ਕਰਮਚਾਰੀਆਂ ਤੇ ਅਫਸਰਾਂ ਦੀ ਕਮੀ ਨਾਲ ਜੂਝ ਰਹੀ ਹੈ ਏਅਰ ਇੰਡੀਆ

04/23/2019 6:06:07 PM

ਨਵੀਂ ਦਿੱਲੀ— ਜੈੱਟ ਏਅਰਵੇਜ਼ ਦੀ ਤਰ੍ਹਾਂ ਭਾਰੀ ਕਰਜ਼ੇ ਦਾ ਦਬਾਅ ਝੱਲ ਰਹੀ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਹੁਣ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਹਾਲਤ ਇਹ ਹੈ ਕਿ ਏਅਰਲਾਈਨਜ਼ ਚਲਾਉਣ ਵਾਲੇ ਏਅਰ ਇੰਡੀਆ ਦੇ ਬੋਰਡ 'ਚ ਹੀ ਅਫਸਰਾਂ ਦੀ ਨਿਯੁਕਤੀ ਨਹੀਂ ਹੋ ਰਹੀ ਹੈ, ਜਿਸ ਦਾ ਨਤੀਜਾ ਇਹ ਹੈ ਕਿ ਇਸ ਸਮੇਂ ਬੋਰਡ 'ਚ ਸਿਰਫ ਇਕ ਹੀ ਸਥਾਈ ਡਾਇਰੈਕਟਰ ਬਚਿਆ ਹੈ। ਜੇਕਰ ਇਹੀ ਹਾਲਤ ਰਹੀ ਤਾਂ ਅਗਸਤ ਤੱਕ ਬੋਰਡ 'ਚ ਚੇਅਰਮੈਨ ਤੋਂ ਇਲਾਵਾ ਸਾਰੇ ਡਾਇਰੈਕਟਰਾਂ ਦੇ ਅਹੁਦੇ ਖਾਲੀ ਹੋ ਜਾਣਗੇ। ਇਸੇ ਤਰ੍ਹਾਂ ਕਰਮਚਾਰੀਆਂ ਦੀ ਗਿਣਤੀ ਦਾ ਅੰਕੜਾ ਵੀ 32,000 ਤੋਂ ਡਿੱਗ ਕੇ 9,500 ਤੱਕ ਪਹੁੰਚ ਚੁੱਕਾ ਹੈ।
ਏਅਰ ਇੰਡੀਆ ਦੇ ਸੂਤਰਾਂ ਮੁਤਾਬਕ ਇਸ ਸਮੇਂ ਏਅਰ ਇੰਡੀਆ ਦਾ ਜੋ ਬੋਰਡ ਹੈ, ਉਸ ਦੇ 4 ਨਿਰਦੇਸ਼ਕਾਂ 'ਚੋਂ 3 ਦੇ ਅਹੁਦੇ ਖਾਲੀ ਹਨ। ਇਨ੍ਹਾਂ ਅਹੁਦਿਆਂ 'ਤੇ ਅਸਥਾਈ ਤੌਰ 'ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ, ਯਾਨੀ ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਇਨ੍ਹਾਂ 'ਚ ਡਾਇਰੈਕਟਰ ਆਪ੍ਰੇਸ਼ਨਜ਼ ਦਾ ਅਹੁਦਾ ਪਿਛਲੇ ਸਾਲ ਅਕਤੂਬਰ ਤੋਂ ਖਾਲੀ ਹੈ। ਡਾਇਰੈਕਟਰ ਕਮਰਸ਼ੀਅਲ ਦਾ ਅਹੁਦਾ ਵੀ ਦਸੰਬਰ ਤੋਂ ਖਾਲੀ ਹੈ। ਇਸੇ ਤਰ੍ਹਾਂ ਖੇਤਰੀ ਡਾਇਰੈਕਟਰਾਂ ਦੇ ਅਹੁਦੇ ਵੀ ਖਾਲੀ ਪਏ ਹਨ ਅਤੇ ਉਥੇ ਅਧਿਕਾਰੀਆਂ ਨੂੰ ਵਾਧੂ ਕਾਰਜ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਏਅਰ ਇੰਡੀਆ ਦੇ ਇਕ ਅਧਿਕਾਰੀ ਮੁਤਾਬਕ ਜੇਕਰ ਅਗਸਤ ਤੱਕ ਨਵੀਆਂ ਨਿਯੁਕਤੀਆਂ ਨਹੀਂ ਹੁੰਦੀਆਂ ਤਾਂ ਚੇਅਰਮੈਨ ਨੂੰ ਛੱਡ ਕੇ ਬੋਰਡ ਦੇ ਸਾਰੇ ਅਹੁਦੇ ਖਾਲੀ ਹੋ ਜਾਣਗੇ। ਇਸ ਅਧਿਕਾਰੀ ਦਾ ਕਹਿਣਾ ਹੈ ਕਿ ਏਅਰ ਇੰਡੀਆ 'ਚ ਕਰਮਚਾਰੀਆਂ ਦੀ 1997 ਤੋਂ ਬਾਅਦ ਸਿਰਫ ਕੰਟਰੈਕਟ 'ਤੇ ਹੀ ਨਿਯੁਕਤੀ ਹੋਈ ਹੈ।
ਹੁਣ ਹਾਲਤ ਇਹ ਹੈ ਕਿ ਕੈਬਿਨ ਕਰੂ ਦੀ ਕਮੀ ਵੀ ਏਅਰ ਇੰਡੀਆ ਨੂੰ ਝੱਲਣੀ ਪੈ ਰਹੀ ਹੈ। ਹਾਲ ਹੀ 'ਚ ਹੋਈ ਏਅਰ ਸਟ੍ਰਾਈਕ ਤੋਂ ਬਾਅਦ ਪਾਕਿ ਦੀ ਏਅਰ ਬਾਊਂਡਰੀ ਬੰਦ ਹੋਣ ਨਾਲ ਹੁਣ ਏਅਰ ਇੰਡੀਆ ਨੂੰ ਆਪਣੀਆਂ ਇੰਟਰਨੈਸ਼ਨਲ ਫਲਾਈਟਸ ਕੁਝ ਲੰਮੇ ਰਸਤੇ ਤੋਂ ਉਡਾਣੀਆਂ ਪੈ ਰਹੀਆਂ ਹਨ, ਜਿਸ ਨਾਲ ਅਜਿਹੀਆਂ ਉਡਾਣਾਂ 'ਚ ਹੁਣ ਜ਼ਿਆਦਾ ਸਮਾਂ ਲੱਗਦਾ ਹੈ, ਜਿਸ ਦੀ ਵਜ੍ਹਾ ਨਾਲ ਫਲਾਈਟ 'ਚ ਡਬਲ ਕਰੂ ਦੀ ਜ਼ਰੂਰਤ ਪੈਂਦੀ ਹੈ ਯਾਨੀ ਇੰਡੀਆ ਤੋਂ ਫਲਾਈਟ 'ਚ ਜੋ ਕਰੂ ਜਾਂਦਾ ਹੈ, ਉਸ ਨੂੰ ਰਸਤੇ 'ਚ ਸਟਾਪੇਜ 'ਚ ਉਤਾਰਨਾ ਹੁੰਦਾ ਹੈ ਅਤੇ ਉਥੋਂ ਦੂਜੇ ਕਰੂ ਦੀ ਜ਼ਰੂਰਤ ਪੈਂਦੀ ਹੈ। ਇਸ ਵਜ੍ਹਾ ਨਾਲ ਕਰੂ ਦੀ ਮੁਸ਼ਕਿਲ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਏਅਰ ਇੰਡੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਜ੍ਹਾ ਨਾਲ ਹੁਣ ਏਅਰ ਇੰਡੀਆ ਇਸ ਕੋਸ਼ਿਸ਼ 'ਚ ਹੈ ਕਿ ਬੰਦ ਹੋ ਰਹੀ ਕੰਪਨੀ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਨੂੰ ਹੀ ਆਪਣੇ ਇੱਥੇ ਨੌਕਰੀ 'ਤੇ ਲਵੇ। ਇਸ ਲਈ ਕਵਾਇਦ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।


satpal klair

Content Editor

Related News