ਮੰਤਰੀ ਮੰਡਲ ਦੀ ਬੈਠਕ 'ਚ ਫ਼ੈਸਲਾ, ਐਂਟੀਗੁਆ ਭਾਰਤ ਨੂੰ ਸੌਂਪੇਗਾ ਚੋਕਸੀ

Saturday, Jun 05, 2021 - 09:53 AM (IST)

ਮੰਤਰੀ ਮੰਡਲ ਦੀ ਬੈਠਕ 'ਚ ਫ਼ੈਸਲਾ, ਐਂਟੀਗੁਆ ਭਾਰਤ ਨੂੰ ਸੌਂਪੇਗਾ ਚੋਕਸੀ

ਨਵੀਂ ਦਿੱਲੀ (ਭਾਸ਼ਾ) – ਐਂਟੀਗੁਆ-ਬਾਰਬੁਡਾ ਮੰਤਰੀ ਮੰਡਲ ਦੀ ਬੈਠਕ ਵਿਚ ਇਹ ਫੈਸਲਾ ਹੋਇਆ ਹੈ ਕਿ ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੋਮਿਨਿਕਾ ਤੋਂ ਸਿੱਧਾ ਭਾਰਤ ਭੇਜੇ ਜਾਣ ਨੂੰ ਉਹ ਪਹਿਲ ਦੇਵੇਗਾ।

ਸਥਾਨਕ ਮੀਡੀਆ ਦੀਆਂ ਖਬਰਾਂ ਵਿਚ ਮੰਤਰੀ ਮੰਡਲ ਦੀ ਬੈਠਕ ਦੇ ਵੇਰਵੇ ਸ਼ੁੱਕਰਵਾਰ ਪ੍ਰਕਾਸ਼ਿਤ ਕੀਤੇ ਗਏ। ਇਨ੍ਹਾਂ ਵਿਚ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਹੋਈ ਬੈਠਕ ਵਿਚ ਜਿਨ੍ਹਾਂ ਮਾਮਲਿਆਂ ’ਤੇ ਚਰਚਾ ਹੋਈ, ਉਨ੍ਹਾਂ ਵਿਚੋਂ ਇਕ ਚੋਕਸੀ ਨਾਲ ਸਬੰਧਤ ਮਾਮਲਾ ਵੀ ਸੀ। ਮੰਤਰੀ ਮੰਡਲ ਦੀ ਰਾਏ ਹੈ ਕਿ ਇਹ ਹੁਣ ਡੋਮਿਨਿਕਾ ਦੀ ਸਮੱਸਿਆ ਹੈ। ਜੇ ਚੋਕਸੀ ਵਾਪਸ ਐਂਟੀਗੁਆ ਆਉਂਦਾ ਹੈ ਤਾਂ ਸਮੱਸਿਆ ਉਸ ਕੋਲ ਪਰਤ ਆਏਗੀ। ਪ੍ਰਧਾਨ ਮੰਤਰੀ ਗਾਸਟੋਨ ਬਰਾਊਨੇ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਇਹ ਤੈਅ ਕੀਤਾ ਗਿਆ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਇਹ ਜਾਣਕਾਰੀ ਜੁਟਾਉਣ ਦਾ ਯਤਨ ਕਰਦੇ ਰਹਿਣ ਕਿ ਚੋਕਸੀ ਕਿਹੜੇ ਹਾਲਾਤ ਿਵਚ ਐਂਟੀਗੁਆ ਤੋਂ ਡੋਮਿਨਿਕਾ ਗਿਆ ਸੀ।

