ਇਹ ਹੋਵੇਗਾ Idea ਦਾ ਨਵਾਂ ਨਾਮ, ਬਣੇਗੀ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ

Wednesday, Jun 27, 2018 - 10:15 AM (IST)

ਇਹ ਹੋਵੇਗਾ Idea ਦਾ ਨਵਾਂ ਨਾਮ, ਬਣੇਗੀ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ

ਨਵੀਂ ਦਿੱਲੀ— ਮੋਬਾਇਲ ਫੋਨ ਸੇਵਾਵਾਂ ਦੇਣ ਵਾਲੀ ਕੰਪਨੀ ਆਈਡੀਆ ਦੇ ਹਿੱਸੇਦਾਰਾਂ (ਸ਼ੇਅਰ ਹੋਲਡਰਾਂ) ਨੇ ਦੇਸ਼ ਦੀ ਤੀਜੀ ਵੱਡੀ ਦੂਰਸੰਚਾਰ ਕੰਪਨੀ ਦਾ ਨਾਮ ਬਦਲ ਕੇ ਵੋਡਾਫੋਨ-ਆਈਡੀਆ ਲਿਮਟਿਡ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਇਲਾਵਾ ਗੈਰ ਬਦਲਣਯੋਗ ਬਾਂਡ ਜ਼ਰੀਏ ਕੰਪਨੀ ਨੂੰ 15,000 ਕਰੋੜ ਰੁਪਏ ਜੁਟਾਉਣ ਦੀ ਵੀ ਇਜਾਜ਼ਤ ਮਿਲ ਗਈ ਹੈ। ਇਸ ਦਾ ਇਸਤੇਮਾਲ ਆਈਡੀਆ ਅਤੇ ਵੋਡਾਫੋਨ ਇੰਡੀਆ ਦੇ ਰਲੇਵੇਂ ਦੇ ਬਾਅਦ ਬਣਨ ਵਾਲੀ ਕੰਪਨੀ ਦਾ ਕਰਜ਼ਾ ਚੁਕਾਉਣ ਦੀ ਖਾਤਰ ਕੀਤਾ ਜਾਵੇਗਾ। ਦੋਹਾਂ ਕੰਪਨੀਆਂ ਦੇ ਰਲੇਵੇਂ ਦੇ ਬਾਅਦ ਬਣਨ ਵਾਲੀ ਨਵੀਂ ਕੰਪਨੀ ਦੀ ਸੰਯੁਕਤ ਆਮਦਨ 23 ਅਰਬ ਡਾਲਰ (1.5 ਲੱਖ ਕਰੋੜ ਰੁਪਏ ਤੋਂ ਵਧ) ਹੋਵੇਗੀ ਅਤੇ ਉਸ ਦੇ ਗਾਹਕਾਂ ਦਾ ਆਧਾਰ 43 ਕਰੋੜ ਹੋਵੇਗਾ। ਇਸ ਤਰ੍ਹਾਂ ਇਹ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਬਣ ਜਾਵੇਗੀ।

ਵੋਡਾ-ਆਈਡੀਆ ਦੇ ਰਲੇਵੇਂ 'ਚ ਹੋ ਸਕਦੀ ਹੈ ਦੇਰੀ :
ਵੋਡਾਫੋਨ ਅਤੇ ਆਈਡੀਆ ਦਾ ਰਲੇਵਾਂ ਪਹਿਲਾਂ ਜੂਨ ਤਕ ਪੂਰਾ ਹੋਣ ਦੀ ਉਮੀਦ ਸੀ ਪਰ ਹੁਣ ਇਸ 'ਚ ਘੱਟੋ-ਘੱਟ ਇਕ ਮਹੀਨੇ ਦੀ ਹੋਰ ਦੇਰੀ ਹੋ ਸਕਦੀ ਹੈ। ਦਰਅਸਲ ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੇ ਦੋਹਾਂ ਕੰਪਨੀਆਂ ਕੋਲੋਂ ਬਕਾਏ ਦੀ ਮੰਗ ਨੂੰ ਲੈ ਕੇ ਕਾਨੂੰਨੀ ਰਾਇ ਲਈ ਹੈ। ਡੀ. ਓ. ਟੀ. ਇਹ ਹਿਸਾਬ-ਕਿਤਾਬ ਕਰ ਰਿਹਾ ਹੈ ਕਿ ਵੋਡਾਫੋਨ ਇੰਡੀਆ ਅਤੇ ਆਈਡੀਆ ਨੂੰ ਕਿੰਨਾ ਵਨ ਟਾਈਮ ਸਪੈਕਟ੍ਰਮ ਚਾਰਜ ਭਰਨਾ ਹੋਵੇਗਾ। ਖਬਰਾਂ ਮੁਤਾਬਕ ਇਹ ਰਕਮ 11,000 ਕਰੋੜ ਰੁਪਏ ਹੋ ਸਕਦੀ ਹੈ। ਡੀ. ਓ. ਟੀ. ਇਸ ਹਫਤੇ ਦੋਹਾਂ ਕੰਪਨੀਆਂ ਕੋਲੋਂ ਵਨ ਟਾਈਮ ਸਪੈਕਟ੍ਰਮ ਚਾਰਜ ਦੇ ਤੌਰ 'ਤੇ ਇਸ ਰਕਮ ਦੀ ਮੰਗ ਕਰ ਸਕਦਾ ਹੈ ਅਤੇ ਰਲੇਵੇਂ ਨੂੰ ਮਨਜ਼ੂਰੀ ਦੇਣ ਲਈ ਇਸ ਦੀ ਅਦਾਇਗੀ ਦੀ ਸ਼ਰਤ ਵੀ ਰੱਖੀ ਜਾ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਦੋਵੇਂ ਕੰਪਨੀਆਂ ਇਸ ਨੂੰ ਅਦਾਲਤ 'ਚ ਚੁਣੌਤੀ ਦੇ ਸਕਦੀਆਂ ਹਨ, ਜਿਸ ਨਾਲ ਰਲੇਵੇਂ 'ਚ ਦੇਰੀ ਹੋ ਸਕਦੀ ਹੈ। ਮੀਟਿੰਗ ਦੀ ਜਾਣਕਾਰੀ ਰੱਖਣ ਵਲੇ ਇਕ ਸੂਤਰ ਨੇ ਕਿਹਾ ਕਿ ਰਲੇਵੇਂ ਨੂੰ ਡੀ. ਓ. ਟੀ. ਦੀ ਮਨਜ਼ੂਰੀ ਮਿਲਣ ਦੇ ਬਾਅਦ ਹੀ ਕੰਪਨੀ ਦਾ ਨਾਮ ਬਦਲਿਆ ਜਵੇਗਾ। ਇਸ ਲਈ ਬਾਅਦ 'ਚ ਰਜਿਸਟਰ ਆਫ ਕੰਪਨੀਜ਼ (ਆਰ. ਓ. ਸੀ.) ਕੋਲ ਅਰਜ਼ੀ ਦਿੱਤੀ ਜਾਵੇਗੀ।


Related News