ਏਸ਼ੀਆਈ ਬਾਜ਼ਾਰ : ਨਿੱਕੇਈ 'ਚ ਤੇਜ਼ੀ, SGX ਨਿਫਟੀ 10,400 ਦੇ ਪਾਰ

Tuesday, Apr 10, 2018 - 08:38 AM (IST)

ਨਵੀਂ ਦਿੱਲੀ— ਸ਼ੀ ਜਿਨਪਿੰਗ ਦੇ ਭਾਸ਼ਣ ਨਾਲ ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਨਿਵੇਸ਼ਕਾਂ ਦੀ ਨਜ਼ਰ ਚਾਈਨੀਜ਼ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅੱਜ ਹੋਣ ਵਾਲੇ ਭਾਸ਼ਣ 'ਤੇ ਸੀ। ਹਾਲ ਹੀ 'ਚ ਅਮਰੀਕਾ-ਚੀਨ ਵਿਚਕਾਰ ਸ਼ੁਰੂ ਹੋਏ ਵਪਾਰਕ ਯੁੱਧ ਨੂੰ ਦੇਖਦੇ ਹੋਏ ਸ਼ੀ ਜਿਨਪਿੰਗ ਦਾ ਭਾਸ਼ਣ ਕਾਫੀ ਅਹਿਮ ਮੰਨਿਆ ਜਾ ਰਿਹਾ ਸੀ। ਨਿਵੇਸ਼ਕਾਂ ਦੀ ਨਜ਼ਰ ਇਸ ਗੱਲ 'ਤੇ ਸੀ ਕਿ ਅਮਰੀਕੀ ਟੈਰਿਫ 'ਤੇ ਬੀਜਿੰਗ ਦਾ ਜਵਾਬੀ ਕਦਮ ਕੀ ਹੋਣ ਜਾ ਰਿਹਾ ਹੈ। ਸ਼ੀ ਦਾ ਭਾਸ਼ਣ ਇਸ ਲਈ ਵੀ ਕਾਫੀ ਅਹਿਮ ਸੀ ਕਿਉਂਕਿ ਹਾਲ ਹੀ 'ਚ ਸ਼ੁੱਕਰਵਾਰ ਨੂੰ ਅਮਰੀਕਾ ਨੇ ਚੀਨੀ ਇੰਪੋਰਟ 'ਤੇ ਹੋਰ 100 ਅਰਬ ਡਾਲਰ ਦਾ ਵਾਧੂ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ। ਸ਼ੀ ਨੇ ਭਾਸ਼ਣ 'ਚ ਮੁਕਤ ਵਪਾਰ ਅਤੇ ਵਿਵਾਦਾਂ ਦਾ ਹੱਲ ਗੱਲਬਾਤ ਜ਼ਰੀਏ ਕਰਨ ਦਾ ਸਮਰਥਨ ਕੀਤਾ ਹੈ, ਜਿਸ ਨਾਲ ਬਾਜ਼ਾਰ ਨੂੰ ਸਕਾਰਾਤਮਕ ਸੰਦੇਸ਼ ਮਿਲਿਆ ਹੈ।

ਇਸ ਵਿਚਕਾਰ ਚੀਨ ਦਾ ਬਾਜ਼ਾਰ ਸ਼ੰਘਾਈ 11 ਅੰਕ ਵਧ ਕੇ 3,149.43 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਜਾਪਾਨ ਦਾ ਬਾਜ਼ਾਰ ਨਿੱਕੇਈ 190 ਅੰਕ ਵਧ ਕੇ 21,868.49 'ਤੇ ਕਾਰੋਬਾਰ ਕਰਦਾ ਦਿਸਿਆ। ਉੱਥੇ ਹੀ, ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 45 ਅੰਕ ਯਾਨੀ 0.43 ਫੀਸਦੀ ਚੜ੍ਹ ਕੇ 10,400 ਦੇ ਪਾਰ ਕਾਰੋਬਾਰ ਕਰ ਰਿਹਾ ਹੈ। ਹਾਂਗ ਕਾਂਗ ਦਾ ਹੈਂਗ ਸੇਂਗ ਵੀ 250 ਅੰਕ ਤੋਂ ਵਧ ਚੜ੍ਹ ਕੇ 30,498.25 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆਈ ਦਾ ਇੰਡੈਕਸ ਕੋਸਪੀ ਵੀ 0.15 ਫੀਸਦੀ ਮਜ਼ਬੂਤੀ ਨਾਲ 2,447 'ਤੇ ਕਾਰੋਬਾਰ ਕਰ ਰਿਹਾ ਹੈ। ਸਟਰੇਟਸ ਟਾਈਮਜ਼ 0.2 ਫੀਸਦੀ ਵਧ ਕੇ 3,457.54 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।


Related News