ATF 'ਚ ਫਿਰ ਵਾਧਾ, ਹਟ ਸਕਦੀ ਹੈ ਇਹ ਰੋਕ, ਮਹਿੰਗਾ ਹੋਵੇਗਾ ਹਵਾਈ ਸਫ਼ਰ

Monday, Mar 01, 2021 - 11:56 AM (IST)

ATF 'ਚ ਫਿਰ ਵਾਧਾ, ਹਟ ਸਕਦੀ ਹੈ ਇਹ ਰੋਕ, ਮਹਿੰਗਾ ਹੋਵੇਗਾ ਹਵਾਈ ਸਫ਼ਰ

ਨਵੀਂ ਦਿੱਲੀ- ਜਲਦ ਹੀ ਹਵਾਈ ਸਫ਼ਰ ਲਈ ਜੇਬ ਢਿੱਲੀ ਕਰਨੀ ਹੋਵੇਗੀ। ਇਸ ਦੀ ਵਜ੍ਹਾ ਹੈ ਕਿ ਪੈਟਰੋਲ-ਡੀਜ਼ਲ, ਐੱਲ. ਪੀ. ਜੀ. ਕੀਮਤਾਂ ਦੇ ਨਾਲ ਹੀ ਹਵਾਬਾਜ਼ੀ ਈਂਧਣ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਸੋਮਵਾਰ ਨੂੰ ਹਵਾਬਾਜ਼ੀ ਟਰਬਾਈਨ ਫਿਊਲ (ਏ. ਟੀ. ਐੱਫ.) ਦੀਆਂ ਕੀਮਤਾਂ ਵਿਚ ਲਗਭਗ 10 ਫ਼ੀਸਦੀ ਵਾਧਾ ਕਰ ਦਿੱਤਾ ਹੈ। ਇਸ ਨਾਲ ਦਿੱਲੀ ਵਿਚ ਏ. ਟੀ. ਐੱਫ. ਹੁਣ 59,400 ਰੁਪਏ ਪ੍ਰਤੀ ਕਿਲੋਲੀਟਰ ਹੋ ਗਿਆ ਹੈ। ਮੁੰਬਈ ਵਿਚ 57,519.65 ਪ੍ਰਤੀ ਕਿਲੋਲੀਟਰ 'ਤੇ ਪਹੁੰਚ ਗਿਆ ਹੈ। ਚੇਨੱਈ ਵਿਚ ਇਹ 60,658 ਰੁਪਏ ਪ੍ਰਤੀ ਕਿਲੋਲੀਟਰ ਅਤੇ ਕੋਲਕਾਤਾ ਵਿਚ 63,828 ਰੁਪਏ ਪ੍ਰਤੀ ਕਿਲੋਲੀਟਰ ਹੈ।

31 ਮਾਰਚ ਨੂੰ ਸਮਾਪਤ ਹੋਣ ਵਾਲੀ ਹੈ ਇਹ ਪਾਬੰਦੀ-
ਏ. ਟੀ. ਐੱਫ. ਦੀਆਂ ਕੀਮਤਾਂ ਵਿਚ ਹਰ ਪੰਦਰਵਾੜੇ ਸੋਧ ਕੀਤੀ ਜਾਂਦੀ ਹੈ ਅਤੇ ਅਕਤੂਬਰ 2020 ਤੋਂ ਬਾਅਦ ਇਸ ਵਿਚ ਵਾਧਾ ਹੋ ਰਿਹਾ ਹੈ। ਸਰਕਾਰ ਵੱਲੋਂ ਘਰੇਲੂ ਹਵਾਈ ਕਿਰਾਇਆਂ 'ਤੇ ਲਾਈ ਗਈ ਸੀਮਾ 31 ਮਾਰਚ, 2021 ਨੂੰ ਸਮਾਪਤ ਹੋਣ ਵਾਲੀ ਹੈ, ਜੇਕਰ ਇਹ ਅੱਗੇ ਹਟਾ ਦਿੱਤੀ ਜਾਂਦੀ ਹੈ ਤਾਂ ਏਅਰਲਾਈਨਾਂ ਕਿਰਾਏ ਵਧਾ ਸਕਦੀਆਂ ਹਨ।

ਸਰਕਾਰ ਨੇ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਹਵਾਈ ਕਿਰਾਏ ਇਕ ਦਾਇਰੇ ਵਿਚ ਨਿਰਧਾਰਤ ਕਰ ਦਿੱਤੇ ਸਨ, ਤਾਂ ਜੋ ਇਸ ਮਾਹੌਲ ਵਿਚ ਮੁਸਾਫ਼ਰਾਂ ਦੀ ਗਿਣਤੀ ਘੱਟ ਹੋਣ ਕਾਰਨ ਭਾਰੀ ਕਿਰਾਏ ਨਾ ਵਸੂਲੇ ਜਾਣ ਪਰ ਹੁਣ ਕਿਉਂਕਿ ਘਰੇਲੂ ਮੁਸਾਫ਼ਰਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਇਸ ਲਈ ਸਰਕਾਰ ਇਹ ਸੀਮਾ ਹਟਾ ਸਕਦੀ ਹੈ।

ਸਰਕਾਰ ਨੇ ਮਹਾਮਾਰੀ ਦੀ ਵਜ੍ਹਾ ਨਾਲ 25 ਮਾਰਚ, 2020 ਤੋਂ ਦੋ ਮਹੀਨਿਆਂ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਪਿੱਛੋਂ ਮਈ ਵਿਚ ਉਡਾਣਾਂ ਨੂੰ ਇਜਾਜ਼ਤ ਦਿੱਤੀ ਗਈ ਅਤੇ ਨਾਲ ਹੀ ਘਰੇਲ ਕਿਰਾਏ ਇਕ ਦਾਇਰੇ ਵਿਚ ਰੱਖਣ ਦੀ ਸੀਮਾ ਨਿਰਧਾਰਤ ਕਰ ਦਿੱਤੀ ਗਈ ਸੀ।


author

Sanjeev

Content Editor

Related News