ਡੁੱਬ ਸਕਦੈ ਕ੍ਰਿਪਟੋ ਕਰੰਸੀ ਦੇ ਨਿਵੇਸ਼ਕਾਂ ਦਾ ਸਾਰਾ ਪੈਸਾ : ਬੈਂਕ ਆਫ ਇੰਗਲੈਂਡ
Sunday, May 09, 2021 - 02:41 PM (IST)

ਨਵੀਂ ਦਿੱਲੀ - ਬਿਟਕੁਆਈਨ ਅਤੇ ਈਥਰਿਅਮ ਪ੍ਰਤੀ ਵਧ ਰਹੀ ਨਿਵੇਸ਼ਕਾਂ ਦੀ ਦੀਵਾਨਗੀ ਦਰਮਿਆਨ ਬੈਂਕ ਆਫ ਇੰਗਲੈਂਡ ਦੇ ਗਵਰਨ ਐਂਡ੍ਰਿਊ ਬੈਲੀ ਨੇ ਕ੍ਰਿਪਟੋ ਕਰੰਸੀ ਦੇ ਨਿਵੇਸ਼ਕਾਂ ਨੂੰ ਚੌਕਸ ਕਰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਕ੍ਰਿਪਟੋ ਕਰੰਸੀ ਦਾ ਕੋਈ ਵਾਧੂ ਮੁੱਲ ਨਹੀਂ ਹੈ ਅਤੇ ਇਸ ’ਚ ਨਿਵੇਸ਼ ਕਰਨ ਵਾਲਿਆਂ ਦਾ ਸਾਰਾ ਪੈਸਾ ਡੁੱਬ ਸਕਦਾ ਹੈ। ਦਰਅਸਲ ਬੈਂਕ ਆਫ ਇੰਗਲੈਂਡ ਦੇ ਗਵਰਨਰ ਐਂਡ੍ਰਿਊ ਬੈਲੀ ਤੋਂ ਇਕ ਪੱਤਰਕਾਰ ਸੰਮੇਲਨ ਦੌਰਾਨ ਕ੍ਰਿਪਟੋ ਕਰੰਸੀ ’ਚ ਚੱਲ ਰਹੀ ਤੇਜ਼ੀ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ ਅਤੇ ਇਸ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਕ੍ਰਿਪਟੋ ਕਰੰਸੀ ਦੀ ਕੋਈ ਵਾਧੂ ਕੀਮਤ ਨਹੀਂ ਹੈ, ਮੈਂ ਇਕ ਵਾਰ ਮੁੜ ਦੋ ਟੁੱਕ ’ਚ ਕਹਿ ਰਿਹਾ ਹਾਂ ਕਿ ਜੇ ਲੋਕ ਆਪਣਾ ਸਾਰਾ ਪੈਸਾ ਡੋਬਣ ਲਈ ਮਾਨਸਿਕ ਤੌਰ ’ਤੇ ਤਿਆਰ ਹਨ ਤਾਂ ਉਹ ਇਸ ਨੂੰ ਖਰੀਦ ਸਕਦੇ ਹਨ।
ਇਸ ਤੋਂ ਪਹਿਲਾਂ ਯੂ. ਕੇ. ਫਾਇਨਾਂਸ਼ੀਅਲ ਕੰਡਕਟ ਅਥਾਰਿਟੀ ਨੇ ਵੀ ਜਨਵਰੀ ’ਚ ਇਸੇ ਤਰ੍ਹਾਂ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨਾ ਅਤੇ ਇਸ ਨਾਲ ਜੁੜੇ ਹੋਏ ਲਿੰਕਸ ਨੂੰ ਉਧਾਰ ਦੇਣਾ ਨਿਵੇਸ਼ਕਾਂ ਲਈ ਜੋਖਮ ਭਰਿਆ ਹੋ ਸਕਦਾ ਹੈ ਅਤੇ ਜੇ ਨਿਵੇਸ਼ਕ ਇਨ੍ਹਾਂ ’ਚ ਨਿਵੇਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਖੁਦ ਨੂੰ ਮਾਨਸਿਕ ਤੌਰ ’ਤੇ ਇਸ ਲਈ ਤਿਆਰ ਰੱਖਣਾ ਪਵੇਗਾ ਕਿ ਇਸ ’ਚ ਉਨ੍ਹਾਂ ਦਾ ਪੈਸਾ ਡੁੱਬ ਸਕਦਾ ਹੈ। ਬੈਲੀ ਇਸ ਤੋਂ ਪਹਿਲਾਂ ਫਾਇਨਾਂਸ਼ੀਅਲ ਕੰਡਕਟ ਅਥਾਰਿਟੀ ਦੇ ਚੀਫ ਐਗਜ਼ੀਕਿਊਟਿਵ ਰਹੇ ਹਨ ਅਤੇ ਕ੍ਰਿਪਟੋ ਕਰੰਸੀ ਨੂੰ ਲੈ ਕੇ ਉਨ੍ਹਾਂ ਦਾ ਇਹ ਖਦਸ਼ਾ ਨਵਾਂ ਨਹੀਂ ਹੈ।
ਆਪਣੇ ਅਹੁਦੇ ’ਤੇ ਰਹਿੰਦੇ ਹੋਏ 2017 ’ਚ ਵੀ ਉਨ੍ਹਾਂ ਨੇ ਨਿਵੇਸ਼ਕਾਂ ਨੂੰ ਕ੍ਰਿਪਟੋ ਕਰੰਸੀ ’ਚ ਨਿਵੇਸ਼ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਇਸ ’ਚ ਨਿਵੇਸ਼ ਕਰਨ ਵਾਲਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਨਿਵੇਸ਼ਕਾਂ ਦਾ ਸਾਰਾ ਪੈਸਾ ਇਸ ’ਚ ਡੁੱਬ ਸਕਦਾ ਹੈ।
ਬਿਟਕੁਆਈਨ ਈਥਰਿਅਮ ਅਤੇ ਡੋਜੀਕੁਆਈਨ ਵਰਗੀ ਕ੍ਰਿਪਟੋ ਕਰੰਸੀ ਨੇ ਇਸ ਸਾਲ ਨਿਵੇਸ਼ਕਾਂ ਨੂੰ ਜ਼ਬਰਦਸਤ ਰਿਟਰਨ ਦਿੱਤੇ ਹਨ। ਟੈਸਲਾ ਵਰਗੇ ਵੱਡੇ ਅਤੇ ਸੰਸਥਾਗਤ ਨਿਵੇਸ਼ਕਾਂ ਵਲੋਂ ਬਿਟਕੁਆਈਨ ’ਚ ਰੁਚੀ ਦਿਖਾਏ ਜਾਣ ਤੋਂ ਬਾਅਦ ਇਸ ਸਾਲ ਇਸ ਦੀਆਂ ਕੀਮਤਾਂ ਦੋ ਗੁਣਾ ਹੋ ਚੁੱਕੀਆਂ ਹਨ। ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਨੇ ਕਰੀਬ ਡੇਢ ਅਰਬ ਡਾਲਰ ਦੇ ਬਿਟਕੁਆਈਨ ਖਰੀਦੇ ਹਨ। ਟੈਸਲਾ ਦੀ ਇਸ ’ਚ ਹੋਲਡਿੰਗ ਹੁਣ ਵਧ ਕੇ ਢਾਈ ਅਰਬ ਡਾਲਰ ਹੋ ਗਈ ਹੈ।
2017 ’ਚ ਡੁੱਬ ਗਏ ਸਨ ਨਿਵੇਸ਼ਕਾਂ ਦੇ ਅਰਬਾਂ ਡਾਲਰ
