ਫਾਸਟੈਗ ਤੋਂ ਬਾਅਦ ਆ ਗਿਆ ਫਾਸਟਲੇਨ, ਹੁਣ ਪੈਟਰੋਲ ਪੰਪ ’ਤੇ ਭੁਗਤਾਨ ਕਰਨਾ ਹੋਵੇਗਾ ਆਸਾਨ

01/25/2020 6:48:42 PM

ਨਵੀਂ ਦਿੱਲੀ (ਇੰਟ.)-ਨੈਸ਼ਨਲ ਹਾਈਵੇ ’ਤੇ ਟੋਲ ਕੁਲੈਕਸ਼ਨ ਲਈ ਲਾਗੂ ਹੋਈ ਕੈਸ਼ਲੈੱਸ ਯੋਜਨਾ ਫਾਸਟੈਗ ਤੋਂ ਬਾਅਦ ਹੁਣ ਪੈਟਰੋਲ ਪੰਪ ’ਤੇ ਤੇਲ ਭਰਵਾਉਣ ਲਈ ਵੀ ਅਜਿਹੀ ਵਿਵਸਥਾ ਦੇਸ਼ ’ਚ ਸ਼ੁਰੂ ਹੋ ਗਈ ਹੈ। ਫਾਸਟਲੇਨ ਐਪ ਜ਼ਰੀਏ ਹੁਣ ਤੁਹਾਨੂੰ ਪੈਟਰੋਲ ਪੰਪ ’ਤੇ ਤੇਲ ਭਰਵਾਉਣ ਤੋਂ ਬਾਅਦ ਭੁਗਤਾਨ ਕਰਨ ਲਈ ਨਹੀਂ ਰੁਕਣਾ ਪਵੇਗਾ। ਸਾਰਾ ਭੁਗਤਾਨ ਸਿਰਫ ਐਪ ਜ਼ਰੀਏ ਹੋ ਜਾਵੇਗਾ। ਫਿਲਹਾਲ ਇਹ ਵਿਵਸਥਾ 120 ਪੈਟਰੋਲ ਪੰਪਾਂ ’ਤੇ ਸ਼ੁਰੂ ਹੋ ਗਈ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਗਲੇ 2 ਮਹੀਨੇ ’ਚ ਦੇਸ਼ ਦੇ 10 ਪ੍ਰਮੁੱਖ ਸ਼ਹਿਰਾਂ ਦੇ ਐੱਚ. ਪੀ. ਸੀ. ਐੱਲ. ਪੈਟਰੋਲ ਪੰਪਾਂ ’ਤੇ ਇਸ ਸਹੂਲਤ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਅਜੇ ਦੇਸ਼ ਦੇ 4 ਸ਼ਹਿਰਾਂ ’ਚ ਕੁਲ 90,000 ਲੋਕ ਇਸ ਸਹੂਲਤ ਦੀ ਵਰਤੋਂ ਕਰ ਰਹੇ ਹਨ। ਇਸ ਐਪ ’ਚ ਪੈਟਰੋਲ-ਡੀਜ਼ਲ ਦੀ ਕੀਮਤ ਵੀ ਰੀਅਲ ਟਾਈਮ ’ਚ ਰੋਜ਼ਾਨਾ ਅਪਡੇਟ ਹੋਵੇਗੀ।

ਇਨ੍ਹਾਂ ਸ਼ਹਿਰਾਂ ’ਚ ਸ਼ੁਰੂ ਹੋਈ ਵਿਵਸਥਾ
ਇਹ ਵਿਵਸਥਾ ਮੁੰਬਈ, ਨਵੀਂ ਮੁੰਬਈ, ਠਾਣੇ ਅਤੇ ਪੁਣੇ ਦੇ ਚੋਣਵੇਂ ਹਿੰਦੁਸਤਾਨ ਪੈਟਰੋਲੀਅਮ ਦੇ ਪੰਪਾਂ ’ਤੇ ਸ਼ੁਰੂ ਹੋਈ ਹੈ। ਮੁੰਬਈ ਸਥਿਤ ਸਟਾਰਟਅਪ ਕੰਪਨੀ ਏ. ਜੀ. ਐੱਸ. ਟਰਾਂਸੈਕਟ ਟੈਕਨਾਲੋਜੀ ਲਿਮਟਿਡ ਨੇ ਇਸ ਐਪ ਅਤੇ ਸਹੂਲਤ ਨੂੰ ਡਿਵੈੱਲਪ ਕੀਤਾ ਹੈ।

