Apple ਨੂੰ ਪਛਾੜ ਕੇ ਦੁਨੀਆ ਦੀ ਨੰਬਰ ਵਨ ਕੰਪਨੀ ਬਣਨ ਦੀ ਤਿਆਰੀ ''ਚ Amazon
Thursday, Jul 19, 2018 - 02:45 PM (IST)

ਬਿਜ਼ਨੈੱਸ ਡੈਸਕ — ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੇਫ ਬੇਜੋਸ ਦੀ ਈ-ਕਾਮਰਸ ਕੰਪਨੀ ਐਮਾਜ਼ੋਨ ਹੁਣ 900 ਅਰਬ ਡਾਲਰ ਦੀ ਕੰਪਨੀ ਬਣ ਗਈ ਹੈ। ਬੁੱਧਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ 'ਚ ਐਮਾਜ਼ੋਨ ਦੇ ਸ਼ੇਅਰਾਂ ਵਿਚ ਆਈ ਤੇਜ਼ੀ ਕਾਰਨ ਕੰਪਨੀ ਦੇ ਬਾਜ਼ਾਰ ਮੁੱਲ 'ਚ ਵੀ ਵਾਧਾ ਦਰਜ ਕੀਤਾ ਗਿਆ। ਐਮਾਜ਼ੋਨ ਦੇ ਸ਼ੇਅਰਾਂ ਨੇ 1858 ਡਾਲਰ ਦੀ ਰਿਕਾਰਡ ਉਚਾਈ ਨੂੰ ਛੂਹਿਆ ਹੈ।
ਮਾਰਕਿਟ ਕੈਪ 'ਚ ਵਾਧਾ
ਬੁੱਧਵਾਰ ਨੂੰ ਕੰਪਨੀ ਨੇ ਦੱਸਿਆ ਕਿ ਹਰ ਸਾਲ ਲੱਗਣ ਵਾਲੀ ਪ੍ਰਾਈਮ ਡੇਅ ਸੇਲ 'ਚ ਇਸ ਵਾਰ ਉਸਨੇ 10 ਕਰੋੜ ਡਾਲਰ ਤੋਂ ਜ਼ਿਆਦਾ ਦੇ ਉਤਪਾਦ ਵੇਚੇ ਜਿਸ ਕਾਰਨ ਉਸਦੇ ਸ਼ੇਅਰਾਂ ਦੀ ਕੀਮਤ ਵਧ ਕੇ 1,858.88 ਡਾਲਰ ਹੋ ਗਈ ਜਿਸ ਕਾਰਨ ਉਸਦਾ ਮਾਰਕਿਟ ਕੈਪ 902 ਅਰਬ ਡਾਲਰ 'ਤੇ ਪਹੁੰਚ ਗਿਆ।
ਪਹਿਲੇ ਨੰਬਰ 'ਤੇ ਐਪਲ
ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ 2011 'ਚ ਐਸਕਾਨ ਮੋਬਾਇਲ ਨੂੰ ਪਛਾੜ ਕੇ ਸਭ ਤੋਂ ਵੱਡੇ ਮਾਰਕਿਟ ਵੈਲਿਊ ਵਾਲੀ ਅਮਰੀਕੀ ਕੰਪਨੀ ਦਾ ਦਰਜਾ ਹਾਸਲ ਕੀਤਾ ਸੀ। ਐਪਲ ਦਾ ਬਾਜ਼ਾਰ ਮੁੱਲ ਲਗਭਗ 940 ਅਰਬ ਡਾਲਰ ਦੇ ਕਰੀਬ ਹੈ ਅਤੇ ਉਹ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ। ਪਰ ਜਿਸ ਰਫਤਾਰ ਨਾਲ ਐਮਾਜ਼ੋਨ ਅੱਗੇ ਵਧ ਰਹੀ ਹੈ ਉਸਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਜਲਦੀ ਹੀ ਇਹ ਐਪਲ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਵੇਗੀ।