50 ਸਾਲ ਅਡਾਣੀ ਗਰੁੱਪ ਪੱਟੇ ''ਤੇ ਚਲਾਏਗਾ ਇਹ ਹਵਾਈ ਅੱਡਾ, AAI ਨੇ ਸੌਂਪੀ ਚਾਬੀ!

Saturday, Oct 31, 2020 - 11:47 PM (IST)

ਨਵੀਂ ਦਿੱਲੀ : ਭਾਰਤੀ ਹਵਾਈ ਅੱਡਾ ਅਥਾਰਟੀ (ਏ. ਏ. ਆਈ.) ਨੇ ਮੰਗਲੁਰੂ ਹਵਾਈ ਅੱਡਾ ਅਡਾਣੀ ਗਰੁੱਪ ਨੂੰ 50 ਸਾਲਾਂ ਲਈ ਪੱਟੇ 'ਤੇ ਸੌਂਪ ਦਿੱਤਾ ਹੈ।

ਸਰਕਾਰ ਨੇ ਫਰਵਰੀ 2019 ਵਿਚ ਦੇਸ਼ ਦੇ ਛੇ ਵੱਡੇ ਹਵਾਈ ਅੱਡਿਆਂ ਦੇ ਨਿੱਜੀਕਰਨ ਦਾ ਫ਼ੈਸਲਾ ਕੀਤਾ ਸੀ, ਜਿਨ੍ਹਾਂ ਵਿਚ ਲਖਨਊ, ਜੈਪੁਰ, ਮੰਗਲੁਰੂ, ਅਹਿਮਦਾਬਾਦ, ਤਿਰੂਵਨੰਤਪੁਰਮ ਅਤੇ ਗੁਹਾਟੀ ਹਵਾਈ ਅੱਡਾ ਸ਼ਾਮਲ ਸਨ। ਮੁਕਾਬਲੇਬਾਜ਼ੀ ਬੋਲੀ ਪ੍ਰਕਿਰਿਆ ਵਿਚ ਅਡਾਣੀ ਗਰੁੱਪ ਨੇ ਉਕਤ ਸਾਰੇ ਹਵਾਈ ਅੱਡਿਆਂ ਨੂੰ ਚਲਾਉਣ ਦੇ ਅਧਿਕਾਰ ਜਿੱਤੇ ਸਨ।

ਭਾਰਤੀ ਹਵਾਈ ਅੱਡਾ ਅਥਾਰਟੀ ਨੇ ਇਕ ਟਵੀਟ ਵਿਚ ਕਿਹਾ, ''14 ਫਰਵਰੀ 2020 ਨੂੰ ਕੀਤੇ ਗਏ ਇਕ ਕਰਾਰ ਦੇ ਮੱਦੇਨਜ਼ਰ ਏ. ਏ. ਆਈ. ਨੇ ਮੰਗਲੁਰੂ ਹਵਾਈ ਅੱਡਾ ਅਡਾਣੀ ਗਰੁੱਪ ਨੂੰ 50 ਸਾਲਾਂ ਲਈ ਪੱਟੇ 'ਤੇ ਸੌਂਪ ਦਿੱਤਾ ਹੈ। 30 ਅਕਤਬੂਰ ਦੀ ਅੱਧੀ ਰਾਤ ਨੂੰ 12 ਵਜੇ ਸੰਕੇਤਕ ਚਾਬੀ ਦੇ ਅਦਾਨ-ਪ੍ਰਦਾਨ ਦੀ ਪ੍ਰਕਿਰਿਆ ਪੂਰੀ ਕੀਤੀ ਗਈ।''

22 ਅਕਤੂਬਰ ਨੂੰ ਏ. ਏ. ਆਈ. ਨੇ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਸੀ ਕਿ 31 ਅਕਤੂਬਰ, 2 ਨਵੰਬਰ ਅਤੇ 11 ਨਵੰਬਰ ਤੱਕ ਮੰਗਲੁਰੂ, ਲਖਨਊ ਅਤੇ ਅਹਿਮਦਾਬਾਦ ਹਵਾਈ ਅੱਡਾ ਅਡਾਣੀ ਗਰੁੱਪ ਨੂੰ ਸੌਂਪ ਦਿੱਤਾ ਜਾਵੇਗਾ। ਏ. ਏ. ਆਈ. ਨੇ ਮੰਗਲੁਰੂ, ਲਖਨਊ ਅਤੇ ਅਹਿਮਦਾਬਾਦ ਹਵਾਈ ਅੱਡਿਆਂ ਦੇ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਲਈ 14 ਫਰਵਰੀ ਨੂੰ ਅਡਾਣੀ ਗਰੁੱਪ ਨਾਲ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਜੈਪੁਰ, ਗੁਹਾਟੀ ਅਤੇ ਤਿਰੂਵਨੰਤਪੁਰਮ ਲਈ ਦੋਵਾਂ ਧਿਰਾਂ ਦਰਮਿਆਨ ਸਤੰਬਰ ਵਿਚ ਦਸਤਖਤ ਕੀਤੇ ਗਏ ਸਨ।


Sanjeev

Content Editor

Related News