ਦੇਸ਼ ਦੇ 8 ਸ਼ਹਿਰਾਂ 'ਚ ਸ਼ੁਰੂ ਹੋਈ Airtel ਦੀ 5G ਸੇਵਾ, ਜਾਣੋ ਕਿੰਨਾ ਕਰਨਾ ਹੋਵੇਗਾ ਭੁਗਤਾਨ
Friday, Oct 07, 2022 - 06:03 PM (IST)

ਨਵੀਂ ਦਿੱਲੀ - ਪ੍ਰਮੁੱਖ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੀਆਂ 5ਜੀ ਸੇਵਾਵਾਂ ਦੇਸ਼ ਦੇ ਅੱਠ ਸ਼ਹਿਰਾਂ ਦਿੱਲੀ, ਮੁੰਬਈ, ਚੇਨਈ, ਬੈਂਗਲੁਰੂ, ਹੈਦਰਾਬਾਦ, ਸਿਲੀਗੁੜੀ, ਨਾਗਪੁਰ ਅਤੇ ਵਾਰਾਣਸੀ ਵਿੱਚ ਸ਼ੁਰੂ ਹੋ ਗਈਆਂ ਹਨ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਆਨ 'ਚ ਕਿਹਾ ਗਿਆ ਹੈ ਕਿ 5ਜੀ ਸੇਵਾਵਾਂ ਲੈਣ ਵਾਲੇ ਗਾਹਕਾਂ ਨੂੰ ਆਪਣੇ ਮੌਜੂਦਾ 4ਜੀ ਪਲਾਨ ਦੇ ਮੁਤਾਬਕ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਗੁੱਟ 'ਤੇ ਬੰਨ੍ਹਦੇ ਹੀ ਗਰਮ ਹੋ ਗਈ Apple Wrist Watch... ਧੂੰਏਂ ਦੇ ਨਾਲ ਹੋਇਆ ਜ਼ੋਰਦਾਰ ਧਮਾਕਾ
ਭਾਰਤੀ ਏਅਰਟੈੱਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਗੋਪਾਲ ਵਿਟਲ ਨੇ 5ਜੀ ਦੀ ਪੇਸ਼ਕਸ਼ ਦੇ ਮੌਕੇ ਕਿਹਾ, “ਭਾਰਤੀ ਏਅਰਟੈੱਲ ਪਿਛਲੇ 27 ਸਾਲਾਂ ਤੋਂ ਦੇਸ਼ ਦੀ ਦੂਰਸੰਚਾਰ ਕ੍ਰਾਂਤੀ ਵਿੱਚ ਸਭ ਤੋਂ ਅੱਗੇ ਰਹੀ ਹੈ। ਅਸੀਂ ਆਪਣੇ ਗਾਹਕਾਂ ਨੂੰ ਸਭ ਤੋਂ ਵਧੀਆ ਅਨੁਭਵ ਪ੍ਰਦਾਨ ਕਰਨ ਲਈ ਹਮੇਸ਼ਾ ਇੱਕ ਵਧੀਆ ਨੈੱਟਵਰਕ ਦਾ ਨਿਰਮਾਣ ਕੀਤਾ ਹੈ ਅਤੇ ਅਜਿਹਾ ਕਰਨਾ ਜਾਰੀ ਰੱਖਾਂਗੇ। ਇਹ ਅੱਜ ਸਾਡੀ ਯਾਤਰਾ ਵਿੱਚ ਇੱਕ ਹੋਰ ਕਦਮ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਏਅਰਟੈਲ 5ਜੀ ਪਲੱਸ ਕਿਸੇ ਵੀ 5ਜੀ ਡਿਵਾਈਸ ਅਤੇ ਗਾਹਕ ਦੇ ਮੌਜੂਦਾ ਸਿਮ ਕਾਰਡ ਨਾਲ ਕੰਮ ਕਰੇਗਾ।
ਭਾਰਤੀ ਇੰਟਰਪ੍ਰਾਈਜਿਜ਼ ਦੇ ਸੰਸਥਾਪਕ ਅਤੇ ਚੇਅਰਮੈਨ ਸੁਨੀਲ ਮਿੱਤਲ ਨੇ 1 ਅਕਤੂਬਰ ਨੂੰ ਦੇਸ਼ ਦੇ ਅੱਠ ਸ਼ਹਿਰਾਂ ਵਿੱਚ 5ਜੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਗਾਹਕ ਆਪਣੇ 4ਜੀ ਪਲਾਨ ਦੇ ਮੁਤਾਬਕ ਸੇਵਾਵਾਂ ਦਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਏਅਰਟੈੱਲ ਦੇ ਗਾਹਕ ਆਪਣੇ ਖੇਤਰ 'ਚ 5ਜੀ ਸਿਗਨਲ ਪ੍ਰਾਪਤ ਕਰਨ ਲਈ 5ਜੀ 'ਤੇ ਸਵਿਚ ਕਰ ਸਕਦੇ ਹਨ। ਹਾਲਾਂਕਿ, ਜੇਕਰ ਗਾਹਕਾਂ ਨੂੰ ਲੱਗਦਾ ਹੈ ਕਿ 5G 'ਤੇ ਡਾਟਾ ਦੀ ਖਪਤ ਵੱਧ ਰਹੀ ਹੈ, ਤਾਂ ਉਹ 4G ਨੈੱਟਵਰਕ 'ਤੇ ਵਾਪਸ ਜਾ ਸਕਦੇ ਹਨ। ਬੁਲਾਰੇ ਨੇ ਕਿਹਾ, “5G ਤੱਕ ਪਹੁੰਚ ਵਿਕਲਪਿਕ ਹੈ।” ਵਰਤਮਾਨ ਵਿੱਚ, Apple, Samsung, Xiaomi, Vivo, Oppo, Realme ਅਤੇ OnePlus ਦੇ 5G ਮਾਡਲ ਏਅਰਟੈੱਲ 5G ਪਲੱਸ ਸੇਵਾ ਦੇ ਅਨੁਕੂਲ ਹਨ।
ਇਹ ਵੀ ਪੜ੍ਹੋ : ਚੀਨ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Apple,iPhone ਦੇ ਬਾਅਦ ਹੋਰ ਸਾਜ਼ੋ-ਸਾਮਾਨ ਵੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।