ਐਂਡ੍ਰਿਊ ਬੈਲੀ ਦੀ ਚਿਤਾਵਨੀ ਨੇ ਨਿਵੇਸ਼ਕਾਂ ਨੂੰ 2017 ਦੇ ਕ੍ਰਿਪਟੋ ਕਰੰਸੀ ਬਬਲ ਦੀ ਯਾਦ ਦਿਵਾ ਦਿੱਤੀ ਹੈ। 2017 ’ਚ ਬਿਟਕੁਆਈਨ ਵਿਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਸੀ ਅਤੇ ਬਿਟਕੁਆਈਨ ਦੇ ਰੇਟ 20 ਹਜ਼ਾਰ ਡਾਲਰ ਤੋਂ ਡਿਗ ਕੇ 3122 ਡਾਲਰ ’ਤੇ ਪਹੁੰਚ ਗਏ ਸਨ।
ਬਿਟਕੁਆਈਨ ’ਚ ਨਿਵੇਸ਼ ਦੇ ਪੱਖ ’ਚ ਦਲੀਲ
ਬਿਟਕੁਆਈਨ ਦੇ ਸਮਰਥਕਾਂ ਦੀ ਦਲੀਲ ਹੈ ਕਿ ਕੋਰੋਨ ਦੇ ਇਸ ਸੰਕਟ ਕਾਲ ’ਚ ਵਧ ਰਹੀ ਮਹਿੰਗਾਈ ਕਾਰਨ ਵਧਣ ਵਾਲੇ ਆਰਥਿਕ ਪ੍ਰਭਾਵ ਨਾਲ ਨਜਿੱਠਣ ਲਈ ਦੁਨੀਆ ਭਰ ਦੇ ਕੇਂਦਰੀ ਬੈਂਕ ਕਰੰਸੀ ਛਾਪਣ ’ਚ ਲੱਗੇ ਹਨ ਜਦੋਂ ਕਿ ਸਿਰਫ 2 ਕਰੋੜ 10 ਲੱਖ ਬਿਟਕੁਆਈਨ ਹੀ ਮਾਈਨ ਹੋ ਸਕਦੇ ਹਨ ਅਤੇ ਪਿਛਲੇ 10 ਸਾਲ ’ਚ ਕਰੀਬ 1 ਕਰੋੜ 87 ਲੱਖ ਬਿਟਕੁਆਈਨ ਮਾਈਨ ਹੋਏ ਹਨ ਅਤੇ ਇਸ ਦਾ ਉਛਾਲ ਤੁਹਾਨੂੰ ਮਹਿੰਗਾਈ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।
ਕਿਵੇਂ ਸ਼ੁਰੂ ਹੋਇਆ ਬਿਟਕੁਆਈਨ
2008 ’ਚ ਅਮਰੀਕਾ ’ਚ ਜਦੋਂ ਵਿੱਤੀ ਸੰਕਟ ਆਇਆ ਤਾਂ ਲੋਕਾਂ ਦੇ ਦਿਮਾਗ ’ਚ ਇਹ ਖਿਆਲ ਆਇਆ ਕਿ ਉਨ੍ਹਾਂ ਦਾ ਪੈਸਾ ਕਿੱਥੇ ਸੁਰੱਖਿਅਤ ਰਹਿ ਸਕਦਾ ਹੈ ਅਤੇ ਇਸੇ ਖਿਆਲ ਨਾਲ ਬਿਟਕੁਆਈਨ ਦਾ ਜਨਮ ਹੋਇਆ।
ਹਾਲਾਂਕਿ ਇਸ ਨੂੰ ਕਿਸ ਨੇ ਡਿਜਾਈਨ ਕੀਤਾ, ਇਸ ਦੀ ਪੂਰੀ ਜਾਣਕਾਰੀ ਕਿਤੇ ਨਹੀਂ ਹੈ ਪਰ ਇਸ ਦੇ ਪੇਪਰ ਸੰਤੋਸ਼ੀ ਨਾਕਾਮੋਟੋ ਨੇ ਤਿਆਰ ਕੀਤੇ ਦੱਸੇ ਗਏ ਹਨ ਪਰ ਇਸ ਨਾਂ ਦੀ ਪਛਾਣ ਨੂੰ ਲੈ ਕੇ ਵੀ ਪੁਖਤਾ ਸਬੂਤ ਨਹੀਂ ਹਨ ਕਿ ਆਖਿਰ ਇਕ ਵਿਅਕਤੀ ਹੈ ਜਾਂ ਵਿਅਕਤੀਆਂ ਦਾ ਸਮੂਹ ਹੈ, ਜਿਸ ਨੇ ਇਸ ਦਾ ਖਾਕਾ ਤਿਆਰ ਕੀਤਾ ਹੈ।
ਕਿਵੇਂ ਹੁੰਦਾ ਹੈ ਕਾਰੋਬਾਰ
