IGI ''ਤੇ ਹੁਣ ਦੇਸ਼ ਦੇ ਸਭ ਤੋਂ ਉੱਚੇ ATC ਟਾਵਰ ਨਾਲ ਹੋਵੇਗੀ ਪਹਿਰੇਦਾਰੀ
Sunday, Jul 28, 2019 - 04:16 PM (IST)

ਨਵੀਂ ਦਿੱਲੀ— ਹੁਣ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈ. ਜੀ. ਆਈ.) 'ਤੇ ਆਉਣ-ਜਾਣ ਵਾਲੇ ਜਹਾਜ਼ਾਂ ਦੀ ਨਿਗਰਾਨੀ ਇੱਥੇ ਲੱਗਾ ਦੇਸ਼ ਦਾ ਸਭ ਤੋਂ ਉੱਚਾ ਹਵਾਈ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਟਾਵਰ ਕਰਨ ਜਾ ਰਿਹਾ ਹੈ। ਇਸ ਨਾਲ ਹਵਾਈ ਟਰਾਂਸਪੋਰਟ ਸਰਵਿਸ 'ਚ ਕਾਫੀ ਸੁਧਾਰ ਹੋਵੇਗਾ। 102 ਮੀਟਰ ਉੱਚਾ ਇਹ ਹਵਾਈ ਟਾਵਰ 15 ਅਗਸਤ ਤੋਂ ਕੰਮ ਕਰਨਾ ਸ਼ੁਰੂ ਕਰ ਸਕਦਾ ਹੈ।
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਬਿਜ਼ੀ ਹਵਾਈ ਅੱਡਾ ਹੈ। ਇੱਥੇ ਰੋਜ਼ਾਨਾ 1,200 ਉਡਾਣਾਂ ਦਾ ਆਉਣਾ-ਜਾਣਾ ਹੁੰਦਾ ਹੈ। ਕੁੱਲ ਮਿਲਾ ਕੇ ਮਹੀਨੇ 'ਚ 40,000 ਮੂਵਮੈਂਟਸ ਦਾ ਪ੍ਰਬੰਧਨ ਹੁੰਦਾ ਹੈ। ਨਵਾਂ ਟਾਵਰ ਸ਼ੁਰੂ ਹੋਣ ਨਾਲ ਟਰਾਂਸਪੋਸਟ ਸਰਵਿਸ ਨੂੰ ਕੰਟਰੋਲ ਕਰਨਾ ਸੌਖਾ ਹੋਵੇਗਾ ਕਿਉਂਕਿ ਇਸ 'ਚ ਕਾਫੀ ਆਧੁਨਿਕ ਤਕਨੀਕ ਲਗਾਈ ਗਈ ਹੈ।
ਉੱਥੇ ਹੀ, 102 ਮੀਟਰ ਦੀ ਉਚਾਈ ਹੋਣ ਕਾਰਨ ਇਸ ਟਾਵਰ ਤੋਂ ਹਵਾਈ ਟ੍ਰੈਫਿਕ ਕੰਟਰੋਲਰਸ ਲਈ ਤਿੰਨੋਂ ਹਵਾਈ ਰਨਵੇ 'ਤੇ ਨਜ਼ਰ ਰੱਖਣਾ ਵੀ ਸੌਖਾ ਹੋਵੇਗਾ। ਇਸ ਟਾਵਰ ਨਾਲ ਹਵਾਈ ਖੇਤਰ ਨੂੰ ਕਈ ਸੈਕਟਰਾਂ 'ਚ ਵੰਡਣ 'ਚ ਮਦਦ ਮਿਲੇਗੀ, ਜਿਸ ਨਾਲ ਵੱਧ ਤੋਂ ਵੱਧ ਫਲਾਈਟਸ ਨੂੰ ਕੰਟਰੋਲ ਕਰਨ 'ਚ ਆਸਾਨੀ ਹੋਵੇਗੀ। ਨਵੀਂ ਸਹੂਲਤ ਨਾਲ ਇਕ ਹੀ ਦਿਸ਼ਾ ਤੋਂ ਕਈ ਜਹਾਜ਼ ਸਮਾਂਤਰ ਰਨਵੇ 'ਤੇ ਨਾਲ-ਨਾਲ ਉਤਰ ਸਕਣਗੇ, ਜਿਸ ਨਾਲ ਹਵਾਈ ਅੱਡੇ ਦੀ ਸਮਰੱਥਾ 'ਚ ਵਾਧਾ ਹੋਵੇਗਾ। ਮੌਜੂਦਾ ਸਮੇਂ, ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਤਿੰਨ ਰਨਵੇ ਹਨ, ਜਿਨ੍ਹਾਂ 'ਚੋਂ ਘੱਟੋ-ਘੱਟ ਦੋ ਦਾ ਇਸਤੇਮਾਲ ਕਿਸੇ ਵੀ ਸਮੇਂ ਲੈਂਡਿੰਗ ਲਈ ਕੀਤਾ ਜਾਂਦਾ ਹੈ। ਹਵਾਈ ਮੁਸਾਫਰਾਂ ਦੀ ਗਿਣਤੀ 'ਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਚੌਥਾ ਰਨਵੇ ਬਣਾਉਣ ਦੀ ਵੀ ਯੋਜਨਾ ਬਣਾਈ ਗਈ ਹੈ।