USA : ਆਈਫੋਨ ਦਿੱਗਜ APPLE ਨੇ ਕੈਲੀਫੋਰਨੀਆ ਦੇ ਕੁਝ ਸਟੋਰ ਬੰਦ ਕੀਤੇ
Saturday, Dec 19, 2020 - 03:23 PM (IST)
ਵਾਸ਼ਿੰਗਟਨ- APPLE ਨੇ ਕੈਲੀਫੋਰਨੀਆ ਦੇ ਕੁਝ ਸਟੋਰ ਅਸਥਾਈ ਤੌਰ 'ਤੇ ਬੰਦ ਕਰ ਦਿੱਤੇ ਹਨ। ਕੰਪਨੀ ਨੇ ਕਿਹਾ ਕਿ ਸੂਬੇ ਵਿਚ ਕੋਵਿਡ-19 ਮਾਮਲਿਆਂ ਵਿਚ ਵਾਧਾ ਹੋਣ ਤੋਂ ਬਾਅਦ ਉਹ ਕੈਲੀਫੋਰਨੀਆ ਵਿਚ ਅਸਥਾਈ ਤੌਰ 'ਤੇ ਕੁਝ ਸਟੋਰ ਬੰਦ ਕਰ ਰਹੀ ਹੈ। ਇਸ ਖ਼ਬਰ ਨਾਲ ਸ਼ੁੱਕਰਵਾਰ ਨੂੰ ਆਈਫੋਨ ਨਿਰਮਾਤਾ ਦੇ ਸ਼ੇਅਰਾਂ ਵਿਚ ਕਾਰੋਬਾਰ ਦੌਰਾਨ 1.3 ਫ਼ੀਸਦੀ ਗਿਰਾਵਟ ਦੇਖਣ ਨੂੰ ਮਿਲੀ।
ਛੁੱਟੀਆਂ ਦੇ ਸੀਜ਼ਨ ਤੋਂ ਸਿਰਫ ਇਕ ਹਫਤਾ ਪਹਿਲਾਂ ਗ੍ਰੋਵ, ਸ਼ਰਮਨ ਓਕਸ ਅਤੇ ਬੇਵਰਲੀ ਸੈਂਟਰ ਵਿਚ ਘੱਟੋ-ਘੱਟ 12 ਸਟੋਰ ਬੰਦ ਕੀਤੇ ਗਏ ਹਨ। 22 ਦਸੰਬਰ ਤੋਂ ਇਨ੍ਹਾਂ ਨੂੰ ਇਕ-ਇਕ ਕਰਕੇ ਖੋਲ੍ਹਿਆ ਜਾ ਸਕਦਾ ਹੈ।
ਹਾਲਾਂਕਿ, ਕੰਪਨੀ ਨੇ ਕਿਹਾ ਕਿ ਆਨਲਾਈਨ ਆਰਡਰ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕੰਪਨੀ ਜੂਨ ਵਿਚ ਵੀ ਅਜਿਹਾ ਹੀ ਕਦਮ ਚੁੱਕਿਆ ਸੀ, ਉਸ ਸਮੇਂ ਲਗਭਗ 32 ਸਟੋਰ ਬੰਦ ਕੀਤੇ ਗਏ ਸਨ। ਉਸ ਸਮੇਂ ਵੀ ਤਾਲਾਬੰਦੀ ਵਿਚ ਢਿੱਲ ਮਿਲਣ ਤੋਂ ਬਾਅਦ ਵਧੇ ਕੋਰੋਨਾ ਵਾਇਰਸ ਮਾਮਲਿਆਂ ਕਾਰਨ ਇਹ ਫ਼ੈਸਲਾ ਕੀਤਾ ਗਿਆ ਸੀ। ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਅਮਰੀਕਾ ਵਿਚ 311,102 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿਚੋਂ ਕੈਲੀਫੋਰਨੀਆ ਵੀ ਇਕ ਹੈ।