Amazon ''ਤੇ 3 ਹੋਰ ਭਾਸ਼ਾਵਾਂ ਸ਼ਾਮਲ, ਕੰਪਨੀ ਦੇ ਕਾਰੋਬਾਰ ਨੂੰ ਮਿਲੇਗੀ ਰਫਤਾਰ!
Monday, Sep 20, 2021 - 08:31 AM (IST)
ਨਵੀਂ ਦਿੱਲੀ- ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਐਤਵਾਰ ਨੂੰ ਕਿਹਾ ਕਿ ਐਮਾਜ਼ੋਨ ਡਾਟ ਇਨ 'ਤੇ ਵਿਕਰੇਤਾ ਹੁਣ ਮਲਿਆਲਮ, ਤੇਲੁਗੂ ਤੇ ਬੰਗਾਲੀ ਵਰਗੀਆਂ ਤਿੰਨ ਭਾਸ਼ਾਵਾਂ ਵਿਚ ਰਜਿਸਟ੍ਰੇਸ਼ਨ ਅਤੇ ਆਪਣੇ ਆਨਲਾਈਨ ਕਾਰੋਬਾਰ ਦਾ ਪ੍ਰਬੰਧਨ ਕਰ ਸਕਣਗੇ। ਐਮਾਜ਼ੋਨ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਕਿਹਾ ਕਿ ਇਹ ਕਦਮ ਅਗਾਮੀ ਤਿਉਹਾਰੀ ਸੀਜ਼ਨ ਨੂੰ ਧਿਆਨ ਵਿਚ ਰੱਖ ਕੇ ਚੁੱਕਿਆ ਗਿਆ ਹੈ, ਜਿਸ ਨਾਲ ਮੌਜੂਦਾ ਵਿਕਰੇਤਾਵਾਂ, ਕਈ ਸੰਭਾਵਤ ਅਤੇ ਨਵੇਂ ਵਿਕਰੇਤਾਵਾਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਵੱਖ-ਵੱਖ ਪੱਧਰਾਂ ਦੇ ਬਾਜ਼ਾਰਾਂ ਤੋਂ ਫਾਇਦਾ ਮਿਲੇਗਾ, ਨਾਲ ਹੀ ਉਹ ਆਪਣੀ ਪਸੰਦ ਦੀ ਭਾਸ਼ਾ ਵਿਚ ਕੰਮ ਕਰ ਸਕਦੇ ਹਨ।
ਇਸ ਪੇਸ਼ਕਸ਼ ਨਾਲ ਐਮਾਜ਼ੋਨ ਡਾਟ ਇਨ ਹੁਣ ਵਿਕਰੇਤਾਵਾਂ ਨੂੰ ਬੰਗਾਲੀ, ਗੁਜਰਾਤੀ, ਹਿੰਦੀ, ਕੱਨੜ, ਮਰਾਠੀ, ਮਲਿਆਲਮ, ਤੇਲੁਗੂ, ਤਮਿਲ ਅਤੇ ਅੰਗਰੇਜ਼ੀ ਸਣੇ ਕੁੱਲ 8 ਭਾਸ਼ਾਵਾਂ ਵਿਚ ਆਪਣੇ ਆਨਲਾਈਨ ਕਾਰੋਬਾਰ ਦਾ ਪ੍ਰਬੰਧਨ ਕਰਨ ਦਾ ਬਦਲ ਦਿੰਦਾ ਹੈ। ਕੰਪਨੀ ਨੇ ਕਿਹਾ ਕਿ ਕਿਸੇ ਵੀ ਖੇਤਰੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਵਿਕਰੇਤਾ ਪਹਿਲੀ ਵਾਰ ਐਮਾਜ਼ੋਨ ਵਿਕਰੇਤਾ ਦੇ ਰੂਪ ਵਿਚ ਰਜਿਸਟ੍ਰੇਸ਼ਨ ਕਰਨ ਦੇ ਨਾਲ-ਨਾਲ ਆਰਡਰ ਪ੍ਰਬੰਧਿਤ ਕਰਨ ਤੱਕ ਸਭ ਕੁਝ ਕਰ ਸਕਦੇ ਹਨ। ਐਮਾਜ਼ੋਨ ਡਾਟ ਇਨ 'ਤੇ ਮੌਜੂਦਾ ਸਮੇਂ ਤਕਰੀਬਨ 8.5 ਲੱਖ ਵਿਕਰੇਤਾ ਹਨ।