ਪ੍ਰਸਾਰਣ ਖੇਤਰ ਵਿੱਚ 'ਕਾਰੋਬਾਰ 'ਚ ਸੌਖ' ਲਈ ਅਨੁਰਾਗ ਠਾਕੁਰ ਨੇ ਲਾਂਚ ਕੀਤਾ ਨਵਾਂ ਪੋਰਟਲ, ਜਾਣੋ ਖ਼ਾਸੀਅਤ

Monday, Apr 04, 2022 - 05:57 PM (IST)

ਪ੍ਰਸਾਰਣ ਖੇਤਰ ਵਿੱਚ 'ਕਾਰੋਬਾਰ 'ਚ ਸੌਖ' ਲਈ ਅਨੁਰਾਗ ਠਾਕੁਰ ਨੇ ਲਾਂਚ ਕੀਤਾ ਨਵਾਂ ਪੋਰਟਲ, ਜਾਣੋ ਖ਼ਾਸੀਅਤ

ਨਵੀਂ ਦਿੱਲੀ - ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡਾਂ ਦੇ ਕੇਂਦਰੀ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ, ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਸਾਰਣ ਸੇਵਾਵਾਂ ਪੋਰਟਲ ਦੀ ਸ਼ੁਰੂਆਤ ਕੀਤੀ ਅਤੇ ਇਸ ਦੇ ਨਾਲ ਹੀ ਪ੍ਰਸਾਰਣ ਖੇਤਰ ਵਿੱਚ 'ਕਾਰੋਬਾਰ ਕਰਨ ਦੀ ਸੌਖ' ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ। ਬ੍ਰੌਡਕਾਸਟ ਸੇਵਾ ਪੋਰਟਲ ਇੱਕ ਔਨਲਾਈਨ ਪੋਰਟਲ ਹੱਲ ਹੈ, ਜਿਸ ਦੇ ਤਹਿਤ ਪ੍ਰਸਾਰਣਕਰਤਾਵਾਂ ਦੁਆਰਾ ਵੱਖ-ਵੱਖ ਕਿਸਮਾਂ ਦੇ ਲਾਇਸੰਸ, ਅਨੁਮਤੀਆਂ, ਰਜਿਸਟ੍ਰੇਸ਼ਨਾਂ ਆਦਿ ਲਈ ਅਰਜ਼ੀਆਂ ਤੇਜ਼ੀ ਨਾਲ ਦਾਇਰ ਕੀਤੀਆਂ ਜਾ ਸਕਦੀਆਂ ਹਨ ਅਤੇ ਇਹਨਾਂ ਅਰਜ਼ੀਆਂ ਦੀ ਪੜਤਾਲ ਵੀ ਤੇਜ਼ੀ ਨਾਲ ਪੂਰੀ ਕੀਤੀ ਜਾ ਸਕਦੀ ਹੈ।

ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਇਸਨੂੰ ਹੋਰ ਜਵਾਬਦੇਹ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਹੈ। ਬ੍ਰੌਡਕਾਸਟ ਸੇਵਾ ਪੋਰਟਲ ਅਰਜ਼ੀਆਂ 'ਤੇ ਅੰਤਿਮ ਫੈਸਲਾ ਲੈਣ ਲਈ ਲੱਗਣ ਵਾਲੇ ਸਮੇਂ ਨੂੰ ਘਟਾਏਗਾ ਅਤੇ ਬਿਨੈਕਾਰਾਂ ਦੀ ਅਰਜ਼ੀ ਦੀ ਪ੍ਰਗਤੀ ਨੂੰ ਟਰੈਕ ਕਰਨ ਵਿੱਚ ਵੀ ਮਦਦ ਕਰੇਗਾ। ਇਹ ਪੋਰਟਲ ਬਿਨੈਕਾਰਾਂ ਦੀ ਹਾਜ਼ਰੀ ਦੀ ਲੋੜ ਨੂੰ ਘਟਾ ਦੇਵੇਗਾ, ਜੋ ਪਹਿਲਾਂ ਲੋੜੀਂਦੀ ਸੀ ਅਤੇ ਇਸ ਤਰ੍ਹਾਂ ਮੰਤਰਾਲੇ ਦੀ ਸਮਰੱਥਾ ਨੂੰ ਵਧਾਏਗਾ। ਇਹ ਕਾਰੋਬਾਰ ਨੂੰ ਆਸਾਨ ਬਣਾਉਣ ਦੀ ਦਿਸ਼ਾ ਵਿੱਚ ਵੀ ਇੱਕ ਵੱਡਾ ਕਦਮ ਸਾਬਤ ਹੋਵੇਗਾ।

ਸ਼੍ਰੀ ਠਾਕੁਰ ਨੇ ਇਹ ਵੀ ਕਿਹਾ ਕਿ ਹਰ ਕਿਸਮ ਦੇ (360 ਡਿਗਰੀ) ਡਿਜੀਟਲ ਹੱਲ; ਸਟੇਕਹੋਲਡਰਾਂ ਨੂੰ ਅਨੁਮਤੀ ਪ੍ਰਾਪਤ ਕਰਨ, ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣ, ਐਪਲੀਕੇਸ਼ਨਾਂ ਨੂੰ ਟਰੈਕ ਕਰਨ, ਫੀਸਾਂ ਦੀ ਗਣਨਾ ਕਰਨ ਅਤੇ ਭੁਗਤਾਨ ਕਰਨ ਲਈ ਸਹੂਲਤ ਪ੍ਰਦਾਨ ਕਰੇਗਾ। ਡਿਜੀਟਲ ਇੰਡੀਆ ਦੇ ਵਿਆਪਕ ਯਤਨਾਂ ਦੇ ਹਿੱਸੇ ਵਜੋਂ ਪੋਰਟਲ ਪ੍ਰਾਈਵੇਟ ਸੈਟੇਲਾਈਟ ਟੀਵੀ ਚੈਨਲਾਂ, ਟੈਲੀਪੋਰਟ ਆਪਰੇਟਰਾਂ, ਐਮਐਸਓ, ਕਮਿਊਨਿਟੀ ਅਤੇ ਪ੍ਰਾਈਵੇਟ ਰੇਡੀਓ ਚੈਨਲਾਂ ਆਦਿ ਵਿੱਚ ਸ਼ਾਮਲ ਸਾਰੇ ਹਿੱਸੇਦਾਰਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ।

ਸ਼੍ਰੀ ਠਾਕੁਰ ਨੇ ਕਿਹਾ, “ਇਹ ਪੋਰਟਲ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਘੱਟੋ-ਘੱਟ ਸਰਕਾਰ, ਅਧਿਕਤਮ ਸ਼ਾਸਨ’ ਦੇ ਮੰਤਰ ਨੂੰ ਸਾਕਾਰ ਕਰਨ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ; ਕਿਉਂਕਿ ਇਹ ਵੈੱਬ ਪੋਰਟਲ, ਸਧਾਰਨ ਅਤੇ ਉਪਭੋਗਤਾ-ਅਨੁਕੂਲ, ਪ੍ਰਸਾਰਕਾਂ ਨੂੰ ਸਿਰਫ਼ ਇੱਕ ਕਲਿੱਕ 'ਤੇ ਸਾਰੇ ਸ਼ੁਰੂਆਤ ਤੋਂ ਅੰਤ (ਐਂਡ-ਟੂ-ਐਂਡ) ਹੱਲ ਪ੍ਰਦਾਨ ਕਰਦਾ ਹੈ। ਇਹ ਪੋਰਟਲ 900 ਤੋਂ ਵੱਧ ਸੈਟੇਲਾਈਟ ਟੀਵੀ ਚੈਨਲਾਂ, 70 ਟੈਲੀਪੋਰਟ ਆਪਰੇਟਰਾਂ, 1700 ਮਲਟੀ-ਸਰਵਿਸ ਆਪਰੇਟਰਾਂ, 350 ਕਮਿਊਨਿਟੀ ਰੇਡੀਓ ਸਟੇਸ਼ਨਾਂ (CRS), 380 ਪ੍ਰਾਈਵੇਟ ਐਫਐਮ ਚੈਨਲਾਂ ਅਤੇ ਹੋਰਾਂ ਨੂੰ ਸਿੱਧੇ ਤੌਰ 'ਤੇ ਲਾਭ ਪਹੁੰਚਾ ਕੇ ਕਾਰੋਬਾਰੀ ਮਾਹੌਲ ਨੂੰ ਵਾਧਾ ਦੇਵੇਗਾ ਅਤੇ ਪੂਰੇ ਪ੍ਰਸਾਰਣ ਨੂੰ ਮਜ਼ਬੂਤ ਬਣਾਏਗਾ।