ਮੰਤਰੀ ਮੰਡਲ ਦੇ ਮੰਤਰੀਆਂ ਨੇ ਕਿਹਾ ਕਿ ਐਂਟੀਗੁਆ-ਬਾਰਬੁਡਾ ਮੰਤਰੀ ਮੰਡਲ ਚਾਹੁੰਦਾ ਹੈ ਕਿ ਚੋਕਸੀ ਨੂੰ ਡੋਮਿਨਿਕਾ ਤੋਂ ਹੀ ਭਾਰਤ ਦੇ ਹਵਾਲੇ ਕਰ ਦਿੱਤਾ ਜਾਏ। ਐਂਟੀਗੁਆ ਦੇ ਸੂਚਨਾ ਮੰਤਰੀ ਮੇਲਫੋਰਡ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਐਂਟੀਗੁਆ ਦੀਆਂ ਅਦਾਲਤਾਂ ਵਿਚ ਚੋਕਸੀ ਦੀ ਨਾਗਰਿਕਤਾ ਵਾਪਸ ਲੈਣ ਅਤੇ ਉਸਨੂੰ ਭਾਰਤ ਭੇਜਣ ਸਬੰਧੀ ਜਿੰਨੇ ਵੀ ਮਾਮਲੇ ਪੈਂਡਿੰਗ ਹਨ, ਉਨ੍ਹਾਂ ’ਤੇ ਤਾਜ਼ਾ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਜਲਦੀ ਕਾਰਵਾਈ ਹੋਵੇ। ਇਨ੍ਹਾਂ ਮਾਮਲਿਆਂ ’ਤੇ ਸੁਣਵਾਈ ਇਸ ਸਾਲ ਨਵੰਬਰ ਵਿਚ ਹੋਣੀ ਹੈ।

ਚੋਕਸੀ ਨੂੰ ਲਿਆਉਣ ਲਈ ਡੋਮਿਨਿਕਾ ਗਿਆ ਹਵਾਈ ਜਹਾਜ਼ ਵਾਪਸ ਆਇਆ

ਚੋਕਸੀ ਨੂੰ ਡੋਮਿਨਿਕਾ ਤੋਂ ਿਲਆਉਣ ਲਈ ਭਾਰਤ ਵੱਲੋਂ ਭੇਜਿਆ ਗਿਆ ਕਤਰ ਏਅਰਵੇਜ਼ ਦਾ ਇਕ ਪ੍ਰਾਈਵੇਟ ਹਵਾਈ ਜਹਾਜ਼ ਲਗਭਗ 7 ਦਿਨ ਉਡੀਕ ਕਰਨ ਪਿੱਛੋਂ ਸ਼ੁੱਕਰਵਾਰ ਵਾਪਸ ਆ ਗਿਆ। ਇਹ ਹਵਾਈ ਜਹਾਜ਼ 28 ਮਈ ਨੂੰ ਤੜਕੇ ਪੌਣੇ 4 ਵਜੇ ਦੇ ਲਗਭਗ ਦਿੱਲੀ ਤੋਂ ਚੋਕਸੀ ਵਿਰੁੱਧ ਮਾਮਲਿਆਂ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਲੈ ਕੇ ਗਿਆ ਸੀ। ਹਵਾਈ ਜਹਾਜ਼ ਉਦੋਂ ਤੋਂ ਡੋਮਿਨਿਕਾ ਦੇ ਮੈਰੀਗਾਟ ਵਿਖੇ ਖੜ੍ਹਾ ਸੀ।

ਡੋਮਿਨਿਕਾ ਦੀ ਹਾਈ ਕੋਰਟ ਨੇ ਵੀਰਵਾਰ ਚੋਕਸੀ ਦੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ ਕੀਤੀ ਸੀ। ਹੁਣ ਜੱਜ ਬਰਨੀ ਵੱਲੋਂ ਚੋਕਸੀ ਮਾਮਲੇ ਵਿਚ ਸੁਣਵਾਈ ਦੀ ਅਗਲੀ ਮਿਤੀ ਤੈਅ ਕੀਤੀ ਜਾਏਗੀ। 2 ਦਿਨ ਪਹਿਲਾਂ ਜੱਜ ਨੇ ਚੋਕਸੀ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ ਸੀ ਤਾਂ ਜੋ ਉਹ ਡੋਮਿਨਿਕਾ ਵਿਚ ਆਪਣੇ ਗੈਰ-ਕਾਨੂੰਨੀ ਦਾਖਲੇ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਸਕੇ।


author

Harinder Kaur

Content Editor

Related News