ਐਮਾਜ਼ੋਨ ਨਾਲ ਸਮਝੌਤੇ ਦੀਆਂ ਖਬਰਾਂ ਨੂੰ ਏਅਰਟੈੱਲ ਨੇ ਕੀਤਾ ਰੱਦ

06/05/2020 4:07:00 PM

ਗੈਜੇਟ ਡੈਸਕ– ਭਾਰਤੀ ਏਅਰਟੈੱਲ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਕੰਪਨੀ ਐਮਾਜ਼ੋਨ ਅਤੇ ਏਅਰਟੈੱਲ ਵਿਚਕਾਰ ਇਕ ਵੱਡਾ ਸਮਝੌਤਾ ਹੋਣ ਵਾਲਾ ਹੈ। ਰਿਪੋਰਟ ’ਚ ਕਿਹਾ ਗਿਆ ਸੀ ਕਿ ਐਮਾਜ਼ੋਨ, ਏਅਰਟੈੱਲ ’ਚ ਕਰੀਬ 15,000 ਕਰੋੜ ਰੁਪਏ ’ਚ 5 ਫੀਸਦੀ ਦੀ ਹਿੱਸੇਦਾਰੀ ਖਰੀਦੇਗੀ। ਇਸ ਰਿਪੋਰਟ ’ਤੇ ਏਅਰਟੈੱਲ ਨੇ ਕਿਹਾ ਹੈ ਕਿ ਐਮਾਜ਼ੋਨ ਨਾਲ ਉਸ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ। ਏਅਰਟੈੱਲ ਅਤੇ ਐਮਾਜ਼ੋਨ ਵਿਚਕਾਰ ਸਮਝੌਤੇ ਦੀ ਖਬਰ ਨੂੰ ਸਭ ਤੋਂ ਪਹਿਲਾਂ ਸਮਾਚਾਰ ਏਜੰਸੀ ਰਾਇਟਰ ਨੇ ਚਾਰ ਜੂਨ ਨੂੰ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਵੀ ਵੋਡਾਫੋਨ-ਆਈਡੀਆ ਅਤੇ ਗੂਗਲ ਵਿਚਕਾਰ ਸਮਝੌਤੇ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਜਿਸ ਨੂੰ ਕੰਪਨੀ ਨੇ ਰੱਦ ਕਰ ਦਿੱਤਾ ਸੀ। 

ਸਟਾਕ ਐਕਸਚੇਂਜ ਨੂੰ ਭੇਜੇ ਗਏ ਇਕ ਨੋਟ ’ਚ ਏਅਰਟੈੱਲ ਨੇ ਕਿਹਾ ਕਿ ਸਾਨੂੰ ਕੁਝ ਅਜਿਹੀਆਂ ਮੀਡੀਆ ਰਿਪੋਰਟਾਂ ਮਿਲੀਆਂ ਹਨ ਜੋ ਸਬੰਧਿਤ ਕੰਪਨੀਆਂ ਨਾਲ ਬਿਨ੍ਹਾਂ ਗੱਲਬਾਤ ਕੀਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਐਮਾਜ਼ੋਨ ਅਤੇ ਏਅਰਟੈੱਲ ਵਿਚਕਾਰ ਸਮਝੌਤੇ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਏਅਰਟੈੱਲ ਦੇ ਸ਼ੇਅਰ ਦੀਆਂ ਕੀਮਤਾਂ ’ਚ 6 ਫੀਸਦੀ ਦਾ ਵਾਧਾ ਵੇਖਿਆ ਗਿਆ। ਐਮਾਜ਼ੋਨ ਨੇ ਇਸ ਰਿਪੋਰਟ ’ਤੇ ਅਜੇ ਤਕ ਕੋਈ ਬਿਆਨ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ ਅਪ੍ਰੈਲ ਮਹੀਨੇ ’ਚ ਫੇਸਬੁੱਕ ਨੇ ਰਿਲਾਇੰਸ ਜਿਓ ’ਚ 43,574 ਕਰੋੜ ਰੁਪਏ ’ਚ 9.99 ਫੀਸਦੀ ਦੀ ਹਿੱਸੇਦਾਰੀ ਖਰੀਦੀ ਹੈ। ਇਸ ਤੋਂ ਬਾਅਦ ਕੇ.ਕੇ.ਆਰ. ਅਤੇ ਹੋਰ ਕਈ ਵਿਦੇਸ਼ੀ ਕੰਪਨੀਆਂ ਨੇ ਜਿਓ ’ਚ ਨਿਵੇਸ਼ ਕੀਤਾ ਹੈ। ਜਿਓ ਪਲੇਟਫਾਰਮ ’ਚ ਯੂ.ਏ.ਈ. ਮੁਬਾਡਲਾ ਨੇ ਵੀ 9,093 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। 


Rakesh

Content Editor

Related News