ਭਾਰਤ ਦੀ ਸੇਵਾ ਖੇਤਰ ’ਚ ਤੇਜ਼ੀ, ਨਵੰਬਰ ’ਚ ਪੀ. ਐੱਮ. ਆਈ. 59.8 ’ਤੇ ਪੁੱਜਾ

Wednesday, Dec 03, 2025 - 09:42 PM (IST)

ਭਾਰਤ ਦੀ ਸੇਵਾ ਖੇਤਰ ’ਚ ਤੇਜ਼ੀ, ਨਵੰਬਰ ’ਚ ਪੀ. ਐੱਮ. ਆਈ. 59.8 ’ਤੇ ਪੁੱਜਾ

ਨਵੀਂ ਦਿੱਲੀ, (ਭਾਸ਼ਾ)- ਭਾਰਤ ਦੇ ਸੇਵਾ ਖੇਤਰ ਨੇ ਨਵੰਬਰ ’ਚ ਫਿਰ ਤੋਂ ਤੇਜ਼ੀ ਵਿਖਾਈ ਹੈ। ਐੱਚ. ਐੱਸ. ਬੀ. ਸੀ. ਇੰਡੀਆ ਸਰਵਿਸਿਜ਼ ਪ੍ਰਚੇਜਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਅਨੁਸਾਰ ਕਾਰੋਬਾਰੀ ਸਰਗਰਮੀ ਅਕਤੂਬਰ ’ਚ ਥੋੜ੍ਹੀ ਮੱਠੀ ਹੋਣ ਤੋਂ ਬਾਅਦ ਨਵੰਬਰ ’ਚ ਤੇਜ਼ੀ ਨਾਲ ਵਧੀ। ਇਸ ਮਹੀਨੇ ਦਾ ਸੀਜ਼ਨਲੀ ਐਡਜਸਟਿਡ ਪੀ. ਐੱਮ. ਆਈ. 59.8 ਰਿਹਾ, ਜੋ ਅਕਤੂਬਰ ਦੇ 58.9 ਨਾਲੋਂ ਵਧਿਆ। ਇਹ ਅੰਕੜਾ ਸੰਕੇਤ ਦਿੰਦਾ ਹੈ ਕਿ ਉਤਪਾਦਨ ’ਚ ‘ਇਤਿਹਾਸ ’ਚ ਹੁਣ ਤੱਕ ਦੀ ਤੇਜ਼ੀ’ ਦਰਜ ਕੀਤੀ ਗਈ ਹੈ।
ਪੀ. ਐੱਮ. ਆਈ. ’ਚ 50 ਤੋਂ ਉੱਪਰ ਦਾ ਸੂਚਕ ਅੰਕ ਆਰਥਕ ਵਾਧੇ ਨੂੰ ਦਰਸਾਉਂਦਾ ਹੈ, ਜਦੋਂ ਕਿ 50 ਤੋਂ ਹੇਠਾਂ ਦਾ ਸੂਚਕ ਅੰਕ ਕਮੀ ਵੱਲ ਇਸ਼ਾਰਾ ਕਰਦਾ ਹੈ। ਉੱਥੇ ਹੀ, 50 ਦਾ ਸੂਚਕ ਅੰਕ ਦੱਸਦਾ ਹੈ ਕਿ ਉਤਪਾਦਨ ’ਚ ਕੋਈ ਬਦਲਾਅ ਨਹੀਂ ਹੋਇਆ।

