5ਜੀ ਲਈ ਜਿਓ ਤਿਆਰ, ਗਾਹਕਾਂ ਦੀ ਹੋਵੇਗੀ ਮੌਜ!

03/17/2018 3:40:59 PM

ਨਵੀਂ ਦਿੱਲੀ— 4ਜੀ ਨਾਲ ਦੇਸ਼ 'ਚ ਦਿੱਗਜ ਦੂਰਸੰਚਾਰ ਕੰਪਨੀਆਂ ਨੂੰ ਝਟਕਾ ਦੇਣ ਵਾਲੀ ਰਿਲਾਇੰਸ ਜਿਓ ਹੁਣ 5ਜੀ ਤਕਨੀਕ ਲਈ ਵੀ ਤਿਆਰ ਹੈ। ਰਿਲਾਇੰਸ ਇੰਡਸਟਰੀਜ਼ ਦੇ ਪ੍ਰਮੁੱਖ ਮੁਕੇਸ਼ ਅੰਬਾਨੀ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਦੇਸ਼ ਭਰ 'ਚ 2ਜੀ ਨੈੱਟਵਰਕ ਤਿਆਰ ਕਰਨ 'ਚ ਭਾਰਤੀ ਦੂਰਸੰਚਾਰ ਇੰਡਸਟਰੀ ਨੂੰ 25 ਸਾਲ ਲੱਗ ਗਏ ਪਰ ਜਿਓ ਨੇ ਸਿਰਫ ਤਿੰਨ ਸਾਲਾਂ 'ਚ 4ਜੀ ਐੱਲ. ਟੀ. ਈ. ਨੈੱਟਵਰਕ ਤਿਆਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੰਪਨੀ ਹੁਣ 5ਜੀ ਤਕਨੀਕ ਲਈ ਵੀ ਤਿਆਰ ਹੈ। ਅੰਬਾਨੀ ਨੇ ਕਿਹਾ ਕਿ ਜਿਓ ਨੇ ਨਾ ਸਿਰਫ ਵਾਇਸ ਕਾਲਿੰਗ ਮੁਫਤ ਬਣਾ ਦਿੱਤੀ ਸਗੋਂ ਗਾਹਕਾਂ ਨੂੰ ਘੱਟ ਕੀਮਤ 'ਤੇ ਡਾਟਾ ਵੀ ਉਪਲੱਬਧ ਕਰਾਇਆ ਹੈ। ਲੰਡਨ 'ਚ ਰਿਲਾਇੰਸ ਇੰਡਸਟਰੀਜ਼ ਨੂੰ 'ਡਰਾਈਵਰਸ ਆਫ ਚੇਂਜ਼' ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਇੱਥੇ ਉਨ੍ਹਾਂ ਨੇ ਕਿਹਾ ਕਿ ਜਿਓ ਭਾਰਤੀ ਇਤਿਹਾਸ ਦਾ ਸਭ ਤੋਂ ਵੱਡਾ ਸਟਾਰਟਅਪ ਬਣਾਉਣ ਦੀ ਦਿਸ਼ਾ 'ਚ ਵਧ ਰਿਹਾ ਹੈ।

ਰਿਲਾਇੰਸ ਨੇ 2016 'ਚ ਜਿਓ ਨੂੰ ਸ਼ੁਰੂ ਕੀਤਾ ਅਤੇ ਇਸ ਕਾਰੋਬਾਰ 'ਤੇ 31 ਅਰਬ ਡਾਲਰ ਖਰਚ ਕੀਤੇ। ਉਨ੍ਹਾਂ ਨੇ ਭਾਰਤ 'ਚ ਪਹਿਲਾਂ ਤੋਂ ਮੋਬਾਇਲ ਸੇਵਾਵਾਂ ਦੇ ਰਹੀਆਂ ਕੰਪਨੀਆਂ ਨੂੰ ਫੋਨ ਕਾਲ ਅਤੇ ਮੋਬਾਇਲ ਇੰਟਰਨੈੱਟ ਸਸਤੇ ਕਰਨ 'ਤੇ ਮਜ਼ਬੂਰ ਕੀਤਾ। ਥੋੜ੍ਹੇ ਹੀ ਸਮੇਂ 'ਚ ਜਿਓ ਦੇਸ਼ ਦੀ ਚੌਥੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਬਣ ਕੇ ਉਭਰੀ। ਅੰਬਾਨੀ ਨੇ ਕਿਹਾ ਕਿ ਭਾਰਤ 2028 ਤਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਜਿਓ ਸਿਰਫ ਇਕੋ-ਇਕ ਦੂਰਸੰਚਾਰ ਕੰਪਨੀ ਹੈ ਜਿਸ ਨੇ ਪੂਰੀ ਤਰ੍ਹਾਂ ਐੱਲ. ਟੀ. ਈ. 4ਜੀ ਨੈੱਟਵਰਕ ਨਾਲ ਮੋਬਾਇਲ ਬਾਜ਼ਾਰ 'ਚ ਜ਼ਬਰਦਸਤ ਹਲਚਲ ਮਚਾ ਦਿੱਤੀ ਸੀ। ਹੁਣ ਕੰਪਨੀ 5ਜੀ ਨੈੱਟਵਰਕ ਲਈ ਵੀ ਤਿਆਰ ਦਿਸ ਰਹੀ ਹੈ, ਅਜਿਹੇ 'ਚ ਭਾਰਤੀ ਦੂਰਸੰਚਾਰ ਬਾਜ਼ਾਰ 'ਚ ਮੁਕਾਬਲਾ ਆਉਣ ਵਾਲੇ ਸਾਲਾਂ 'ਚ ਹੋਰ ਵੀ ਵਧਣ ਦੀ ਉਮੀਦ ਹੈ।


Related News