ਇਸ ਤਰ੍ਹਾਂ ਕਰੇਗਾ ਕੰਮ
ਹਰ ਇਕ ਫਾਸਟਲੇਨ ਯੂਜ਼ਰ ਨੂੰ ਐਪ ਡਾਊਨਲੋਡ ਕਰਨ ਤੋਂ ਬਾਅਦ ਇਕ ਆਰ. ਐੱਫ. ਆਈ. ਡੀ. ਟੈਗ/ਸਟਿੱਕਰ ਦਿੱਤਾ ਜਾਵੇਗਾ, ਜੋ ਐਪ ਨਾਲ ਲਿੰਕ ਹੋਵੇਗਾ। ਤੇਲ ਭਰਵਾਉਣ ਤੋਂ ਪਹਿਲਾਂ ਯੂਜ਼ਰ ਨੂੰ ਐਪ ’ਚ ਰਾਸ਼ੀ, ਤੇਲ ਦੀ ਕਿਸਮ ਦੇਣੀ ਪਵੇਗੀ। ਪੈਟਰੋਲ ਪੰਪ ’ਤੇ ਅਟੈਂਡੈਂਟ ਨੂੰ ਸਟਿੱਕਰ ਤੋਂ ਗੱਡੀ ਦਾ ਰਜਿਸਟਰਡ ਨੰਬਰ, ਤੇਲ ਦੀ ਕਿਸਮ ਅਤੇ ਬਿਲਿੰਗ ਬਾਰੇ ਜਾਣਕਾਰੀ ਮਿਲ ਜਾਵੇਗੀ। ਤੇਲ ਭਰਨ ਤੋਂ ਬਾਅਦ ਯੂਜ਼ਰ ਦੇ ਮੋਬਾਇਲ ’ਤੇ ਨੋਟੀਫਿਕੇਸ਼ਨ ਆਵੇਗਾ ਕਿ ਉਸ ਦਾ ਤੇਲ ਭਰ ਗਿਆ ਹੈ ਅਤੇ ਹੁਣ ਉਹ ਜਾ ਸਕਦਾ ਹੈ। ਇਹ ਸਾਰਾ ਭੁਗਤਾਨ ਪ੍ਰੀਪੇਡ ਹੋਵੇਗਾ।

ਆਰ. ਬੀ. ਆਈ. ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਫਾਸਟਲੇਨ ਜ਼ਰੀਏ ਪਾਰਕਿੰਗ ਅਤੇ ਪੈਟਰੋਲ-ਡੀਜ਼ਲ ਦੀ ਖਰੀਦਦਾਰੀ ਦਾ ਭੁਗਤਾਨ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਾਲ ਹੀ ਆਰ. ਬੀ. ਆਈ. ਨੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ ਸਾਰੇ ਕਾਰਡਸ, ਯੂ. ਪੀ. ਆਈ., ਨਾਨ ਬੈਂਕਿੰਗ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ ਨੂੰ ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਐੱਨ. ਈ. ਟੀ. ਸੀ.) ਨਾਲ ਜੋੜਿਆ ਜਾਵੇਗਾ। ਆਈ. ਡੀ. ਐੱਫ. ਸੀ. ਬੈਂਕ ਦੇਸ਼ ਦਾ ਪਹਿਲਾ ਅਜਿਹਾ ਸੰਸਥਾਨ ਹੈ, ਜਿਸ ਨੂੰ ਆਰ. ਬੀ. ਆਈ. ਵੱਲੋਂ ਪੈਟਰੋਲ ਪੰਪ ’ਤੇ ਫਾਸਟਲੇਨ ਜ਼ਰੀਏ ਤੇਲ ਭਰਵਾਉਣ ਦੀ ਮਨਜ਼ੂਰੀ ਮਿਲੀ ਹੈ।


Karan Kumar

Content Editor

Related News