ਦੀਵਾਲੀ-ਦੁਸਹਿਰਾ ਲਈ ਹੁਣ ਮਹਿੰਗੀ ਹੋਈ ਟਿਕਟ, ਹਵਾਈ ਕਿਰਾਏ ''ਚ ਉਛਾਲ

09/19/2019 3:53:59 PM

ਨਵੀਂ ਦਿੱਲੀ— ਤਿਉਹਾਰੀ ਸੀਜ਼ਨ 'ਚ ਹਵਾਈ ਸਫਰ ਮਹਿੰਗਾ ਪੈਣ ਜਾ ਰਿਹਾ ਹੈ। ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਤਿਉਹਾਰੀ ਸੀਜ਼ਨ ਲਈ ਹਵਾਈ ਕਿਰਾਏ ਇਸ ਮਹੀਨੇ ਦੇ ਮੁਕਾਬਲੇ ਵੱਧ ਗਏ ਹਨ। ਇਹ ਪਿਛਲੇ ਸਾਲ ਦੇ ਤਿਉਹਾਰੀ ਸੀਜ਼ਨ ਤੋਂ ਵੀ ਜ਼ਿਆਦਾ ਹਨ ਪਰ ਫਿਲਹਾਲ ਦੀ ਬੁਕਿੰਗ 'ਤੇ ਜੇਬ ਬਹੁਤੀ ਢਿੱਲੀ ਨਹੀਂ ਹੋ ਰਹੀ ਕਿਉਂਕਿ ਘੁੰਮਣ-ਫਿਰਨ ਨਾਲ ਜੁੜੀ ਮੰਗ 'ਚ ਸੁਸਤੀ ਕਾਰਨ ਹਵਾਈ ਕਿਰਾਏ ਅਪ੍ਰੈਲ-ਜੂਨ ਤਿਮਾਹੀ 'ਚ ਦਿਸੇ ਉੱਚੇ ਪੱਧਰਾਂ ਤੋਂ ਘੱਟ ਹੀ ਹਨ। ਜੈੱਟ ਏਅਰਵੇਜ਼ ਦਾ ਕੰਮਕਾਜ ਠੱਪ ਹੋਣ ਕਾਰਨ ਇਸ ਜੂਨ ਤਿਮਾਹੀ 'ਚ ਹਵਾਈ ਟਿਕਟਾਂ ਦੀ ਕੀਮਤ ਬਹੁਤ ਵੱਧ ਗਈ ਸੀ।

 

ਹਵਾਈ ਯਾਤਰਾ ਪੋਰਟਲਾਂ ਮੁਤਾਬਕ, ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਤਿਉਹਾਰੀ ਸੀਜ਼ਨ ਯਾਨੀ ਦੀਵਾਲੀ ਤੇ ਦੁਸਹਿਰਾ ਦੌਰਾਨ ਯਾਤਰਾ ਲਈ ਮੌਜੂਦਾ ਬੁਕਿੰਗ ਤੇ ਕਿਰਾਏ 'ਚ ਫਿਲਹਾਲ ਤਕਰੀਬਨ 5-6 ਫੀਸਦੀ ਵਾਧਾ ਦਿਸ ਰਿਹਾ ਹੈ। ਹਵਾਈ ਕਿਰਾਏ 'ਚ ਇਹ ਵਾਧਾ ਜੂਨ ਤਿਮਾਹੀ ਨਾਲੋਂ ਘੱਟ ਹੈ। ਜੈੱਟ ਦਾ ਕੰਮਕਾਜ ਇਸ ਸਾਲ 17 ਅਪ੍ਰੈਲ ਨੂੰ ਬੰਦ ਹੋਇਆ ਸੀ, ਜਿਸ ਕਾਰਨ ਸਿਸਟਮ 'ਚੋਂ ਕਈ ਉਡਾਣਾਂ ਦੇ ਬਾਹਰ ਹੋਣ ਨਾਲ ਕਿਰਾਏ ਪਿਛਲੇ ਸਾਲ ਨਾਲੋਂ 25 ਫੀਸਦੀ ਤਕ ਵੱਧ ਗਏ ਸਨ ਤੇ ਅਗਸਤ ਤਕ ਇਹ ਰੁਝਾਨ ਬਣਿਆ ਰਿਹਾ ਸੀ।

ਉੱਥੇ ਹੀ, ਇਸ ਵਿਚਕਾਰ ਬੁਰੀ ਖਬਰ ਇਹ ਹੈ ਕਿ ਸਾਊਦੀ ਅਰਾਮਕੋ ਦੇ ਦੋ ਪਲਾਂਟਾਂ 'ਤੇ ਹੋਏ ਡਰੋਨ ਹਮਲੇ ਮਗਰੋਂ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ 60 ਡਾਲਰ ਪ੍ਰਤੀ ਬੈਰਲ ਤੋਂ ਉਪਰ ਚੱਲ ਰਿਹਾ ਹੈ, ਜਿਸ ਕਾਰਨ ਪਹਿਲੀ ਅਕਤੂਬਰ ਨੂੰ ਹਵਾਈ ਈਂਧਣ ਮਹਿੰਗਾ ਹੋ ਸਕਦਾ ਹੈ। ਇਸ ਨਾਲ ਹਵਾਈ ਕਿਰਾਏ ਵੱਧ ਸਕਦੇ ਹਨ। ਸਤੰਬਰ ਲਈ ਤੇਲ ਮਾਰਕੀਟਿੰਗ ਫਰਮਾਂ ਨੇ ਹਵਾਈ ਈਂਧਣ ਦੀ ਕੀਮਤ 596 ਰੁਪਏ ਪ੍ਰਤੀ ਕਿਲੋਲੀਟਰ ਘਟਾਈ ਸੀ ਤੇ ਦਿੱਲੀ 'ਚ ਇਹ ਇਸ ਵਕਤ 62,698.86 ਰੁਪਏ ਪ੍ਰਤੀ ਕਿਲੋਲੀਟਰ ਹੈ। ਜੇਕਰ ਕੀਮਤਾਂ 'ਚ ਵੱਡਾ ਵਾਧਾ ਹੁੰਦਾ ਹੈ ਤਾਂ ਹਵਾਈ ਟਿਕਟ ਵੀ ਮਹਿੰਗੀ ਹੋਵੇਗੀ।


Related News