ਈ-ਕਾਮਰਸ ਕੰਪਨੀਆਂ ਨੂੰ ਚਿਤਾਵਨੀ, ਘੱਟ ਮੁੱਲ ''ਤੇ ਸਾਮਾਨ ਵੇਚਿਆ ਤਾਂ ਹੋਵੇਗੀ ਕਾਰਵਾਈ : ਗੋਇਲ

Saturday, Nov 09, 2019 - 02:18 AM (IST)

ਈ-ਕਾਮਰਸ ਕੰਪਨੀਆਂ ਨੂੰ ਚਿਤਾਵਨੀ, ਘੱਟ ਮੁੱਲ ''ਤੇ ਸਾਮਾਨ ਵੇਚਿਆ ਤਾਂ ਹੋਵੇਗੀ ਕਾਰਵਾਈ : ਗੋਇਲ

ਨਵੀਂ ਦਿੱਲੀ (ਇੰਟ.)-ਈ-ਕਾਮਰਸ ਕੰਪਨੀਆਂ ਵੱਲੋਂ ਲਾਗਤ ਨਾਲੋਂ ਘੱਟ ਮੁੱਲ 'ਤੇ ਸਾਮਾਨ ਵੇਚਣ ਦੀਆਂ ਸ਼ਿਕਾਇਤਾਂ ਦਰਮਿਆਨ ਕਾਮਰਸ ਅਤੇ ਵਣਜ ਮੰਤਰਾਲਾ ਵੀ ਸਰਗਰਮ ਹੋ ਚੁੱਕਾ ਹੈ। ਵਣਜ ਮੰਤਰੀ ਪਿਊਸ਼ ਗੋਇਲ ਨੇ ਈ-ਕਾਮਰਸ ਕੰਪਨੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਪਲੇਟਫਾਰਮ 'ਤੇ ਪ੍ਰੀਡੇਟਰੀ ਪ੍ਰਾਈਸਿੰਗ ਯਾਨੀ ਲਾਗਤ ਨਾਲੋਂ ਘੱਟ ਮੁੱਲ 'ਤੇ ਸਾਮਾਨ ਵੇਚਿਆ ਗਿਆ ਤਾਂ ਉਨ੍ਹਾਂ ਖਿਲਾਫ ਕਾਰਵਾਈ ਹੋਵੇਗੀ।

ਇਕ ਰਿਪੋਰਟ ਅਨੁਸਾਰ ਵਣਜ ਮੰਤਰੀ ਪਿਊਸ਼ ਗੋਇਲ ਨੇ ਇਸ ਹਫ਼ਤੇ ਐਮਾਜ਼ੋਨ ਇੰਡੀਆ ਦੇ ਹੈੱਡ ਨਾਲ ਬੈਠਕ 'ਚ ਪ੍ਰੀਡੇਟਰੀ ਪ੍ਰਾਈਸਿੰਗ ਦਾ ਮੁੱਦਾ ਚੁੱਕਿਆ ਹੈ। ਇਸ ਮਾਮਲੇ ਤੋਂ ਜਾਣਕਾਰ ਇਕ ਅਧਿਕਾਰੀ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਊਸ਼ ਗੋਇਲ ਨੇ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਨਾਲ ਹੀ ਈ-ਕਾਮਰਸ ਕੰਪਨੀਆਂ ਵੱਲੋਂ ਪ੍ਰੀਡੇਟਰੀ ਪ੍ਰਾਈਸਿੰਗ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ।

ਕੈਟ ਨੇ ਲਾਏ ਹਨ ਘੱਟ ਕੀਮਤ 'ਤੇ ਸਾਮਾਨ ਵੇਚਣ ਦੇ ਦੋਸ਼
ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਐਮਾਜ਼ੋਨ ਅਤੇ ਫਲਿਪਕਾਰਟ 'ਤੇ ਲਾਗਤ ਤੋਂ ਵੀ ਘੱਟ ਮੁੱਲ 'ਤੇ ਸਾਮਾਨ ਵੇਚਣ ਦਾ ਦੋਸ਼ ਲਾਇਆ ਹੈ। ਨਾਲ ਹੀ ਕੈਟ ਨੇ ਈ-ਕਾਮਰਸ ਕੰਪਨੀਆਂ 'ਤੇ ਐੱਫ. ਡੀ. ਆਈ. ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਾਇਆ ਹੈ। ਇਸ ਸਬੰਧ 'ਚ ਕੈਟ ਨੇ ਵਣਜ ਮੰਤਰਾਲਾ ਅਤੇ ਪੀ. ਐੱਮ. ਓ. ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਕੈਟ ਦੀ ਸ਼ਿਕਾਇਤ ਤੋਂ ਬਾਅਦ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਐਂਡ ਇੰਟਰਨਲ ਟ੍ਰੇਡ (ਡੀ. ਪੀ. ਆਈ. ਆਈ. ਟੀ.) ਐੱਫ. ਡੀ. ਆਈ. ਨਿਯਮਾਂ ਦੀ ਉਲੰਘਣਾ ਦੀ ਜਾਂਚ ਕਰ ਰਿਹਾ ਹੈ।


author

Karan Kumar

Content Editor

Related News