ਸਾਊਦੀ ਜਾਣ ਵਾਲੇ ਲੋਕਾਂ ਨੂੰ ਹੋ ਸਕਦੀ ਹੈ ਪ੍ਰੇਸ਼ਾਨੀ, ਦਮਾਮ ਦੀ ਲੰਮੀ ਹੋਵੇਗੀ ਉਡੀਕ!

02/29/2020 9:50:57 AM

ਨਵੀਂ ਦਿੱਲੀ— ਸਾਊਦੀ ਲਈ ਉਡਾਣਾਂ ਦੀ ਗਿਣਤੀ ਘੱਟ ਹੋ ਸਕਦੀ ਹੈ। ਇੰਡੀਗੋ, ਸਪਾਈਸ ਜੈੱਟ ਅਤੇ ਏਅਰ ਇੰਡੀਆ ਐਕਸਪ੍ਰੈੱਸ ਸਾਊਦੀ ਤੇ ਦਮਾਮ ਲਈ ਫਲਾਈਟਾਂ ਦੀ ਗਿਣਤੀ 'ਚ ਕਟੌਤੀ ਦੀ ਯੋਜਨਾ ਬਣਾ ਰਹੇ ਹਨ ਕਿਉਂਕਿ ਕੋਰੋਨਾਵਾਇਰਸ ਕਾਰਨ ਮੁਸਾਫਰਾਂ ਦੀ ਗਿਣਤੀ ਘਟਣ ਦਾ ਖਦਸ਼ਾ ਹੈ।

ਸਾਊਦੀ ਨੇ ਇਸਲਾਮ ਦੇ ਦੋ ਪਵਿੱਤਰ ਅਸਥਾਨ ਮੱਕਾ ਤੇ ਮਦੀਨਾ ਵਿਦੇਸ਼ੀ ਯਾਤਰੀਆਂ ਲਈ ਫਿਲਹਾਲ ਬੰਦ ਕਰ ਦਿੱਤੇ ਹਨ ਅਤੇ ਸ਼ਰਧਾਲੂਆਂ ਦੇ ਦੇਸ਼ 'ਚ ਦਾਖਲ ਹੋਣ 'ਤੇ ਪਾਬੰਦੀ ਲਗਾਈ ਹੈ। ਸਾਊਦੀ ਅਰਬ 'ਚ ਹੁਣ ਤੱਕ ਵਾਇਰਸ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ ਪਰ ਪੂਰੇ ਖੇਤਰ 'ਚ ਸੰਕਰਮਿਤ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਮਿਡਲ ਈਸਟ 'ਚ 220 ਤੋਂ ਵੱਧ ਕੋਰੋਨਾ ਵਾਇਰਸ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

 

ਸਪਾਈਸ ਜੈੱਟ ਦੇ ਇਕ ਅਧਿਕਾਰੀ ਨੇ ਕਿਹਾ, ''ਉਡਾਣਾਂ ਦੀ ਗਿਣਤੀ ਘੱਟ ਕੀਤੀ ਜਾ ਸਕਦੀ ਹੈ ਪਰ ਪੂਰੀ ਤਰ੍ਹਾਂ ਉਸ ਬਾਜ਼ਾਰ 'ਚੋਂ ਨਹੀਂ ਨਿਕਲ ਸਕਦੇ।'' ਕੰਪਨੀ ਨੇ ਦਿੱਲੀ ਤੋਂ 'ਰਾਸ ਅਲ ਖੈਮਾ' ਵਿਚਕਾਰ ਪਹਿਲੀ ਫਲਾਈਟ ਮਾਰਚ ਦੇ ਪਹਿਲੇ ਹਫਤੇ 'ਚ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ ਪਰ ਹੁਣ ਇਸ ਨੂੰ ਵੀ ਟਾਲਿਆ ਜਾ ਸਕਦਾ ਹੈ। ਉੱਥੇ ਹੀ, ਇੰਡੀਗੋ ਰੋਜ਼ ਇਕ ਉਡਾਣ 'ਚ ਕਟੌਤੀ ਕਰ ਸਕਦੀ ਹੈ। ਦਮਾਮ ਦੇ ਨਵੇਂ ਲੇਬਰ ਵੀਜ਼ਾ ਬਣਾਉਣ 'ਤੇ ਪਾਬੰਦੀ ਕਾਰਨ ਕੰਪਨੀ ਪ੍ਰਬੰਧਨ ਚਿੰਤਤ ਹੈ। ਇੰਡੀਗੋ ਨੇ 10 ਮਾਰਚ ਤੋਂ ਦਮਾਮ ਲਈ ਉਡਾਣ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ ਪਰ ਹੁਣ ਇਸ 'ਤੇ ਅੰਤਿਮ ਫੈਸਲਾ ਵੀਜ਼ਾ ਪਾਬੰਦੀ ਦੀ ਸਥਿਤੀ ਨੂੰ ਦੇਖਦੇ ਹੋਏ ਲਿਆ ਜਾਵੇਗਾ।

ਵਿਸਤਾਰਾ ਪਹਿਲਾਂ ਹੀ ਮਾਰਚ 'ਚ ਦਿੱਲੀ ਤੋਂ ਬੈਂਕਾਕ ਵਿਚਕਾਰ 20 ਅਤੇ ਦਿੱਲੀ ਤੋਂ ਸਿੰਗਾਪੁਰ ਵਿਚਕਾਰ 8 ਉਡਾਣਾਂ ਰੱਦ ਕਰ ਚੁੱਕੀ ਹੈ। ਮੰਨਿਆ ਜਾ ਰਿਹਾ ਸੀ ਕਿ ਈਂਧਣ ਕੀਮਤਾਂ 'ਚ ਕਮੀ ਨਾਲ ਭਾਰਤੀ ਹਵਾਈ ਜਹਾਜ਼ ਕੰਪਨੀਆਂ ਦੀ ਸਥਿਤੀ 'ਚ ਸੁਧਾਰ ਹੋਵੇਗਾ ਪਰ ਦੁਨੀਆ ਭਰ 'ਚ ਕੋਰੋਨਾ ਵਾਇਰਸ ਕਾਰਨ ਹਵਾਈ ਮੁਸਾਫਰਾਂ ਦੀ ਗਿਣਤੀ ਘਟਣ ਨਾਲ ਉਨ੍ਹਾਂ ਲਈ ਮੁਸ਼ਕਲ ਪੈਦਾ ਹੋ ਗਈ ਹੈ। ਖਾਸ ਕਰ ਉਹ ਦੇਸ਼ ਵੀ ਇਸ ਦੇ ਲਪੇਟ 'ਚ ਆ ਗਏ ਹਨ ਜਿੱਥੇ ਭਾਰਤੀ ਜਹਾਜ਼ ਕੰਪਨੀਆਂ ਜ਼ਿਆਦਾ ਉਡਾਣਾਂ ਭਰਦੀਆਂ ਹਨ। ਇਸ ਕਾਰਨ ਕੰਪਨੀਆਂ ਨੂੰ ਆਪਣੇ ਨੈੱਟਵਰਕ 'ਚ ਬਦਲਾਵ ਕਰਨਾ ਪੈ ਰਿਹਾ ਹੈ।


Related News