ਹੁਣ ਤੁਹਾਡੀ ਰਸੋਈ ''ਚ ਲੱਗੇਗਾ ਅਫਗਾਨੀ ਪਿਆਜ਼ ਦਾ ਤੜਕਾ, ਆਯਾਤ ਸ਼ੁਰੂ

09/26/2019 12:06:22 PM

ਅੰਮ੍ਰਿਤਸਰ—ਆਸਮਾਨ ਛੂ ਰਹੀ ਕੀਮਤ 'ਤੇ ਕਾਬੂ ਪਾਉਣ ਲਈ ਭਾਰਤ ਸਰਕਾਰ ਨੇ ਗੁਆਂਢੀ ਦੇਸ਼ ਅਫਗਾਨਿਸਤਾਨ ਤੋਂ ਪਿਆਜ਼ ਦਾ ਆਯਾਤ ਸ਼ੁਰੂ ਕਰ ਦਿੱਤਾ ਹੈ। ਪਿਛਲੇ ਤਿੰਨ ਦਿਨ ਤੋਂ ਅਫਗਾਨਿਸਤਾਨ ਤੋਂ ਪਿਆਜ਼ ਦੇ 10 ਟਰੱਕ ਅਟਾਰੀ ਸੀਮਾ 'ਤੇ ਸਥਿਤ ਇੰਟੀਗ੍ਰੇਟੇਡ ਚੈੱਕ ਪੋਸਟ (ਆਈ.ਸੀ.ਪੀ.) 'ਚ ਪਹੁੰਚੇ ਹਨ। ਮੰਗਲਵਾਰ ਨੂੰ ਅਫਗਾਨਿਸਤਾਨ ਤੋਂ 26 ਟਰੱਕ ਮਾਲ ਭਾਰਤ ਪਹੁੰਚਿਆ। ਇਸ 'ਚ 21 ਟਰੱਕ ਡਰਾਈ ਫਰੂਟ, ਰਤਨਜੋਤ ਦੇ ਦੋ ਮਿਲਾਨ ਸੀਡ ਦੇ ਦੋ ਅਤੇ ਦੋ ਟਰੱਕ ਪਿਆਜ਼ ਆਈ.ਸੀ.ਪੀ. 'ਚ ਪਹੁੰਚੇ ਸਨ। ਸੋਮਵਾਰ ਨੂੰ ਚਾਰ ਟਰੱਕ ਪਿਆਜ਼ ਦੇ ਅਫਗਾਨਿਸਤਾਨ ਤੋਂ ਭਾਰਤ ਆਏ ਸਨ। ਐਕਸਪੋਰਟਰ ਮਾਨਵ ਤਨੇਜਾ ਨੇ ਦੱਸਿਆ ਕਿ ਬੁੱਧਵਾਰ ਨੂੰ ਅਫਗਾਨਿਸਤਾਨ ਤੋਂ ਚਾਰ ਟਰੱਕ ਭਾਰਤ ਪਹੁੰਚੇ ਹਨ। ਅਫਗਾਨਿਸਤਾਨ ਤੋਂ ਆਉਣ ਵਾਲਾ ਪਿਆਜ਼ ਲਗਭਗ 15 ਰੁਪਏ ਕਿਲੋ ਦੇ ਹਿਸਾਬ ਨਾਲ ਮੰਗਵਾਇਆ ਜਾ ਰਿਹਾ ਹੈ। ਕੁਝ ਦਿਨਾਂ ਬਾਅਦ ਪਿਆਜ਼ ਦੀ ਆਮਦ ਦੀ ਰਫਤਾਰ ਵਧ ਜਾਵੇਗੀ। ਸਾਲ 2015 'ਚ ਵੀ ਜਦੋਂ ਪਿਆਜ਼ ਦੇ ਭਾਅ ਆਸਮਾਨ ਨੂੰ ਛੂਹ ਰਹੇ ਸਨ, ਉਦੋਂ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਵੀ ਪਿਆਜ਼ ਆਯਾਤ ਕੀਤਾ ਸੀ।
ਧਾਰਾ 370 ਹੱਟਣ ਦੇ ਬਾਅਦ ਪਾਕਿਸਤਾਨ-ਭਾਰਤ ਦੇ ਵਿਚਕਾਰ ਸਾਰੇ ਵਪਾਰਕ ਸੰਬੰਧ ਟੁੱਟ ਚੁੱਕੇ ਹਨ। ਇਸ ਲਈ ਭਾਰਤ ਨੇ ਅਫਗਾਨਿਸਤਾਨ ਤੋਂ ਪਿਆਜ਼ ਦਾ ਆਯਾਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਭਾਰਤਵਾਸੀ ਅਫਗਾਨਿਸਤਾਨ ਦਾ ਪਿਆਜ਼ ਆਪਣੀ ਰਸੋਈ 'ਚ ਵਰਤੋਂ ਕਰ ਚੁੱਕੇ ਹਨ। ਅਫਗਾਨਿਸਤਾਨ ਦਾ ਪਿਆਜ਼ ਵੱਡਾ ਅਤੇ ਮੋਟਾ ਹੁੰਦਾ ਹੈ। ਅਫਗਾਨੀ ਪਿਆਜ਼ ਅਤੇ ਭਾਰਤੀ ਪਿਆਜ਼ ਦੇ ਸੁਆਦ 'ਚ ਅੰਤਰ ਵੀ ਹੁੰਦਾ ਹੈ। ਦੇਸ਼ 'ਚ ਪਿਆਜ਼ ਦੀ ਫਸਲ ਹੜ੍ਹ 'ਚ ਵਹਿ ਜਾਣ ਦੇ ਬਾਅਦ ਕਮੀ ਆ ਗਈ ਹੈ। ਹੁਣ ਭਾਰਤੀ ਰਸੋਈ 'ਚ ਅਫਗਾਨੀ ਪਿਆਜ਼ ਦਾ ਤੜਕਾ ਮਿਲੇਗਾ।


Related News