Airtel ਤੇ Idea ਦੀ ਕਾਲ ਵੀ ਹੋ ਸਕਦੀ ਹੈ ਮਹਿੰਗੀ, 'ਜਿਓ' ਦਾ ਲੱਗੇਗਾ ਸੇਕ!
Thursday, Oct 10, 2019 - 10:16 AM (IST)

ਨਵੀਂ ਦਿੱਲੀ— ਮੋਬਾਇਲ 'ਤੇ ਮੁਫਤ ਕਾਲਿੰਗ ਦਾ ਮਜ਼ਾ ਉਠਾ ਰਹੇ ਲੋਕਾਂ ਦੀ ਜੇਬ ਹੁਣ ਢਿੱਲੀ ਹੋਣੀ ਸ਼ੁਰੂ ਹੋ ਸਕਦੀ ਹੈ। ਜਿਓ ਨੇ ਹੋਰ ਨੈੱਟਵਰਕਸ 'ਤੇ ਮੁਫਤ ਕਾਲਿੰਗ ਦੀ ਸੁਵਿਧਾ ਸਮਾਪਤ ਕਰ ਦਿੱਤੀ ਹੈ ਤੇ ਗਾਹਕਾਂ ਨੂੰ ਹਰ ਮਿੰਟ ਲਈ 6 ਪੈਸੇ ਚੁਕਾਉਣੇ ਹੋਣਗੇ। ਹਾਲਾਂਕਿ, ਜਿਓ ਤੋਂ ਜਿਓ ਕਾਲ ਪਹਿਲਾਂ ਦੀ ਤਰ੍ਹਾਂ ਹੀ ਮੁਫਤ ਕਰ ਸਕੋਗੇ ਪਰ ਰਿਲਾਇੰਸ ਜਿਓ ਦੇ ਇਸ ਕਦਮ ਨਾਲ ਹੋਰ ਨੈੱਟਵਰਕ ਦੇ ਗਾਹਕਾਂ ਦੀ ਜੇਬ 'ਤੇ ਵੀ ਬੋਝ ਪੈ ਸਕਦਾ ਹੈ।
ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਵੋਡਾਫੋਨ-ਆਈਡੀਆ ਅਤੇ ਭਾਰਤੀ ਏਅਰਟੈੱਲ ਵੀ ਕਾਲ ਦਰਾਂ 'ਚ ਵਾਧਾ ਕਰ ਸਕਦੇ ਹਨ, ਯਾਨੀ ਹੁਣ ਮੋਬਾਇਲ 'ਤੇ ਮੁਫਤ ਕਾਲਿੰਗ ਦੇ ਦਿਨ ਖਤਮ ਹੋ ਸਕਦੇ ਹਨ। ਹਾਲਾਂਕਿ, ਫਿਲਹਾਲ ਇਨ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਯੋਜਨਾ ਸਾਹਮਣੇ ਨਹੀਂ ਆਈ ਹੈ।
ਬਾਜ਼ਾਰ ਮਾਹਰਾਂ ਨੂੰ ਖਦਸ਼ਾ ਹੈ ਕਿ ਗਾਹਕਾਂ ਤੋਂ ਇੰਟਰਕੁਨੈਕਟ ਯੂਜ਼ਜ ਚਾਰਜ (ਆਈ. ਯੂ. ਸੀ.) ਰਿਕਵਰ ਕਰਨ ਲਈ ਜਿਓ ਦੇ ਫੈਸਲੇ ਦਾ ਅਸਰ ਟੈਰਿਫ ਵਧਣ ਦੇ ਰੂਪ 'ਚ ਸਾਹਮਣੇ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਏਅਰਟੈੱਲ ਤੇ ਵੋਡਾ-ਆਈਡੀਆ ਵੀ ਜਵਾਬ 'ਚ ਕਾਲਿੰਗ ਰੇਟ ਵਧਾ ਸਕਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਜਿਓ ਦੇ ਇਸ ਕਦਮ ਨੇ ਬਾਕੀ ਦੋਵੇਂ ਵੱਡੀਆਂ ਟੈਲੀਕਾਮਸ ਨੂੰ ਟੈਰਿਫ ਵਧਾਉਣ ਦਾ ਚੰਗਾ ਮੌਕਾ ਦਿੱਤਾ ਹੈ।
ਜਿਓ ਦਾ ਕਹਿਣਾ ਹੈ ਕਿ ਟਰਾਈ ਜਦੋਂ ਤਕ ਆਈ. ਯੂ. ਸੀ. ਨੂੰ ਜ਼ੀਰੋ ਨਹੀਂ ਕਰ ਦਿੰਦਾ ਉਦੋਂ ਤਕ ਉਸ ਨੂੰ ਇਹ ਰਿਕਵਰੀ ਜਾਰੀ ਰੱਖਣ ਨੂੰ 'ਮਜ਼ਬੂਰ' ਰਹਿਣਾ ਪਵੇਗਾ। ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਉਹ ਗਾਹਕਾਂ ਨੂੰ ਇਸ ਦੀ ਭਰਪਾਈ ਵਾਧੂ ਡਾਟਾ ਦੇ ਕੇ ਕਰੇਗੀ। 'ਇੰਟਰਕੁਨੈਕਟ ਯੂਜ਼ਜ ਚਾਰਜ' ਉਹ ਚਾਰਜ ਹੈ ਜੋ ਇਕ ਨੈੱਟਵਰਕ ਤੋਂ ਦੂਜੇ ਕਿਸੇ ਹੋਰ ਕੰਪਨੀ ਦੇ ਨੈੱਟਵਰਕ 'ਤੇ ਕੀਤੀ ਗਈ ਕਾਲ 'ਤੇ ਲੱਗਦਾ ਹੈ, ਯਾਨੀ ਜਦੋਂ ਤੁਸੀਂ ਜਿਓ ਤੋਂ ਏਅਰਟੈੱਲ ਜਾਂ ਵੋਡਾ-ਆਈਡਆ 'ਤੇ ਕਾਲ ਕਰਦੇ ਹੋ ਤਾਂ ਇਹ ਕੰਪਨੀਆਂ ਜਿਓ ਤੋਂ ਉਨ੍ਹਾਂ ਦੇ ਨੈੱਟਵਰਕ 'ਤੇ ਆਈ ਕਾਲ 'ਤੇ ਚਾਰਜ ਵਸੂਲਦੀਆਂ ਹਨ। ਇਹ ਚਾਰਜ ਜਿਓ ਹੁਣ ਤਕ ਕੋਲੋਂ ਚੁਕਾ ਰਿਹਾ ਸੀ।