ਵਰਖਾ ਤੋਂ ਬਾਅਦ ਸਬਜ਼ੀਆਂ ਦੇ ਭਾਅ ''ਚ ਆਇਆ ਉਬਾਲ, 12 ਹਜ਼ਾਰ ਕੁਇੰਟਲ ਸਬਜ਼ੀ ਹੋਈ ਬਰਬਾਦ

07/12/2018 4:31:30 PM

ਜਲੰਧਰ - ਹਫਤਾ ਪਹਿਲਾਂ ਹੋਈ ਵਰਖਾ ਤੋਂ ਬਾਅਦ ਸਬਜ਼ੀਆਂ ਦੇ ਭਾਅ ਵਿਚ ਤਾਂ ਜਿਵੇਂ ਉਬਾਲ ਆ ਗਿਆ ਹੋਵੇ। ਵਰਖਾ ਨਾਲ ਸਬਜ਼ੀਆਂ ਦੇ ਖਰਾਬ ਹੋਣ ਤੋਂ ਬਾਅਦ ਮੰਡੀ ਵਿਚ ਸਬਜ਼ੀ ਨਹੀਂ ਆ ਰਹੀ ਹੈ। ਮੰਗ ਜ਼ਿਆਦਾ ਹੋਣ ਅਤੇ ਆਮਦ ਘੱਟ ਹੋਣ ਕਾਰਨ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ ਅਤੇ ਦੁਕਾਨਦਾਰ ਮਨਮਰਜ਼ੀ ਦੇ ਭਾਅ ਵਸੂਲ ਰਹੇ ਹਨ। ਸਬਜ਼ੀਆਂ ਦੇ ਭਾਅ ਵਧਣ ਨਾਲ ਲੋਕਾਂ ਦੀ ਰਸੋਈ ਦਾ ਬਜਟ ਬਿਗੜਿਆ ਹੈ। ਹਾਲਾਤ ਇਹ ਹਨ ਕਿ ਲੋਕ ਮੰਡੀ ਵਿਚ ਸਬਜ਼ੀ ਲੈਣ ਤਾਂ ਜਾਂਦੇ ਹਨ ਪਰ ਇਹ ਸਮਝ ਵਿਚ ਨਹੀਂ ਆ ਰਿਹਾ ਕਿ ਸਬਜ਼ੀ ਕੀ ਲੈਣ ਤੇ ਕੀ ਨਹੀਂ। ਆਮ ਆਦਮੀ ਦੀ ਪ੍ਰੇਸ਼ਾਨੀ ਇਹ ਹੈ ਕਿ ਸਬਜ਼ੀਆਂ ਦੇ ਭਾਅ ਵੀ ਜ਼ਿਆਦਾ ਅਤੇ ਸਬਜ਼ੀਆਂ ਤਾਜ਼ੀਆਂ ਵੀ ਨਹੀਂ ਮਿਲ ਰਹੀਆਂ ਹਨ। ਇਸ ਸਮੇਂ ਮਹਿੰਗਾਈ ਦੀ ਸਭ ਤੋਂ ਵੱਡੀ ਵਜ੍ਹਾ ਵਰਖਾ ਨੂੰ ਮੰਨਿਆ ਜਾ ਰਿਹਾ ਹੈ, ਜਦ ਕਿ ਇਸ ਦੀ ਵੱਡੀ ਵਜ੍ਹਾ ਕਾਲਾਬਾਜ਼ਾਰੀ ਅਤੇ ਦੁਕਾਨਦਾਰਾਂ ਦੇ ਮਨਮਰਜ਼ੀ ਨਾਲ ਰੇਟ ਵਸੂਲਣਾ ਅਤੇ ਮੰਡੀ ਬੋਰਡ ਦੀ ਵੈੱਬਸਾਈਟ 'ਤੇ ਰੇਟਾਂ ਦੇ ਬਾਰੇ ਜਾਣਕਾਰੀ ਨਾ ਹੋਣਾ ਹੈ।
ਸਤੰਬਰ 'ਚ ਪਹਿਲੇ ਹਫਤੇ ਤੋਂ ਬਾਅਦ ਹੀ ਸਸਤੀਆਂ ਹੋਣਗੀਆਂ ਸਬਜ਼ੀਆਂ
ਦੁਕਾਨਦਾਰ ਭਗਤ ਨੇ ਦੱਸਿਆ ਕਿ ਪਹਾੜੀ ਖੇਤਰ ਵਿਚ ਲਗਾਤਾਰ ਲੈਂਡ ਸਲਾਈਡ ਅਤੇ ਵਰਖਾ ਕਾਰਨ ਰਸਤੇ ਬੰਦ ਹਨ। ਅਜਿਹੇ ਵਿਚ ਸਬਜ਼ੀਆਂ ਦੀ ਆਮਦ ਪ੍ਰਭਾਵਿਤ ਹੋ ਰਹੀ ਹੈ। ਵਰਖਾ ਰੁਕਣ ਦੇ ਨਾਲ ਹੀ ਸਬਜ਼ੀਆਂ ਇਕ ਵਾਰ ਫਿਰ ਸਸਤੀਆਂ ਹੋ ਜਾਣਗੀਆਂ। ਉਥੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਡੀਨ ਮੁਹੰਮਦ ਨੇ ਦੱਸਿਆ ਕਿ ਸਤੰਬਰ ਦੇ ਪਹਿਲੇ ਹਫਤੇ ਤੋਂ ਬਾਅਦ ਸਬਜ਼ੀਆਂ ਸਸਤੀਆਂ ਹੋਣ ਦੀ ਉਮੀਦ ਹੈ। ਇਥੇ ਲੋਕਲ ਸਬਜ਼ੀਆਂ ਵਿਚ ਅਜੇ ਪੌਦ ਲਾਈ ਜਾ ਰਹੀ ਹੈ, ਜਦ ਕਿ ਸਰਦੀਆਂ ਵਿਚ ਲਾਈਆਂ ਗਈਆਂ ਸਬਜ਼ੀਆਂ ਵਰਖਾ ਨਾਲ ਹੀ ਖਤਮ ਹੋ ਚੁੱਕੀਆਂ ਹਨ। ਅਜਿਹੇ ਵਿਚ ਮਹਿੰਗਾਈ ਵਧੀ ਹੈ। 

