AirAsia India ਨੇ ਫੌਜੀ ਵੀਰਾਂ ਨੂੰ 50 ਹਜ਼ਾਰ ਸੀਟਾਂ 'ਤੇ ਦਿੱਤੀ ਵੱਡੀ ਸੌਗਾਤ
Saturday, Aug 15, 2020 - 11:09 AM (IST)
ਨਵੀਂ ਦਿੱਲੀ— ਨਿੱਜੀ ਜਹਾਜ਼ ਸੇਵਾ ਕੰਪਨੀ ਏਅਰ ਏਸ਼ੀਆ ਇੰਡੀਆ ਨੇ 74ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਸੁਰੱਖਿਆ ਬਲਾਂ ਨੂੰ ਵੱਡਾ ਤੋਹਫਾ ਦਿੱਤਾ ਹੈ।
ਕੰਪਨੀ ਨੇ 50,000 ਸੀਟਾਂ 'ਤੇ 'ਰੈੱਡਪਾਸ' ਦੇਣ ਦੀ ਘੋਸ਼ਣਾ ਕੀਤੀ ਹੈ, ਜਿਸ ਤਹਿਤ ਜਵਾਨਾਂ ਨੂੰ ਬਿਨਾਂ ਮੂਲ ਕਿਰਾਏ ਦੇ ਘਰੇਲੂ ਨੈੱਟਵਰਕ 'ਤੇ ਟਿਕਟ ਪੱਕੀ ਕਰਨ ਦੀ ਪੇਸ਼ਕਸ਼ ਦਿੱਤੀ ਗਈ ਹੈ।
ਇਸ ਪੇਸ਼ਕਸ਼ ਦਾ ਫਾਇਦਾ ਲੈਣ ਲਈ ਸੁਰੱਖਿਆ ਬਲਾਂ ਦੇ ਜਵਾਨ 15 ਅਗਸਤ ਤੋਂ 21 ਅਗਸਤ ਵਿਚਕਾਰ ਟਿਕਟ ਬੁੱਕ ਕਰਾ ਸਕਦੇ ਹਨ। ਟਿਕਟ ਉਡਾਣ ਦੀ ਰਵਾਨਗੀ ਦੀ ਮਿਤੀ ਤੋਂ ਘੱਟੋ-ਘੱਟ 21 ਦਿਨ ਪਹਿਲਾਂ ਬੁੱਕ ਕਰਾਈ ਜਾਣੀ ਜ਼ਰੂਰੀ ਹੈ। ਹਵਾਈ ਜਹਾਜ਼ ਸੇਵਾ ਕੰਪਨੀ ਨੇ ਕਿਹਾ ਕਿ ਪੇਸ਼ਕਸ਼ ਤਹਿਤ ਯਾਤਰਾ 25 ਸਤੰਬਰ ਤੋਂ 31 ਦਸੰਬਰ ਵਿਚਕਾਰ ਉਪਲਬਧ ਹੋਵੇਗੀ। ਬਿਨਾਂ ਮੂਲ ਕਿਰਾਏ ਦੇ ਇਹ ਟਿਕਟ ਸਿਰਫ ਇਕ ਪਾਸੇ ਦੀ ਯਾਤਰਾ ਲਈ ਹੀ ਕਰਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਜਵਾਨਾਂ ਨੂੰ ਉਡਾਣ 'ਚ ਚੜ੍ਹਨ ਅਤੇ ਸਾਮਾਨ ਜਮ੍ਹਾ ਕਰਾਉਣ 'ਚ ਵੀ ਤਰਜੀਹ ਦਿੱਤੀ ਜਾਵੇਗੀ।
ਏਅਰਲਾਈਨ ਨੇ ਕਿਹਾ 'AirAsia RedPass' ਤਹਿਤ ਮੂਲ ਕਿਰਾਇਆ ਮੁਆਫ ਕਰ ਦਿੱਤਾ ਜਾਵੇਗਾ। ਹਾਲਾਂਕਿ, ਹਵਾਈ ਅੱਡਾ ਫੀਸ, ਚਾਰਜ ਅਤੇ ਟੈਕਸ ਲਾਗੂ ਹੋਣਗੇ। ਇਸ ਪੇਸ਼ਕਸ਼ ਦਾ ਫਾਇਦਾ ਜ਼ਮੀਨੀ ਫੌਜ, ਨੇਵੀ, ਹਵਾਈ ਫੌਜ, ਕੋਸਟ ਗਾਰਡ, ਅਰਧ ਸੁਰੱਖਿਆ ਬਲ ਅਤੇ ਸਿਖਲਾਈ ਲੈਣ ਵਾਲੇ ਕੈਡਿਟ ਅਧੀਨ ਆਉਣ ਵਾਲੇ ਜਵਾਨ ਲੈ ਸਕਦੇ ਹਨ।