ATM ਤੋਂ ਕੈਸ਼ ਕੱਢਣਾ ਹੋ ਸਕਦੈ ਮਹਿੰਗਾ NPCI ਨੇ ਰੱਖਿਆ ਇੰਟਰਚੇਂਜ ਚਾਰਜ ਵਧਾਉਣ ਦਾ ਪ੍ਰਸਤਾਵ

02/09/2019 9:09:47 PM

ਨਵੀਂ ਦਿੱਲੀ— ਆਉਣ ਵਾਲੇ ਸਮੇਂ 'ਚ ਏ. ਟੀ. ਐੱਮ. ਤੋਂ ਕੈਸ਼ ਕੱਢਣਾ ਮਹਿੰਗਾ ਹੋ ਸਕਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਨੇ ਕੈਸ਼ ਵਿਦਡਰਾਲਸ ਲਈ ਇੰਟਰਚੇਂਜ ਚਾਰਜ ਵਧਾਉਣ ਦਾ ਪ੍ਰਸਤਾਵ ਰੱਖਿਆ ਹੈ। ਇੰਟਰਚੇਂਜ ਚਾਰਜ ਉਹ ਅਮਾਊਂਟ ਹੁੰਦੀ ਹੈ ਜੋ ਏ. ਟੀ. ਐੱਮ. ਆਪ੍ਰੇਟਰਸ ਤੋਂ ਹਰੇਕ ਟਰਾਂਜ਼ੈਕਸ਼ਨ ਲਈ ਵਸੂਲੀ ਜਾਂਦੀ ਹੈ। ਐੱਨ. ਪੀ. ਸੀ. ਆਈ. ਨੇ ਇੰਟਰਚੇਂਜ ਫੀਸ ਵਧਾਉਣ ਦੀ ਸਿਫਾਰਸ਼ ਅਜਿਹੇ ਸਮੇਂ ਕੀਤੀ ਹੈ ਜਦੋਂ ਏ. ਟੀ. ਐੱਮਜ਼ ਦਾ ਸੰਚਾਲਨ ਕਰਨ ਵਾਲੀਆਂ ਕੰਪਨੀਆਂ ਪਹਿਲਾਂ ਹੀ ਲਾਗਤ ਵਧਣ ਦੀ ਗੱਲ ਕਹਿ ਰਹੀਆਂ ਹਨ। ਅਜਿਹੇ 'ਚ ਜੇਕਰ ਸਰਕਾਰ ਇੰਟਰਚੇਂਜ ਫੀਸ ਵਧਾਉਂਦੀ ਹੈ ਤਾਂ ਏ. ਟੀ. ਐੱਮ. ਸੰਚਾਲਨ ਕਰਨ ਵਾਲੀਆਂ ਕੰਪਨੀਆਂ ਦੀ ਲਾਗਤ ਹੋਰ ਵਧੇਗੀ ਤੇ ਇਸ ਦਾ ਬੋਝ ਏ. ਟੀ. ਐੱਮ. ਤੋਂ ਪੈਸੇ ਕੱਢਣ ਵਾਲਿਆਂ ਨੂੰ ਵੀ ਚੁੱਕਣਾ ਪੈ ਸਕਦਾ ਹੈ।
ਪਿਛਲੇ 6 ਸਾਲਾਂ ਤੋਂ ਨਹੀਂ ਵਧੀ ਹੈ ਇੰਟਰਚੇਂਜ ਫੀਸ
ਏ. ਟੀ. ਐੱਮ. ਸਰਵਿਸ ਮੁਹੱਈਆ ਕਰਵਾਉਣ ਵਾਲੀ ਕੰਪਨੀ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇੰਟਰਚੇਂਜ ਫੀਸ ਪਿਛਲੇ 6 ਸਾਲਾਂ ਤੋਂ ਉਸੇ ਪੱਧਰ 'ਤੇ ਹੈ। ਇਹ ਏ. ਟੀ. ਐੱਮ. ਤੋਂ ਪ੍ਰਤੀ ਟਰਾਂਜ਼ੈਕਸ਼ਨ 'ਤੇ ਆਉਣ ਵਾਲੀ ਲਾਗਤ ਨਾਲੋਂ ਵੀ ਘੱਟ ਹੈ। ਅਜਿਹੇ 'ਚ ਇੰਟਰਚੇਂਜ ਫੀਸ ਵਧਾਈ ਜਾਣੀ ਚਾਹੀਦੀ ਹੈ। ਉਥੇ ਹੀ ਇੰਟਰਚੇਂਜ ਫੀਸ ਦਾ ਭੁਗਤਾਨ ਕਰਨ ਵਾਲੇ ਬੈਂਕ ਇਸ 'ਚ ਵਾਧਾ ਨਹੀਂ ਚਾਹੁੰਦੇ। ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਇੰਟਰਚੇਂਜ ਫੀਸ ਨਹੀਂ ਵਧਾਈ ਜਾਂਦੀ ਤਾਂ ਇਸ 'ਚ ਰੈਗੂਲੇਟਰੀ ਨੂੰ ਦਖਲ ਦੇਣਾ ਚਾਹੀਦਾ ਹੈ।
