ਆਈਫੋਨ 6S ਪਲੱਸ ਹੋਵੇਗਾ ਸਸਤਾ, ਐਪਲ ਨੇ ਭਾਰਤ ''ਚ ਪ੍ਰਾਡਕਸ਼ਨ ਕੀਤਾ ਸ਼ੁਰੂ
Friday, Apr 13, 2018 - 03:57 PM (IST)

ਕੋਲਕਾਤਾ— ਹੁਣ ਭਾਰਤ 'ਚ ਐਪਲ ਦੇ ਸਿਰਫ ਆਈਫੋਨ ਐੱਸ. ਈ. ਮਾਡਲ ਦਾ ਨਿਰਮਾਣ ਹੀ ਨਹੀਂ ਸਗੋਂ 6-ਐੱਸ ਪਲੱਸ ਦਾ ਵੀ ਪ੍ਰਾਡਕਸ਼ਨ ਸ਼ੁਰੂ ਹੋ ਗਿਆ ਹੈ। ਐਪਲ ਨੇ ਭਾਰਤ 'ਚ ਆਪਣੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟ ਫੋਨ ਬਰਾਂਡ ਆਈਫੋਨ 6-ਐੱਸ ਪਲਸ ਦਾ ਟ੍ਰਾਇਲ ਪ੍ਰਾਡਕਸ਼ਨ ਸ਼ੁਰੂ ਕਰ ਦਿੱਤਾ ਹੈ। ਰਿਪੋਰਟਸ ਮੁਤਾਬਕ, ਇਸ ਦਾ ਨਿਰਮਾਣ ਵਿਸਟ੍ਰਾਨ ਦੇ ਬੇਂਗਲੁਰੂ ਸਥਿਤ ਪਲਾਂਟ 'ਚ ਕੀਤਾ ਜਾ ਰਿਹਾ ਹੈ ਅਤੇ ਅਗਲੇ 2 ਹਫਤਿਆਂ 'ਚ ਇਸ ਦਾ ਕਮਰਸ਼ਲ ਪ੍ਰਾਡਕਸ਼ਨ ਵੀ ਸ਼ੁਰੂ ਹੋਣ ਦੀ ਉਮੀਦ ਹੈ। ਹੁਣ ਤਕ ਭਾਰਤ 'ਚ ਐਪਲ ਦੇ ਸਿਰਫ ਆਈਫੋਨ ਐੱਸ. ਈ. ਮਾਡਲ ਦਾ ਹੀ ਨਿਰਮਾਣ ਹੋ ਰਿਹਾ ਸੀ। ਹਾਲ ਹੀ, 'ਚ ਸਰਕਾਰ ਵੱਲੋਂ ਸਮਾਰਟ ਫੋਨਾਂ 'ਤੇ ਕਸਟਮ ਡਿਊਟੀ 20 ਫੀਸਦੀ ਕੀਤੇ ਜਾਣ ਦੇ ਬਾਅਦ ਐਪਲ ਨੇ ਆਪਣੇ ਸਾਰੇ ਮਾਡਲਾਂ ਦੀ ਕੀਮਤ ਵਧਾ ਦਿੱਤੀ ਸੀ ਪਰ ਭਾਰਤ 'ਚ ਬਣਨ ਵਾਲੇ ਆਈਫੋਨ ਐੱਸ. ਈ. ਮਾਡਲ ਦੀ ਕੀਮਤ 'ਚ ਕੋਈ ਵਾਧਾ ਨਹੀਂ ਕੀਤਾ ਸੀ। ਆਈਫੋਨ 6-ਐੱਸ ਪਲੱਸ ਦਾ ਨਿਰਮਾਣ ਵੀ ਭਾਰਤ 'ਚ ਹੋਣ 'ਤੇ ਇਸ ਦੀ ਕੀਮਤ 'ਚ ਕਟੌਤੀ ਕੀਤੀ ਜਾਵੇਗੀ।
5-7 ਫੀਸਦੀ ਸਸਤਾ ਹੋ ਸਕਦਾ ਹੈ ਆਈਫੋਨ 6S ਪਲੱਸ-
