ਵਾਲਮਾਰਟ, ਰਿਲਾਇੰਸ ਨੂੰ ਮਿਲੇਗੀ ਟੱਕਰ, ''ਮੋਰ'' ਨੂੰ ਖਰੀਦ ਸਕਦੈ ਐਮਾਜ਼ੋਨ

08/20/2018 2:04:09 PM

ਨਵੀਂ ਦਿੱਲੀ— ਐਮਾਜ਼ੋਨ ਸੁਪਰ ਮਾਰਕੀਟ 'ਮੋਰ' ਨੂੰ ਖਰੀਦਣ ਲਈ ਗੋਲਡਮੈਨ ਸਾਕਸ ਅਤੇ ਪ੍ਰਾਈਵੇਟ ਇਕੁਇਟੀ ਫੰਡ ਸਮਾਰਾ ਕੈਪਟੀਲ ਨਾਲ ਮਿਲ ਕੇ ਇਕ ਰਣਨੀਤਕ ਯੋਜਨਾ ਬਣਾ ਰਿਹਾ ਹੈ। ਰਿਪੋਰਟਾਂ ਮੁਤਾਬਕ ਆਦਿੱਤਿਆ ਬਿਰਲਾ ਗਰੁੱਪ ਦੇ ਫੂਡ ਅਤੇ ਗ੍ਰੋਸਰੀ ਕਾਰੋਬਾਰ 'ਮੋਰ' ਨੂੰ ਖਰੀਦਣ ਦਾ ਇਹ ਸੌਦਾ 4,200-4,400 ਕਰੋੜ ਰੁਪਏ 'ਚ ਹੋ ਸਕਦਾ ਹੈ। ਫੂਡ ਅਤੇ ਗ੍ਰੋਸਰੀ ਕਾਰੋਬਾਰ 'ਚ ਕਦਮ ਰੱਖ ਕੇ ਐਮਾਜ਼ੋਨ ਵਾਲਮਾਰਟ ਅਤੇ ਰਿਲਾਇੰਸ ਰਿਟੇਲ ਨੂੰ ਟੱਕਰ ਦੇਣ ਦੀ ਸੰਭਾਵਨਾ ਤਲਾਸ਼ ਰਿਹਾ ਹੈ। ਵਾਲਮਾਰਟ ਵੱਲੋਂ ਫਲਿੱਪਕਾਰਟ 'ਚ 77 ਫੀਸਦੀ ਹਿੱਸੇਦਾਰੀ ਖਰੀਦਣ ਨਾਲ ਹੁਣ ਇਸ ਦਾ ਸਿੱਧਾ ਮੁਕਾਬਲਾ ਐਮਾਜ਼ੋਨ ਨਾਲ ਹੈ। ਰਿਪੋਰਟਾਂ ਮੁਤਾਬਕ ਐਮਾਜ਼ੋਨ ਨੇ ਆਦਿੱਤਿਆ ਬਿਰਲਾ ਦੇ ਸੁਪਰ ਮਾਰਕੀਟ ਚੈਨ 'ਮੋਰ' 'ਚ 42-49 ਫੀਸਦੀ ਹਿੱਸੇਦਾਰੀ ਖਰੀਦਣ ਲਈ ਗੱਲਬਾਤ ਦਾ ਦੌਰ ਸ਼ੁਰੂ ਕੀਤਾ ਹੈ।

ਭਾਰਤੀ ਵਿਦੇਸ਼ੀ ਨਿਵੇਸ਼ ਕਾਨੂੰਨਾਂ ਮੁਤਾਬਕ, ਇਕ ਵਿਦੇਸ਼ੀ ਕੰਪਨੀ 'ਮੋਰ' ਵਰਗੇ ਮਲਟੀ ਬ੍ਰਾਂਡ 'ਚ ਸਿਰਫ 49 ਫੀਸਦੀ ਹਿੱਸੇਦਾਰੀ ਹੀ ਰੱਖ ਸਕਦੀ ਹੈ। ਹਾਲਾਂਕਿ ਵਿਦੇਸ਼ੀ ਕੰਪਨੀਆਂ ਨੇ ਹੋਲਡਿੰਗ ਕੰਪਨੀ ਬਣਾ ਕੇ ਇਸ ਰੁਕਾਵਟ ਨੂੰ ਵੀ ਖਤਮ ਕਰ ਦਿੱਤਾ ਹੈ, ਜਿੱਥੇ 100 ਫੀਸਦੀ ਵਿਦੇਸ਼ੀ ਮਾਲਕੀ ਦੀ ਇਜਾਜ਼ਤ ਹੈ। ਖਬਰਾਂ ਮੁਤਾਬਕ ਮਈ 'ਚ ਸਮਾਰਾ ਕੈਪਟੀਲ 'ਮੋਰ' ਨੂੰ ਖਰੀਦਣ ਦੀ ਗੱਲਬਾਤ ਕਰ ਰਿਹਾ ਸੀ ਅਤੇ ਜੂਨ 'ਚ ਅੱਦਿਤਿਆ ਬਿਰਲਾ ਰਿਟੇਲ ਨੇ 'ਮੋਰ' ਨੂੰ ਵੇਚਣ ਦਾ ਉਸ ਨਾਲ ਇਕ ਸਮਝੌਤਾ ਕੀਤਾ। ਇਸ ਦੇ ਬਾਅਦ ਸਮਾਰਾ ਕੈਪੀਟਲ ਨੇ ਇਹ ਸੌਦਾ ਪੂਰਾ ਕਰਨ ਲਈ ਐਮਾਜ਼ੋਨ ਅਤੇ ਗੋਲਡਮੈਨ ਸਾਕਸ ਕੋਲ ਪਹੁੰਚ ਕੀਤੀ। ਹੁਣ ਇਹ ਗਰੁੱਪ ਬਣਾ ਕੇ ਇਸ ਸੌਦੇ ਨੂੰ ਪੂਰਾ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਹੁਣ ਤਕ ਭਾਰਤ 'ਚ ਐਮਾਜ਼ੋਨ ਦਾ ਨਿਵੇਸ਼ 4 ਅਰਬ ਡਾਲਰ ਦਾ ਹੈ। ਪਿਛਲੇ ਸਾਲ ਸਤੰਬਰ ਉਸ ਨੇ 180 ਕਰੋੜ ਰੁਪਏ 'ਚ ਸ਼ਾਪਰ ਸਟਾਪ 'ਚ 5 ਫੀਸਦੀ ਹਿੱਸੇਦਾਰੀ ਖਰੀਦੀ ਸੀ। 'ਮੋਰ' ਭਾਰਤ ਦਾ ਚੌਥਾ ਵੱਡਾ ਫੂਡ ਅਤੇ ਗ੍ਰੋਸਰੀ ਮਾਰਕੀਟ ਹੈ।


Related News