ਮੰਤਰੀ ਨੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਪੋਰਟਲ ਦੇ ਟਰਾਇਲ ਨੂੰ ਅੰਤਮ ਉਪਭੋਗਤਾਵਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਜਲਦੀ ਹੀ ਪੋਰਟਲ ਨੂੰ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਨਾਲ ਜੋੜਿਆ ਜਾਵੇਗਾ। ਜੇਕਰ ਉਦਯੋਗ ਨੂੰ ਕੋਈ ਹੋਰ ਸੁਧਾਰ ਜ਼ਰੂਰੀ ਲੱਗਦਾ ਹੈ, ਤਾਂ ਮੰਤਰਾਲਾ ਅਜਿਹੇ ਸੁਧਾਰਾਂ ਨੂੰ ਵੀ ਸ਼ਾਮਲ ਕਰਨ ਲਈ ਤਿਆਰ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਪੂਰਵ ਚੰਦਰਾ ਨੇ ਕਿਹਾ ਕਿ ਨਵੇਂ ਪੋਰਟਲ ਨੇ ਪਿਛਲੇ ਸੰਸਕਰਣ ਦੇ ਮੁਕਾਬਲੇ ਕਈ ਸੁਧਾਰ ਕੀਤੇ ਹਨ ਅਤੇ ਇੱਕ ਮਹੀਨੇ ਦੀ ਪਰਖ ਦੀ ਮਿਆਦ ਦੇ ਦੌਰਾਨ ਹਿੱਸੇਦਾਰਾਂ ਤੋਂ ਪ੍ਰਾਪਤ ਸੁਝਾਵਾਂ ਨੂੰ ਵੀ ਸ਼ਾਮਲ ਕੀਤਾ ਹੈ।

ਪੋਰਟਲ ਨਾਲ ਈਕੋਸਿਸਟਮ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਤਤਪਰਤਾ ਆਏਗੀ ਅਤੇ ਸਾਰੀ ਜਾਣਕਾਰੀ ਇੱਕ ਡੈਸ਼ਬੋਰਡ 'ਤੇ ਉਪਲਬਧ ਹੋਵੇਗੀ। ਪੋਰਟਲ ਦੀਆਂ ਵੱਖ-ਵੱਖ ਸੇਵਾਵਾਂ ਅਤੇ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

  • ਸ਼ੁਰੂਆਤ ਤੋਂ ਅਖ਼ੀਰ ਤੱਕ (ਐਂਡ-ਟੂ-ਐਂਡ) ਜਾਂਚ ਸਹੂਲਤ
  • ਭੁਗਤਾਨ ਪ੍ਰਣਾਲੀਆਂ ਨਾਲ ਏਕੀਕਰਨ (ਭਾਰਤ ਕੋਸ਼)
  • ਈ-ਆਫਿਸ ਅਤੇ ਸਟੇਕਹੋਲਡਰ ਮੰਤਰਾਲਿਆਂ ਨਾਲ ਏਕੀਕਰਣ
  • ਵਿਸ਼ਲੇਸ਼ਣ, ਰਿਪੋਰਟਿੰਗ ਅਤੇ ਪ੍ਰਬੰਧਨ ਸੂਚਨਾ ਪ੍ਰਣਾਲੀ (MIS)
  • ਏਕੀਕ੍ਰਿਤ ਹੈਲਪਡੈਸਕ
  • ਅਰਜ਼ੀ ਫਾਰਮ ਅਤੇ ਇਸਦੀ ਅਪਡੇਟ ਸਥਿਤੀ ਬਾਰੇ ਜਾਣਕਾਰੀ
  • ਪੋਰਟਲ ਤੋਂ ਹੀ ਪੱਤਰ/ਆਰਡਰ ਡਾਊਨਲੋਡ ਕਰੋ
  • ਹਿੱਸੇਦਾਰਾਂ ਨੂੰ ਪੂਰਵ-ਸੂਚਨਾ (SMS/ਈ-ਮੇਲ)

ਸਮਾਗਮ ਵਿੱਚ ਮੌਜੂਦ ਪ੍ਰਸਾਰਕਾਂ ਨੇ ਪੋਰਟਲ ਦੀ ਸ਼ੁਰੂਆਤ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਹ ਐਪਲੀਕੇਸ਼ਨ ਲਈ ਲੱਗਣ ਵਾਲੇ ਸਮੇਂ ਨੂੰ ਘਟਾਏਗਾ ਅਤੇ ਅਰਜ਼ੀ ਪ੍ਰਕਿਰਿਆ ਲਈ ਲੋੜੀਂਦੇ ਯਤਨਾਂ ਨੂੰ ਸੌਖਾ ਬਣਾਵੇਗਾ।

ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਦੇ ਵਪਾਰਕ ਮਾਹੌਲ ਨੂੰ ਸੁਧਾਰਨਾ ਭਾਰਤ ਸਰਕਾਰ ਦੀਆਂ ਤਰਜੀਹਾਂ ਵਿੱਚੋਂ ਇੱਕ ਹੈ। ਬ੍ਰੌਡਕਾਸਟ ਸਰਵਿਸਿਜ਼ ਪੋਰਟਲ ਕਾਰੋਬਾਰ ਨੂੰ ਆਸਾਨ ਬਣਾਉਣ ਅਤੇ ਪ੍ਰਸਾਰਣ ਖੇਤਰ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਮਿਸਾਲ ਦਿੰਦਾ ਹੈ।


ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News