ਕੌਣ ਤੈਅ ਕਰਦਾ ਹੈ ਇੰਟਰਚੇਂਜ ਫੀਸ
ਇੰਟਰਚੇਂਜ ਫੀਸ ਐੱਨ. ਪੀ. ਸੀ. ਆਈ. ਦੀ ਸੰਚਾਲਨ ਕਮੇਟੀ ਤੈਅ ਕਰਦੀ ਹੈ। ਇਸ 'ਚ ਪ੍ਰਮੁੱਖ ਰੂਪ ਨਾਲ ਬੈਂਕ ਦੇ ਪ੍ਰਤੀਨਿਧੀ ਸ਼ਾਮਲ ਹੁੰਦੇ ਹਨ। ਐੱਨ. ਪੀ. ਸੀ. ਆਈ. ਨੇ ਸਿਫਾਰਿਸ਼ ਕੀਤੀ ਹੈ ਕਿ ਇੰਟਰਚੇਂਜ ਫੀਸ ਨੂੰ 15 ਰੁਪਏ ਤੋਂ ਵਧਾ ਕੇ 17 ਰੁਪਏ ਕਰ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ ਐੱਨ. ਪੀ. ਸੀ. ਆਈ. ਦੀ ਸੰਚਾਲਨ ਕਮੇਟੀ 'ਚ ਇੰਟਰਚੇਂਜ ਫੀਸ ਨੂੰ ਲੈ ਕੇ ਆਮ ਰਾਏ ਨਹੀਂ ਹੈ। ਸੰਚਾਲਨ ਕਮੇਟੀ ਦੇ ਮੈਂਬਰਾਂ ਨੇ ਐੱਨ. ਪੀ. ਸੀ. ਆਈ. ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ 'ਚ ਡਿਪਾਰਟਮੈਂਟ ਆਫ ਫਾਇਨਾਂਸ਼ੀਅਲ ਸਰਵਿਸਿਜ਼ ਦੀ ਸਲਾਹ ਲਈ ਜਾਣੀ ਚਾਹੀਦੀ ਹੈ।
ਬੈਂਕ ਦੇ ਰਹੇ ਹਨ ਫ੍ਰੀ ਟਰਾਂਜ਼ੈਕਸ਼ਨ ਦੀ ਸਹੂਲਤ
ਮੌਜੂਦਾ ਸਮੇਂ 'ਚ ਬੈਂਕ ਆਪਣੇ ਡੈਬਿਟ ਕਾਰਡ ਹੋਲਡਰ ਨੂੰ ਇਕ ਮਹੀਨੇ 'ਚ ਏ. ਟੀ. ਐੱਮ. ਤੋਂ 3 ਤੋਂ 4 ਕੈਸ਼ ਵਿਦਡਰਾਲ ਦੀ ਸਹੂਲਤ ਫ੍ਰੀ 'ਚ ਦਿੰਦੇ ਹਨ। ਇਸ ਤੋਂ ਜ਼ਿਆਦਾ ਟਰਾਂਜ਼ੈਕਸ਼ਨ ਹੋਣ 'ਤੇ ਬੈਂਕ ਪ੍ਰਤੀ ਟਰਾਂਜ਼ੈਕਸ਼ਨ 10 ਤੋਂ 15 ਰੁਪਏ ਤੱਕ ਚਾਰਜ ਕਰਦੇ ਹਨ। ਜੇਕਰ ਇੰਟਰਚੇਂਜ ਫੀਸ ਵੱਧ ਕੇ 15 ਤੋਂ 17 ਰੁਪਏ ਹੋ ਜਾਂਦੀ ਹੈ ਤਾਂ ਬੈਂਕਾਂ ਨੂੰ ਪ੍ਰਤੀ ਟ੍ਰਾਂਜ਼ੈਕਸ਼ਨ ਏ. ਟੀ. ਐੱਮ. ਸਰਵਿਸ ਪ੍ਰੋਵਾਈਡਰ ਕੰਪਨੀਆਂ ਨੂੰ ਜ਼ਿਆਦਾ ਪੈਸਾ ਦੇਣਾ ਪਵੇਗਾ। ਅਜਿਹੇ ਵਿਚ ਬੈਂਕ ਏ. ਟੀ. ਐੱਮ. ਤੋਂ ਕੈਸ਼ ਵਿਦਡਰਾਲ 'ਤੇ ਚਾਰਜ ਵਧਾ ਸਕਦੇ ਹਨ।
 


Related News