Air India : 30 ਅਪ੍ਰੈਲ ਤੱਕ ਨਹੀਂ ਹੋ ਸਕੇਗੀ ਘਰੇਲੂ ਤੇ ਅੰਤਰਰਾਸ਼ਟਰੀ ਫਲਾਈਟ ਲਈ ਟਿਕਟ ਦੀ ਬੁਕਿੰਗ
Saturday, Apr 04, 2020 - 02:02 PM (IST)
ਨਵੀਂ ਦਿੱਲੀ - ਦੇਸ਼ ਵਿਚ 21 ਦਿਨਾਂ ਦਾ ਲਾਕਡਾਊਨ ਜਾਰੀ ਹੈ। ਇਸ ਕਾਰਨ 14 ਅਪ੍ਰੈਲ ਤੱਕ ਸਾਰੀਆਂ ਏਅਰਲਾਈਨਜ਼ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਰੇਲ, ਮੈਟਰੋ, ਬੱਸ ਸਮੇਤ ਦੇਸ਼ ਭਰ ਵਿਚ ਸਾਰੀਆਂ ਆਵਾਜਾਈ ਸਹੂਲਤਾਂ ਬੰਦ ਹਨ। ਲਾਕਡਾਊਨ ਦੀ ਮਿਆਦ ਨੂੰ ਹੋਰ ਅੱਗੇ ਵਧਾਉਣ ਦੀਆਂ ਸੰਭਾਵਨਾਵਾਂ ਨੂੰ ਸਰਕਾਰ ਨੇ ਰੱਦ ਕਰ ਦਿੱਤਾ, ਪਰ ਏਅਰ ਇੰਡੀਆ ਦਾ ਸ਼ੁੱਕਰਵਾਰ ਨੂੰ ਜਾਰੀ ਬਿਆਨ ਇਨ੍ਹਾਂ ਖਦਸ਼ਿਆਂ ਨੂੰ ਹੋਰ ਪੱਕਾ ਕਰ ਰਿਹਾ ਹੈ। ਸਰਕਾਰੀ ਏਅਰਲਾਇੰਸ ਕੰਪਨੀ ਨੇ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ 30 ਅਪ੍ਰੈਲ ਤੱਕ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ ਲਈ ਟਿਕਟਾਂ ਦੀ ਬੁਕਿੰਗ ਬੰਦ ਰਹੇਗੀ।
Bookings now closed till 30th April from today for all domestic and international routes. We are awaiting a decision post 14th April: Air India pic.twitter.com/Cpdp5QcJOx
— ANI (@ANI) April 3, 2020
ਅਪ੍ਰੈਲ ਤੱਕ ਕੋਈ ਬੁਕਿੰਗ ਨਹੀਂ
ਏਅਰ ਇੰਡੀਆ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ 30 ਅਪ੍ਰੈਲ ਤੱਕ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਟਿਕਟ ਬੁਕਿੰਗ ਰੋਕ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਅਸੀਂ 14 ਅਪ੍ਰੈਲ ਤੋਂ ਬਾਅਦ ਸਰਕਾਰ ਦੇ ਫੈਸਲੇ ਦਾ ਇੰਤਜ਼ਾਰ ਕਰਾਂਗੇ।
ਟ੍ਰੇਨ ਦੀ ਬੁਕਿੰਗ ਸ਼ੁਰੂ
ਦੂਜੇ ਪਾਸੇ ਰੇਲ ਯਾਤਰਾ ਲਈ ਆਨਲਾਈਨ ਬੁਕਿੰਗ ਜਾਰੀ ਹੈ। ਰੇਲਵੇ ਅਨੁਸਾਰ ਰੇਲਗੱਡੀ ਦੀ ਬੁਕਿੰਗ ਬੰਦ ਨਹੀਂ ਕੀਤੀ ਗਈ, ਸਿਰਫ ਆਫਲਾਈਨ ਬੁਕਿੰਗਾਂ ਨੂੰ ਰੋਕਿਆ ਗਿਆ ਹੈ, ਆਨਲਾਈਨ ਬੁਕਿੰਗ ਚੱਲ ਰਹੀ ਹੈ। ਰੇਲਗੱਡੀਆਂ ਦੇ 14 ਅਪ੍ਰੈਲ ਤੋਂ ਬਾਅਦ ਚੱਲਣ ਦੀ ਉਮੀਦ ਹੈ। ਹਾਲਾਂਕਿ ਵਾਇਰਸ ਦੇ ਡਰ ਕਾਰਨ, ਰੇਲ ਟਿਕਟਾਂ ਦੀ ਬੁਕਿੰਗ 20 ਪ੍ਰਤੀਸ਼ਤ ਤੋਂ ਉੱਪਰ ਨਹੀਂ ਹੋ ਰਹੀ। ਤੇਜਸ ਸਮੇਤ ਕੁਝ ਟ੍ਰੇਨਾਂ ਲਈ ਬੁਕਿੰਗ ਉਪਲਬਧ ਹੈ। ਰੇਲਵੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਅਗਲੀ 15 ਅਪ੍ਰੈਲ ਲਈ ਈ-ਟਿਕਟਾਂ ਦੀ ਬੁਕਿੰਗ ਤਕਰੀਬਨ ਦੋ ਲੱਖ ਹੋ ਗਈ ਹੈ।