ਬਿਟਕੁਆਈਨ ਬਲਾਕ ਚੇਨ ਤਕਨੀਕ ਦੇ ਆਧਾਰ ’ਤੇ ਕੰਮ ਕਰਦਾ ਹੈ। ਇਹ ਪੂਰਾ ਕੰਮ ਕੰਮ ਸਿਰਫ ਵਿਸ਼ਵਾਸ ’ਤੇ ਆਧਾਰਿਤ ਹੈ ਅਤੇ ਇਸ ਦੀ ਕੋਈ ਸਰਕਾਰੀ ਮਾਨਤਾ ਨਹੀਂ ਹੈ। ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰਨ ਅਤੇ ਕਮੋਡਿਟੀ ਬਾਜ਼ਾਰ ’ਚ ਨਿਵੇਸ਼ਕਾਂ ਦੇ ਹਿੱਤ ਸੁਰੱਖਿਆਤ ਰੱਖਣ ਲਈ ਇਕ ਸਰਕਾਰ ਵਲੋਂ ਬਣਾਏ ਗਏ ਕੰਟਰੋਲਰ ਦੀ ਨਿਗਰਾਨੀ ਹੁੰਦੀ ਹੈ ਪਰ ਕਿਉਂਕਿ ਕ੍ਰਿਪਟੋ ਕਰੰਸੀ ਨਾ ਤਾਂ ਛਾਪੀ ਜਾਂਦੀ ਹੈ ਅਤੇ ਨਾਲ ਹੀ ਇਸ ਦਾ ਕੋਈ ਭੌਤਿਕ ਆਕਾਰ ਹੁੰਦਾ ਹੈ। ਲਿਹਾਜਾ ਇਹ ਸਿਰਫ ਵਿਸ਼ਵਾਸ ਦੀ ਖੇਡ ਹੈ। ਇਸ ’ਚ ਹੁਣ ਤੱਕ 1 ਕਰੋੜ 85 ਲੱਖ ਬਿਟਕੁਆਈਨ ਮਾਈਨ ਹੋਏ ਹਨ ਅਤੇ ਇਸ ਦੀ ਲਿਮਿਟ 2 ਕਰੋੜ 10 ਲੱਖ ਕੁਆਈਨ ਦੀ ਹੈ ਅਤੇ ਹੁਣ ਤੱਕ ਸਿਰਫ 1 ਕਰੋੜ 87 ਲੱਖ ਕੁਆਈਨ ’ਚ ਹੀ ਟ੍ਰੇਡ ਹੁੰਦਾ ਹੈ ਅਤੇ ਇਸੇ ਦੇ ਭਾਅ ਉੱਪਰ-ਹੇਠਾਂ ਹੁੰਦੇ ਹਨ। ਇਸ ’ਚ ਇਕ ਵਿਅਕਤੀ ਆਪਣੀ ਬੋਲੀ ਭੇਜਦਾ ਹੈ ਅਤੇ ਦੂਜਾ ਨਿਵੇਸ਼ਕ ਇਸ ਬੋਲੀ ਨੂੰ ਰਿਸੀਵ ਕਰਦਾ ਹੈ ਅਤੇ ਤੀਜੇ ਵਿਅਕਤੀ ਰਾਹੀਂ ਇਹ ਬੋਲੀ ਤੈਅ ਹੁੰਦੀ ਹੈ ਅਤੇ ਇਹ ਇਸ ਤਰ੍ਹਾਂ ਇਕ ਚੇਨ ਦੇ ਰੂਪ ’ਚ ਕੰਮ ਕਰਦਾ ਹੈ।
ਬਿਟਕੁਆਈਨ ਦੇ ਮੁਕਾਬਲੇ ਚਾਰ ਗੁਣਾ ਈਥਰਿਅਮ ਦਾ ਰਿਟਰਨ
ਬਿਟਕੁਆਈਨ ਨੇ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਕਰੀਬ 97 ਫੀਸਦੀ ਰਿਟਰਨ ਦਿੱਤਾ ਹੈ ਜਦੋਂ ਕਿ ਈਥਰਿਅਮ ਇਸ ਸਾਲ ਦੀ ਸ਼ੁਰੂਆਤ ਤੋਂ ਕਰੀਬ 400 ਫੀਸਦੀ ਤੋਂ ਜ਼ਿਆਦਾ ਰਿਟਰਨ ਦੇ ਚੁੱਕਾ ਹੈ ਅਤੇ ਹੁਣ ਇਹ ਦੁਨੀਆ ਦੀ ਦੂਜੀ ਵੱਡੀ ਕ੍ਰਿਪਟੋ ਕਰੰਸੀ ਬਣ ਚੁੱਕਾ ਹੈ ਅਤੇ ਇਸ ਦਾ ਮਾਰਕੀਟ ਕੈਪਟਲਾਈਜੇਸ਼ਨ 410 ਅਰਬ ਡਾਲਰ ਹੋ ਗਿਆ ਹੈ ਜਦੋਂ ਕਿ ਬਿਟਕੁਆਈਨ ਦਾ ਮਾਰਕੀਟ ਕੈਪਟਲਾਈਜੇਸ਼ਨ 1 ਖਰਬ ਡਾਲਰ ਦਾ ਹੈ। 