PunjabKesari
ਭੰਡਾਰਨ ਨਾ ਹੋਣ ਨਾਲ 12 ਹਜ਼ਾਰ ਕੁਇੰਟਲ ਸਬਜ਼ੀਆਂ ਸੜੀਆਂ
ਸੀਕਰ 'ਚ ਭੰਡਾਰਨ ਦੀ ਵਿਵਸਥਾ ਨਾ ਹੋਣ ਕਾਰਨ ਪਿਛਲੇ ਮਹੀਨੇ 12 ਹਜ਼ਾਰ ਕੁਇੰਟਲ ਸਬਜ਼ੀਆਂ ਸੜ ਗਈਆਂ। 
ਜੇਕਰ ਭੰਡਾਰਨ ਵਿਵਸਥਾ ਹੁੰਦੀ ਤਾਂ ਸੀਕਰ ਸ਼ਹਿਰ ਨੂੰ 40 ਦਿਨਾਂ ਤੱਕ ਆਸਾਨੀ ਨਾਲ ਸਸਤੀ ਸਬਜ਼ੀ ਮਿਲ ਜਾਂਦੀ। ਉਚਿਤ ਭੰਡਾਰਨ ਦੀ ਕਮੀ ਵਿਚ ਸਬਜ਼ੀਆਂ ਨਸ਼ਟ ਹੁੰਦੇ ਹੀ ਸਿਰਫ 10 ਦਿਨਾਂ ਵਿਚ ਹੀ ਸਬਜ਼ੀਆਂ ਦੇ ਥੋਕ ਅਤੇ ਪ੍ਰਚੂਨ ਭਾਅ 5 ਤੋਂ 7 ਗੁਣਾ ਤੱਕ ਵਧ ਗਏ। ਮਈ ਵਿਚ ਥੋਕ 'ਚ 10 ਰੁਪਏ ਕਿਲੋ ਮਿਲਣ ਵਾਲੀ ਸਬਜ਼ੀ ਹੁਣ 70 ਰੁਪਏ ਵਿਚ ਮਿਲ ਰਹੀ ਹੈ। 

ਕੈਮੀਕਲ ਵੀ ਬਣ ਰਹੇ ਹਨ ਮੁੱਖ ਕਾਰਨ
ਸਬਜ਼ੀਆਂ ਅਤੇ ਫਲਾਂ ਨੂੰ ਜਲਦੀ ਪਕਾਉਣ ਦੇ ਚੱਕਰ 'ਚ ਦੁਕਾਨਦਾਰ ਫਲਾਂ ਤੇ ਸਬਜ਼ੀਆਂ 'ਤੇ ਕੈਮੀਕਲ ਦੀ ਵਰਤੋਂ ਕਰ ਰਹੇ ਹਨ, ਜਿਸ ਕਾਰਨ ਕੈਮੀਕਲ ਯੁਕਤ ਸਬਜ਼ੀ ਅਤੇ ਫਲ ਜਲਦੀ ਖਰਾਬ ਹੋ ਜਾਂਦੇ ਹਨ। ਇਹ ਫਲ ਤੇ ਸਬਜ਼ੀਆਂ ਜਿਥੇ ਲੋਕਾਂ ਦੀਆਂ ਜੇਬਾਂ ਕੱਟ ਰਹੀਆਂ ਹਨ, ਉਥੇ ਉਨ੍ਹਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੀਆਂ ਹਨ। 
ਬੀਤੇ ਦਿਨ ਹੁਸ਼ਿਆਰਪੁਰ ਮੰਡੀ ਅਫਸਰ ਤੇਜਿੰਦਰ ਸਿੰਘ ਵੱਲੋਂ ਗੜ੍ਹਸ਼ੰਕਰ ਅਤੇ ਮਾਹਲਪੁਰ ਦੀਆਂ ਸਬਜ਼ੀ ਮੰਡੀਆਂ ਵਿਚ ਚੈਕਿੰਗ ਦੌਰਾਨ ਅੰਬ ਦੇ ਕਰੇਟ 'ਚੋਂ ਚਾਈਨੀਜ਼ ਕੈਲਸ਼ੀਅਮ ਕਾਰਬਾਈਡ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ। ਇਸ ਦੌਰਾਨ ਮੌਕੇ 'ਤੇ ਹੀ ਉਨ੍ਹਾਂ ਨੇ 180 ਕਿਲੋ ਅੰਬ ਅਤੇ 2 ਕੁਇੰਟਲ ਦੇ ਕਰੀਬ ਗੋਭੀ ਤੇ ਪੱਤਾ ਗੋਭੀ ਨਸ਼ਟ ਕਰਵਾਈ ਅਤੇ ਕੰਪਨੀ ਨੂੰ ਜੁਰਮਾਨਾ ਵੀ ਕੀਤਾ ਗਿਆ।


Related News