ਐੱਚ. ਐੱਸ. ਬੀ. ਸੀ. ਦੇ ਮੁੱਖ ਭਾਰਤ ਅਰਥਸ਼ਾਸਤਰੀ ਪ੍ਰਾਂਜਲ ਭੰਡਾਰੀ ਨੇ ਕਿਹਾ, “ਨਵੰਬਰ ’ਚ ਭਾਰਤ ਦਾ ਸਰਵਿਸਿਜ਼ ਪੀ. ਐੱਮ. ਆਈ. ਬਿਜ਼ਨੈੱਸ ਐਕਟੀਵਿਟੀ ਇੰਡੈਕਸ 58.9 ਤੋਂ ਵਧ ਕੇ 59.8 ’ਤੇ ਪਹੁੰਚ ਗਿਆ। ਇਹ ਨਵੀਆਂ ਮੰਗਾਂ ਅਤੇ ਕਾਰੋਬਾਰੀ ਸਰਗਰਮੀਆਂ ’ਚ ਮਜ਼ਬੂਤੀ ਕਾਰਨ ਹੋਇਆ।’’ ਹਾਲਾਂਕਿ, ਅੰਤਰਰਾਸ਼ਟਰੀ ਵਿਕਰੀ ’ਚ 8 ਮਹੀਨਿਆਂ ਦਾ ਸਭ ਤੋਂ ਮੱਠਾ ਵਾਧਾ ਵੇਖਿਆ ਗਿਆ, ਜਿਸ ਦਾ ਕਾਰਨ ਵਿਦੇਸ਼ੀ ਸੇਵਾਵਾਂ ’ਚ ਸਖ਼ਤ ਮੁਕਾਬਲੇਬਾਜ਼ੀ ਹੈ।

ਇਨਪੁਟ ਪ੍ਰਾਈਸ ਇਨਫਲੇਸ਼ਨ ਪਿਛਲੇ ਲੱਗਭਗ ਸਾਢੇ 5 ਸਾਲਾਂ ’ਚ ਸਭ ਤੋਂ ਘੱਟ ਦਰਜ ਕੀਤੀ ਗਈ, ਜਿਸ ਨਾਲ ਉਤਪਾਦਾਂ ਦੀਆਂ ਕੀਮਤਾਂ ’ਚ ਜ਼ਿਆਦਾ ਵਾਧਾ ਨਹੀਂ ਹੋਇਆ। ਰੋਜ਼ਗਾਰ ਵਾਧਾ ਦਰ ਮਾਮੂਲੀ ਰਹੀ ਅਤੇ ਜ਼ਿਆਦਾਤਰ ਕੰਪਨੀਆਂ ਨੇ ਆਪਣੇ ਸਟਾਫ ’ਚ ਕੋਈ ਬਦਲਾਅ ਨਹੀਂ ਕੀਤਾ। ਨਾਲ ਹੀ, ਭਾਰਤ ਦਾ ਕੰਪੋਜ਼ਿਟ ਪੀ. ਐੱਮ. ਆਈ. 59.7 ’ਤੇ ਮਜ਼ਬੂਤ ਬਣਿਆ ਰਿਹਾ ਪਰ ਫੈਕਟਰੀ ਉਤਪਾਦਨ ਦੀ ਵਾਧਾ ਦਰ ’ਚ ਥੋੜ੍ਹੀ ਮੰਦੀ ਵੇਖੀ ਗਈ।

ਨਵੰਬਰ ’ਚ ਉਸਾਰੀ ਖੇਤਰ ’ਚ ਮੱਠਾ ਵਾਧਾ ਹੋਇਆ। ਐੱਚ. ਐੱਸ. ਬੀ. ਸੀ. ਮੈਨੂਫੈਕਚਰਿੰਗ ਪੀ. ਐੱਮ. ਆਈ. 56.6 ’ਤੇ ਰਿਹਾ, ਜੋ ਅਕਤੂਬਰ ਦੇ 59.2 ਤੋਂ ਘੱਟ ਹੈ। ਇਹ ਪਿਛਲੇ 9 ਮਹੀਨਿਆਂ ’ਚ ਸਭ ਤੋਂ ਮੱਠੇ ਸੁਧਾਰ ਦੀ ਸਥਿਤੀ ਦਰਸਾਉਂਦਾ ਹੈ।


author

Rakesh

Content Editor

Related News