ਅਨੰਤ ਅੰਬਾਨੀ ਰਿਲਾਇੰਸ ਇੰਡਸਟਰੀਜ਼ ’ਚ ਕਾਰਜਕਾਰੀ ਨਿਰਦੇਸ਼ਕ ਨਿਯੁਕਤ
Sunday, Apr 27, 2025 - 03:29 AM (IST)

ਨਵੀਂ ਦਿੱਲੀ - ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਨੂੰ 1 ਮਈ ਤੋਂ 5 ਸਾਲ ਦੇ ਕਾਰਜਕਾਲ ਲਈ ਰਿਲਾਇੰਸ ਇੰਡਸਟਰੀਜ਼ ਲਿ. ’ਚ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਰਿਲਾਇੰਸ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ, ‘‘ਕੰਪਨੀ ਦੇ ਨਿਰਦੇਸ਼ਕ ਮੰਡਲ ਨੇ 25 ਅਪ੍ਰੈਲ ਨੂੰ ਆਪਣੀ ਬੈਠਕ ’ਚ ਮਨੁੱਖੀ ਸਰੋਤ, ਨਾਮਜ਼ਦਗੀ ਅਤੇ ਮਿਹਨਤਾਨਾ ਕਮੇਟੀ ਦੀ ਸਿਫਾਰਿਸ਼ ’ਤੇ ਵਿਚਾਰ ਕੀਤਾ ਅਤੇ ਗੈਰ-ਕਾਰਜਕਾਰੀ ਨਿਰਦੇਸ਼ਕ ਅਨੰਤ ਐੱਮ. ਅੰਬਾਨੀ ਨੂੰ ਕੁੱਲ-ਵਕਤੀ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ।
ਬ੍ਰਾਊਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਅਨੰਤ ਅੰਬਾਨੀ ਭੈਣ-ਭਰਾਵਾਂ ’ਚ ਰਿਲਾਇੰਸ ’ਚ ਕਾਰਜਕਾਰੀ ਨਿਰਦੇਸ਼ਕ ਵਜੋਂ ਨਿਯੁਕਤ ਹੋਣ ਵਾਲੇ ਪਹਿਲੇ ਵਿਅਕਤੀ ਹਨ। ਅਨੰਤ ਨੂੰ ਅਗਸਤ, 2022 ’ਚ ਕੰਪਨੀ ਦੇ ਪਾਵਰ ਸੈਗਮੈਂਟ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਉਹ ਮਾਰਚ, 2020 ਤੋਂ ਜੀਓ ਪਲੇਟਫਾਰਮਜ਼ ਲਿ. ਦੇ ਨਿਰਦੇਸ਼ਕ ਮੰਡਲ, ਮਈ 2022 ਤੋਂ ਰਿਲਾਇੰਸ ਰਿਟੇਲ ਵੈਂਚਰਸ ਲਿ. ਦੇ ਬੋਰਡ ’ਚ ਅਤੇ ਜੂਨ 2021 ਤੋਂ ਰਿਲਾਇੰਸ ਨਿਊ ਐਨਰਜੀ ਲਿ. ਦੇ ਨਾਲ-ਨਾਲ ਰਿਲਾਇੰਸ ਨਿਊ ਸੋਲਰ ਐਨਰਜੀ ਲਿ. ਦੇ ਨਿਰਦੇਸ਼ਕ ਮੰਡਲ ’ਚ ਵੀ ਹਨ। ਉਹ ਸਤੰਬਰ ਤੋਂ ਰਿਲਾਇੰਸ ਦੀ ਚੈਰਿਟੀ ਇਕਾਈ ਰਿਲਾਇੰਸ ਫਾਊਂਡੇਸ਼ਨ ਦੇ ਬੋਰਡ ’ਚ ਵੀ ਹਨ।
ਜ਼ਿਕਰਯੋਗ ਹੈ ਕਿ ਅੰਬਾਨੀ ਨੇ ਅਗਸਤ 2023 ’ਚ ਆਪਣੇ ਤਿੰਨ ਬੱਚਿਆਂ-ਜੁੜਵਾਂ ਈਸ਼ਾ ਤੇ ਅਕਾਸ਼ ਅਤੇ ਅਨੰਤ ਨੂੰ ਸਮੂਹ ਦੇ ਨਿਰਦੇਸ਼ਕ ਮੰਡਲ ’ਚ ਗੈਰ-ਕਾਰਜਕਾਰੀ ਨਿਰਦੇਸ਼ਕਾਂ ਵਜੋਂ ਸ਼ਾਮਿਲ ਕੀਤਾ ਸੀ। ਇਸ ਦਾ ਮਕਸਦ ਆਖਰੀ ਉਤਰਾਧਿਕਾਰ ਯੋਜਨਾ ਦੀ ਤਿਆਰੀ ਹੈ।
ਅੰਬਾਨੀ ਦੇ ਸਭ ਤੋਂ ਵੱਡੇ ਬੇਟੇ ਅਕਾਸ਼ 2014 ’ਚ ਇਕਾਈ ’ਚ ਸ਼ਾਮਲ ਹੋਣ ਤੋਂ ਬਾਅਦ ਜੂਨ, 2022 ਤੋਂ ਦੂਰਸੰਚਾਰ ਇਕਾਈ ਜੀਓ ਇਨਫੋਕਾਮ ਦੇ ਚੇਅਰਮੈਨ ਹਨ। ਉਨ੍ਹਾਂ ਦੀ ਜੁੜਵਾਂ ਭੈਣ ਈਸ਼ਾ ਕੰਪਨੀ ਦੀ ਪ੍ਰਚੂਨ, ਈ-ਕਾਮਰਸ ਅਤੇ ਲਗਜ਼ਰੀ ਇਕਾਈਆਂ ਚਲਾਂਦੀਆਂ ਹੈ। ਅਨੰਤ ਨਵੇਂ ਊਰਜਾ ਕਾਰੋਬਾਰ ਨੂੰ ਵੇਖਦੇ ਹਨ। ਅੰਬਾਨੀ ਦੇ ਤਿੰਨੇ ਬੱਚੇ ਜੀਓ ਪਲੇਟਫਾਰਮਜ਼ ਦੇ ਬੋਰਡ ’ਚ ਹਨ, ਜੋ ਰਿਲਾਇੰਸ ਦੀ ਦੂਰਸੰਚਾਰ ਅਤੇ ਡਿਜੀਟਲ ਜਾਇਦਾਦਾਂ ਅਤੇ ਰਿਲਾਇੰਸ ਰਿਟੇਲ ਨੂੰ ਰੱਖਣ ਵਾਲੀ ਇਕਾਈ ਹੈ।