ ਸਿਫਾਰਸ਼ ਦਿੱਤੀ ਸੀ, ਤਾਂ ਜੋ ਲੋਕ ਵੱਧ-ਵੱਧ ਡਿਜੀਟਲ ਲੈਣ-ਦੇਣ ਕਰਨ ਲਈ ਉਤਸ਼ਾਹਤ ਹੋਣ। ਭਾਰਤੀ ਬੈਂਕ ਸੰਘ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ. ਜੀ. ਕੰਨਨ ਦੀ ਅਗਵਾਈ ਵਾਲੀ ਕਮੇਟੀ ਨੇ ਇਹ ਰਿਪੋਰਟ ਰਿਜ਼ਰਵ ਬੈਂਕ ਨੂੰ 22 ਅਕਤੂਬਰ 2019 ਨੂੰ ਸੌਂਪੀ ਸੀ। ਹਾਲਾਂਕਿ, ਇਹ ਕਦੇ ਵੀ ਜਨਤਕ ਨਹੀਂ ਕੀਤੀ ਗਈ। ਆਰ. ਟੀ. ਆਈ. ਕਾਰਕੁਨ ਸ਼੍ਰੀਕਾਂਤ ਐੱਲ ਨੇ ਆਰ. ਟੀ. ਆਈ. ਰਾਹੀਂ ਆਰ. ਬੀ. ਆਈ. ਤੋਂ ਇਸ ਸਬੰਧ 'ਚ ਜਾਣਕਾਰੀ ਮੰਗੀ ਸੀ।


Sanjeev

Content Editor

Related News