1 ਜਨਵਰੀ ਨੂੰ ਇਸ ਦੀ ਕੀਮਤ 740 ਡਾਲਰ ਸੀ ਅਤੇ ਇਹ ਹੁਣ ਵਧ ਕੇ 3540 ਡਾਲਰ ਦਾ ਹੋ ਚੁੱਕਾ ਹੈ। ਉਧਰ ਦੂਜੇ ਪਾਸੇ ਇਸ ਸਾਲ ਇਕ ਜਨਵਰੀ ਨੂੰ ਇਕ ਬਿਟਕੁਆਈਨ ਦੀ ਕੀਮਤ ਕਰੀਬ 32 ਹਜ਼ਾਰ ਡਾਲਰ ਸੀ ਅਤੇ ਹੁਣ ਇਹ ਕਰੀਬ 59 ਹਜ਼ਾਰ ਡਾਲਰ ’ਤੇ ਪਹੁੰਚ ਚੁੱਕਾ ਹੈ। ਹਾਲਾਂਕਿ ਇਹ ਹੁਣ ਵੀ 63729 ਡਾਲਰ ਦੇ ਆਪਣੇ ਉੱਚ ਪੱਧਰ ਤੋਂ ਹੇਠਾਂ ਕਾਰੋਬਾਰ ਕਰ ਰਿਹਾ ਹੈ।
ਇਹ ਮਾਹਰ ਵੀ ਦੇ ਚੁੱਕੇ ਹਨ ਚਿਤਾਵਨੀ
ਬਿਟਕੁਆਈਨ ਨੂੰ ਲੈ ਕੇ ਸਿਰਫ ਬੈਂਕ ਆਫ ਇੰਗਲੈਂਡ ਦੇ ਗਵਰਨਰ ਐਂਡ੍ਰਿਊ ਬੈਲੀ ਨੂੰ ਹੀ ਸ਼ੱਕ ਨਹੀਂ ਹੈ ਕਿ ਸਗੋਂ ਬੈਂਕ ਆਫ ਅਮਰੀਕਾ ਦੇ ਚੀਫ ਇਨਵੈਸਟਮੈਂਟ, ਸਟ੍ਰੇਟੇਜਿਸਟ ਮਾਈਕਲ ਹਰਟਨੇਟ ਅਤੇ ਅਲਵਾਈਨ ਕੈਪੀਟਲਸ ਦੇ ਸਟੀਫਨ ਡਸਾਕਸ ਵੀ ਨਿਵੇਸ਼ਕਾਂ ਨੂੰ ਚਿਤਾਵਨੀ ਦੇ ਚੁੱਕੇ ਹਨ ਅਤੇ ਇਨ੍ਹਾਂ ਦੋਹਾਂ ਮਾਰਕੀਟ ਮਾਹਰਾਂ ਨੂੰ ਲਗਦਾ ਹੈ ਕਿ ਬਿਟਕੁਆਈਨ ਦੇ ਨਿਵੇਸ਼ਕ ਜ਼ਿਆਦਾ ਜੋਖਮ ਲੈ ਰਹੇ ਹਨ।
ਬਿਟਕੁਆਈਨ ਦੀ ਇਹ ਰੈਲੀ ‘ਮਦਰ ਆਫ ਬਬਲਸ’ ਹੈ ਅਤੇ ਇਹ ਕਦੀ ਵੀ ਫਟ ਸਕਦਾ ਹੈ।
ਮਾਈਕਲ ਹਰਟਨੇਟ ਚੀਫ ਇਨਵੈਸਟਮੈਂਟ, ਸਟ੍ਰੇਟੇਜਿਸਟ, ਬੈਂਕ ਆਫ ਅਮਰੀਕਾ
ਇਸ ਉਤਪਾਦ ਦਾ ਕੋਈ ਆਧਾਰ ਨਹੀਂ ਹੈ, ਗੱਲ ਇਥੇ ਹੀ ਖਤਮ ਹੋ ਜਾਂਦੀ ਹੈ।
ਸਟੀਫਨ ਇਸਾਕਸ, ਐਲਵਾਈਨ ਕੈਪੀਟਲਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।