ਹਾਂਗ ਕਾਂਗ ਦੀ ਰਿਸਰਚ ਕੰਪਨੀ 'ਕਾਊਂਟਰ ਪੁਆਇੰਟ' ਦੇ ਇਕ ਮੁਲਾਂਕਣ ਮੁਤਾਬਕ, ਸਾਲ 2017 'ਚ ਭਾਰਤ 'ਚ ਵਿਕੇ ਐਪਲ ਦੇ ਕੁੱਲ ਸਮਾਰਟ ਫੋਨਾਂ 'ਚ ਕਰੀਬ ਇਕ ਤਿਹਾਈ ਹਿੱਸਾ ਆਈਫੋਨ 6 ਸੀਰੀਜ਼ ਦਾ ਸੀ, ਜਦੋਂ ਕਿ ਆਈਫੋਨ ਐੱਸ. ਈ. ਦੀ ਹਿੱਸੇਦਾਰੀ 15 ਫੀਸਦੀ ਤੋਂ ਵੀ ਘੱਟ ਸੀ। ਇੰਡਸਟਰੀ ਸੂਤਰਾਂ ਮੁਤਾਬਕ, ਭਾਰਤ 'ਚ ਆਈਫੋਨ 6-ਐੱਸ ਪਲੱਸ ਦਾ ਸਥਾਨਕ ਨਿਰਮਾਣ ਹੋਣ 'ਤੇ ਇਸ ਦੀ ਕੀਮਤ 'ਚ 5 ਤੋਂ 7 ਫੀਸਦੀ ਦੀ ਕਟੌਤੀ ਕੀਤੀ ਜਾ ਸਕਦੀ ਹੈ। ਇਸ ਨਾਲ ਚੀਨ ਦੇ ਵਨ ਪਲਸ ਵਨ ਸਮਾਰਟ ਫੋਨ ਅਤੇ ਸੈਮਸੰਗ ਦੇ ਕੁਝ ਮਹਿੰਗੇ ਮਾਡਲਾਂ ਨੂੰ ਟੱਕਰ ਮਿਲ ਸਕੇਗੀ।
ਜਲਦ ਨਹੀਂ ਘਟੇਗੀ ਆਈਫੋਨ 6 ਪਲੱਸ ਦੀ ਕੀਮਤ-
ਹਾਲਾਂਕਿ, ਆਈਫੋਨ 6-ਐੱਸ ਪਲੱਸ ਦੀਆਂ ਕੀਮਤਾਂ 'ਚ ਜਲਦ ਹੀ ਕਿਸੇ ਤਰ੍ਹਾਂ ਦੀ ਗਿਰਾਵਟ ਦੇਖਣ ਨੂੰ ਨਹੀਂ ਮਿਲੇਗੀ ਕਿਉਂਕਿ ਅਜੇ ਭਾਰਤ 'ਚ ਜਿੰਨੇ ਆਈਫੋਨ 6-ਐੱਸ ਪਲੱਸ ਸਮਾਰਟ ਫੋਨਾਂ ਦੀ ਮੰਗ ਹੈ, ਵਿਸਟ੍ਰਾਨ ਉਸ ਨੂੰ ਪੂਰਾ ਕਰਨ 'ਚ ਸਮਰੱਥ ਨਹੀਂ ਹੈ। ਜਾਣਕਾਰੀ ਮੁਤਾਬਕ, ਘਰੇਲੂ ਪੱਧਰ 'ਤੇ ਸਮਾਰਟ ਫੋਨ ਅਤੇ ਉਸ ਦੇ ਪਾਰਟਸ ਦਾ ਪ੍ਰਾਡਕਸ਼ਨ ਵਧਾਉਣ ਲਈ ਵੀ ਐਪਲ ਨੇ ਠੇਕੇ ਦੇ ਨਿਰਮਾਤਾਵਾਂ ਜਿਵੇਂ ਕਿ ਫਲੈਕਸ, ਫਾਕਸਕਾਨ ਅਤੇ ਵਿਸਟ੍ਰਾਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਮੇਕ ਇਨ ਇੰਡੀਆ ਸਮਾਰਟ ਫੋਨ ਦੇ ਨਿਰਮਾਣ ਨੂੰ ਵਾਧਾ ਦੇਣ ਲਈ ਇਸ ਮਹੀਨੇ ਦੀ ਸ਼ੁਰੂਆਤ 'ਚ ਪ੍ਰਿੰਟਡ ਸਰਕਟ ਬੋਰਡ, ਕੈਮਰਾ ਮਡਿਊਲ ਅਤੇ ਕੁਨੈਕਟਰਸ ਵਰਗੇ ਪਾਰਟਸ 'ਤੇ 10 ਫੀਸਦੀ ਇੰਪੋਰਟ ਡਿਊਟੀ ਲਗਾਈ ਸੀ।